ਕੀ ਹੈ ਮੂਡੀਜ਼ ਰੇਟਿੰਗ, ਆਮ ਲੋਕਾਂ ਨੂੰ ਕੀ ਹੋਵੇਗਾ ਫਾਇਦਾ? ਜਾਣੋ

11/18/2017 3:40:27 PM

ਨਵੀਂ ਦਿੱਲੀ— ਮੂਡੀਜ਼ ਵੱਲੋਂ ਭਾਰਤ ਦੀ ਰੇਟਿੰਗ 'ਚ ਵਾਧਾ ਕਰਨ ਨਾਲ ਸਰਕਾਰ ਅਤੇ ਸ਼ੇਅਰ ਬਾਜ਼ਾਰ 'ਚ ਖੁਸ਼ੀ ਦਾ ਮਾਹੌਲ ਹੈ। ਖਾਸ ਗੱਲ ਹੈ ਕਿ ਮੂਡੀਜ਼ ਨੇ 13 ਸਾਲ ਬਾਅਦ ਭਾਰਤ ਦੀ ਰੇਟਿੰਗ 'ਬੀਏਏ-2' ਕੀਤੀ ਹੈ। ਬੀਏਏ-2 ਰੇਟਿੰਗ ਦਾ ਮਤਲਬ ਹੈ ਕਿ ਇੱਥੇ ਨਿਵੇਸ਼ ਕਰਨ 'ਤੇ ਖਤਰਾ ਘੱਟ ਹੈ, ਯਾਨੀ ਇਸ ਰੇਟਿੰਗ 'ਚ ਸੁਧਾਰ ਨਾਲ ਭਾਰਤ 'ਚ ਹੁਣ ਵਿਦੇਸ਼ੀ ਨਿਵੇਸ਼ ਹੋਰ ਵਧੇਗਾ। ਹਾਲਾਂਕਿ ਇਹ ਰੇਟਿੰਗ ਉੱਚ ਰੈਕਿੰਗ ਨਹੀਂ ਹੈ। ਮੂਡੀਜ਼ ਨੇ 1988 'ਚ ਭਾਰਤ ਨੂੰ 'ਏ-2' ਰੇਟਿੰਗ ਦਿੱਤੀ ਸੀ, ਜੋ ਹੁਣ ਦੀ ਰੇਟਿੰਗ ਤੋਂ 3 ਰੈਂਕਿੰਗ ਉਪਰ ਸੀ। ਉਸ ਵਕਤ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ। 28 ਜਨਵਰੀ 1988 ਤੋਂ 3 ਅਕਤੂਬਰ 1990 ਤਕ ਭਾਰਤ ਦੀ ਰੇਟਿੰਗ ਏ-2 ਰਹੀ, ਜੋ ਹੁਣ ਤਕ ਦੀ ਸਭ ਤੋਂ ਵੱਧ ਨਿਵੇਸ਼ ਗ੍ਰੇਡ ਰੇਟਿੰਗ ਹੈ ਪਰ 4 ਅਕਤੂਬਰ 1990 'ਚ ਇਹ ਰੇਟਿੰਗ ਘੱਟ ਕੇ ਬੀਏਏ-1 'ਤੇ ਆ ਗਈ। 26 ਮਾਰਚ 1991 ਨੂੰ ਨਿਵੇਸ਼ ਦੇ ਲਿਹਾਜ ਨਾਲ ਭਾਰਤ ਦੀ ਰੇਟਿੰਗ 2 ਸਥਾਨ ਹੇਠਾਂ ਸਿੱਧੇ ਬੀਏਏ-3 ਕਰ ਦਿੱਤੀ ਗਈ। 
