ਵਾਲਮਾਰਟ ਨੇ ਭਾਰਤ ਸਮੇਤ ਕਈ ਦੇਸ਼ਾਂ 'ਚ ਦਿੱਤੀ ਸੀ ਰਿਸ਼ਵਤ, ਭਰਨਾ ਪਵੇਗਾ 2 ਹਜ਼ਾਰ ਕਰੋੜ ਦਾ ਜੁਰਮਾਨਾ
Friday, Jun 21, 2019 - 05:05 PM (IST)

ਨਵੀਂ ਦਿੱਲੀ — ਦਿੱਗਜ ਈ-ਕਾਮਰਸ ਕੰਪਨੀ ਵਾਲਮਾਰਟ 'ਤੇ ਅਮਰੀਕਾ ਵਲੋਂ ਲਾਗੂ ਭ੍ਰਿਸ਼ਟਾਚਾਰ-ਵਿਰੋਧੀ ਨਿਯਮਾਂ ਦਾ ਉਲੰਘਣ ਕਰਨ 'ਤੇ ਹੁਣ 1964 ਕਰੋੜ ਰੁਪਏ(28.2 ਕਰੋੜ ਡਾਲਰ) ਦਾ ਜੁਰਮਾਨਾ ਲੱਗਾ ਹੈ। ਇਹ ਜੁਰਮਾਨਾ ਕੰਪਨੀ ਇਸ ਮਾਮਲੇ ਦਾ ਨਿਪਟਾਰਾ ਕਰਨ ਲਈ ਦੇਵੇਗੀ। ਕੰਪਨੀ 'ਤੇ ਅਮਰੀਕੀ ਸਕਿਓਰਿਟੀਜ਼ ਬੋਰਡ ਨੇ ਇਹ ਜੁਰਮਾਨਾ ਲਗਾਇਆ ਹੈ। ਕੰਪਨੀ 'ਤੇ 7 ਸਾਲ ਪਹਿਲਾਂ ਇਹ ਦੋਸ਼ ਲੱਗਾ ਸੀ ਕਿ ਉਹ ਵਿਦੇਸ਼ਾਂ ਵਿਚ ਕਾਰੋਬਾਰ ਸ਼ੁਰੂ ਕਰਨ ਲਈ ਅਧਿਕਾਰੀਆਂ ਨੂੰ ਰਿਸ਼ਵਤ ਦਿੰਦੀ ਹੈ।
ਇਨ੍ਹਾਂ ਦੇਸ਼ਾਂ ਵਿਚ ਦਿੱਤੀ ਰਿਸ਼ਵਤ
ਵਾਲਮਾਰਟ 'ਤੇ ਭਾਰਤ, ਚੀਨ, ਮੈਕਸੀਕੋ ਅਤੇ ਬ੍ਰਾਜ਼ੀਲ ਵਿਚ ਕਾਰੋਬਾਰ ਚਲਾਉਣ ਲਈ ਅਮਰੀਕਾ ਦੇ ਭ੍ਰਿਸ਼ਟਾਚਾਰ-ਵਿਰੋਧੀ ਨਿਯਮਾਂ ਦਾ ਉਲੰਘਣ ਕਰਕੇ ਉਥੋਂ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦਾ ਦੋਸ਼ ਲੱਗਾ ਹੈ। ਅਮਰੀਕੀ ਸਕਿਓਰਿਟੀਜ਼ ਅਤੇ ਐਕਸਚੇਂਜ ਕਮਿਸ਼ਨ(SEC) ਮੁਤਾਬਕ ਨਿਯਮਾਂ ਦਾ ਉਲੰਘਣ ਵਾਲਮਾਰਟ ਦੇ ਵਿਚੌਲੀਆਂ ਨੇ ਕੀਤਾ ਹੈ। ਵਿਚੌਲੀਆਂ ਨੇ ਬਿਨਾਂ ਉਚਿਤ ਮਨਜ਼ੂਰੀ ਦੇ ਦੂਜੇ ਦੇਸ਼ਾਂ ਦੇ ਸਰਕਾਰੀ ਅਧਿਕਾਰੀਆਂ ਨੂੰ ਭੁਗਤਾਨ ਕੀਤਾ। ਕਾਨੂੰਨ ਦੇ ਤਹਿਤ ਵਿਦੇਸ਼ੀ ਭ੍ਰਿਸ਼ਟ ਵਿਵਹਾਰ ਕਾਨੂੰਨ(FCPA) ਦੇ ਤਹਿਤ ਮਨਜ਼ੂਰੀ ਲੈਣਾ ਜ਼ਰੂਰੀ ਹੁੰਦਾ ਹੈ।
10 ਸਾਲ ਤੋਂ ਹੋ ਰਹੀ ਅਸਫਲ
ਸਕਿਓਰਿਟੀ ਕਮਿਸ਼ਨ ਨੇ ਵਾਲਮਾਰਟ 'ਤੇ FCPA ਦੇ ਨਿਯਮਾਂ ਦਾ ਉਲੰਘਣ ਕਰਨ ਦਾ ਮਾਮਲਾ ਦਰਜ ਕੀਤਾ ਹੈ। ਕੰਪਨੀ 10 ਸਾਲ ਤੋਂ ਜ਼ਿਆਦਾ ਸਮੇਂ ਤੱਕ ਭ੍ਰਿਸ਼ਟਾਚਾਰ ਵਿਰੋਧੀ ਪਾਲਣ ਪ੍ਰੋਗਰਾਮ ਚਲਾਉਣ 'ਚ ਅਸਫਲ ਰਹੀ। ਇਸ ਦੌਰਾਨ ਕੰਪਨੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਤੇਜ਼ੀ ਨਾਲ ਵਿਸਥਾਰ ਕੀਤਾ।
ਕਮਿਸ਼ਨ ਨੇ ਦੱਸਿਆ ਕਿ ਵਾਲਮਾਰਟ ਐਸ.ਈ.ਸੀ. ਦੇ ਮਾਮਲੇ ਦਾ ਨਿਪਟਾਰਾ ਕਰਨ ਲਈ 14.4 ਕਰੋੜ ਡਾਲਰ ਅਤੇ ਅਪਰਾਧਿਕ ਮੁਕੱਦਮਿਆਂ ਨੂੰ ਖਤਮ ਕਰਨ ਲਈ ਕਰੀਬ 13.8 ਕਰੋੜ ਡਾਲਰ ਦੇਣ ਲਈ ਤਿਆਰ ਹੈ। ਇਸ ਤਰ੍ਹਾਂ ਕੁੱਲ ਰਕਮ 28.2 ਕਰੋੜ ਡਾਲਰ ਬਣਦੀ ਹੈ। ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਦੇ ਇਨਫੋਰਸਮੈਂਟ ਵਿਭਾਗ ਦੇ ਐਫਪੀਪੀਏ ਯੂਨਿਟ ਦੇ ਮੁਖੀ ਚਾਰਲਸ ਕੈਨ ਨੇ ਕਿਹਾ,'ਵਾਲਮਾਰਟ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਾਰੋਬਾਰ ਦੇ ਵਾਧੇ ਅਤੇ ਖਰਚਿਆਂ ਦੀ ਕਮੀ ਨੂੰ ਨਿਯਮਾਂ ਤੋਂ ਜ਼ਿਆਦਾ ਮਹੱਤਵ ਦਿੱਤਾ।'