ਉੱਥੇ ਹੀ ਪੋਖਰਨ 'ਚ ਕੀਤੇ ਗਏ ਪ੍ਰਮਾਣੂ ਪ੍ਰੀਖਣ ਤੋਂ ਬਾਅਦ ਭਾਰਤ ਨੂੰ 1998 'ਚ ਨਾਨ-ਇਨਵੈਸਟਮੈਂਟ ਜਾਂ ਜੰਕ ਸ਼੍ਰੇਣੀ 'ਚ ਪਾ ਦਿੱਤਾ ਗਿਆ ਅਤੇ ਇਸ ਸ਼੍ਰੇਣੀ 'ਚ ਭਾਰਤ 22 ਜਨਵਰੀ 2004 ਤਕ ਰਿਹਾ ਅਤੇ ਫਿਰ ਰੇਟਿੰਗ ਵਧਾ ਕੇ ਬੀਏਏ-3 ਕੀਤੀ ਗਈ। ਉਸ ਤੋਂ ਬਾਅਦ ਮੂਡੀਜ਼ ਨੇ ਹੁਣ 13 ਸਾਲ ਬਾਅਦ ਜਾ ਕੇ ਭਾਰਤ ਦੀ ਰੇਟਿੰਗ 'ਚ ਸੁਧਾਰ ਕਰਕੇ ਇਸ ਨੂੰ ਬੀਏਏ-2 ਕੀਤਾ ਹੈ। ਇਸ ਦਾ ਕਾਰਨ ਹੈ ਕਿ ਮੋਦੀ ਸਰਕਾਰ ਵੱਲੋਂ ਹਾਲ ਹੀ 'ਚ ਕੀਤੇ ਗਏ ਆਰਥਿਕ ਸੁਧਾਰਾਂ 'ਤੇ ਮੂਡੀਜ਼ ਨੇ ਭਰੋਸਾ ਜਤਾਇਆ ਹੈ। ਉਸ ਨੇ ਉਮੀਦ ਜਤਾਈ ਹੈ ਕਿ ਉਭਰਦੇ ਬਾਜ਼ਾਰਾਂ 'ਚ ਭਾਰਤ ਸਭ ਤੋਂ ਵਧ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਬਣੇਗਾ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਬੀਏਏ-2 ਰੇਟਿੰਗ ਕੀਤੇ ਜਾਣ ਨਾਲ ਭਾਰਤ ਅਤੇ ਆਮ ਲੋਕਾਂ 'ਤੇ ਕੀ ਅਸਰ ਹੋਵੇਗਾ। ਆਓ ਜਾਣਦੇ ਹਾਂ ਇਸ ਬਾਰੇ—
ਮੂਡੀਜ਼ ਦੁਨੀਆ ਦੀਆਂ ਤਿੰਨ ਵੱਡੀਆਂ ਕ੍ਰੈਡਿਟ ਰੇਟਿੰਗ ਏਜੰਸੀਆਂ 'ਚੋਂ ਇਕ ਹੈ। ਦੋ ਹੋਰ ਏਜੰਸੀਆਂ 'ਚ ਫਿਚ ਅਤੇ ਸਟੈਂਡਰਡ ਆਫ ਪੂਅਰਜ਼ ਸ਼ਾਮਲ ਹਨ। ਇਨ੍ਹਾਂ ਦੀ ਰੇਟਿੰਗ ਦੇ ਆਧਾਰ 'ਤੇ ਇਹ ਤੈਅ ਹੁੰਦਾ ਹੈ ਕਿ ਅਜਿਹੇ ਦੇਸ਼ 'ਚ ਨਿਵੇਸ਼ ਕਰਨਾ ਕਿੰਨਾ ਸੁਰੱਖਿਅਤ ਹੈ। ਮੂਡੀਜ਼ 'ਏਏਏ' ਤੋਂ ਲੈ ਕੇ 'ਸੀ' ਤਕ ਦੀ ਰੇਟਿੰਗ ਜਾਰੀ ਕਰਦੀ ਹੈ, ਜਿਨ੍ਹਾਂ ਦੀਆਂ ਅੱਗੇ ਛੋਟੀਆਂ ਸ਼੍ਰੇਣੀਆਂ ਵੀ ਹਨ। 'ਏਏਏ' ਸਭ ਤੋਂ ਬਿਹਤਰ ਅਤੇ 'ਸੀ' ਸਭ ਤੋਂ ਖਰਾਬ ਰੇਟਿੰਗ ਹੈ।
ਸਰਕਾਰ ਅਤੇ ਆਮ ਲੋਕਾਂ ਨੂੰ ਕੀ ਹੋਵੇਗਾ ਫਾਇਦਾ? ਰੇਟਿੰਗ 'ਚ ਸੁਧਾਰ ਹੋਣ ਨਾਲ ਭਾਰਤ 'ਚ ਨਿਵੇਸ਼ ਵਧੇਗਾ, ਨਿਵੇਸ਼ ਵਧੇਗਾ ਤਾਂ ਵਿਕਾਸ ਦਰ ਵਧੇਗੀ, ਜਿਸ ਨਾਲ ਮਹਿੰਗਾਈ ਦਾ ਡਰ ਘੱਟ ਹੋਵੇਗਾ। ਮਹਿੰਗਾਈ ਘਟਣ ਦਾ ਫਾਇਦਾ ਆਮ ਜਨਤਾ ਨੂੰ ਮਿਲੇਗਾ। ਉੱਥੇ ਹੀ, ਭਾਰਤੀ ਕੰਪਨੀਆਂ ਲਈ ਵਿਦੇਸ਼ ਤੋਂ ਪੈਸ ਜੁਟਾਉਣਾ ਆਸਾਨ ਹੋ ਜਾਵੇਗਾ। ਉਨ੍ਹਾਂ ਨੂੰ ਘੱਟ ਵਿਆਜ 'ਤੇ ਕਰਜ਼ਾ ਮਿਲੇਗਾ। ਨਿਵੇਸ਼ਕ ਨਿਵੇਸ਼ ਕਰਨ 'ਚ ਸੁਰੱਖਿਅਤ ਮਹਿਸੂਸ ਕਰਨਗੇ। ਮੂਡੀਜ਼ ਤੋਂ ਬਾਅਦ ਹੋਰ ਰੇਟਿੰਗ ਏਜੰਸੀਆਂ ਵੀ ਭਾਰਤ ਦੀ ਰੇਟਿੰਗ ਵਧਾ ਸਕਦੀਆਂ ਹਨ, ਜਿਸ ਨਾਲ ਭਾਰਤ 'ਚ ਨਿਵੇਸ਼ ਦਾ ਮਾਹੌਲ ਹੋਰ ਬਿਹਤਰ ਬਣ ਸਕਦਾ ਹੈ। ਦੇਸ਼ 'ਚ ਆਰਥਿਕ ਮਾਹੌਲ ਬਿਹਤਰ ਹੋਣ ਅਤੇ ਵਿਦੇਸ਼ੀ ਨਿਵੇਸ਼ ਵਧਣ ਨਾਲ ਰੁਪਿਆ ਵੀ ਮਜ਼ਬੂਤ ਹੋਵੇਗਾ। ਰੁਪਿਆ ਮਜ਼ਬੂਤ ਹੋਣ ਨਾਲ ਵਿਦੇਸ਼ ਜਾਣਾ ਅਤੇ ਉਥੋਂ ਸਾਮਾਨ ਮੰਗਾਉਣਾ ਸਸਤਾ ਪਵੇਗਾ। ਦੇਸ਼ 'ਚ ਸਰਕਾਰ ਵੱਲੋਂ ਆਰਥਿਕ ਮੋਰਚੇ 'ਤੇ ਬੈਂਕਾਂ ਨੂੰ ਮਜ਼ਬੂਤ ਕਰਨ ਵਰਗੇ ਕਦਮਾਂ ਨਾਲ ਕਰਜ਼ਾ ਵੀ ਸਸਤਾ ਹੋ ਸਕਦਾ ਹੈ।


Related News