ਵੋਡਾਫੋਨ-ਆਈਡੀਆ ਨੂੰ ਹੋਇਆ 50,921 ਕਰੋਡ਼ ਰੁਪਏ ਦਾ ਘਾਟਾ

11/14/2019 11:50:27 PM

ਨਵੀਂ ਦਿੱਲੀ (ਏਜੰਸੀਆਂ)-ਐਡਜਸਟਿਡ ਗ੍ਰਾਸ ਰੈਵੇਨਿਊ (ਏ. ਜੀ. ਆਰ.) ਦੀ ਵਜ੍ਹਾ ਨਾਲ ਵੋਡਾਫੋਨ-ਆਈਡੀਆ ਨੂੰ ਦੂਜੀ ਤਿਮਾਹੀ ’ਚ 50,921 ਕਰੋਡ਼ ਰੁਪਏ ਦਾ ਘਾਟਾ ਹੋਇਆ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਦੀ ਦੂਜੀ ਤਿਮਾਹੀ ’ਚ ਕੰਪਨੀ ਨੂੰ 4947 ਕਰੋਡ਼ ਰੁਪਏ ਦਾ ਘਾਟਾ ਹੋਇਆ ਸੀ।

ਆਦਿੱਤਿਆ ਬਿਰਲਾ ਸਮੂਹ ਨੇ ਕਿਹਾ ਹੈ ਕਿ ਜੇਕਰ ਸਰਕਾਰ ਏ. ਜੀ. ਆਰ. ਨੂੰ ਲੈ ਕੇ 39,000 ਕਰੋਡ਼ ਰੁਪਏ ਤੋਂ ਜ਼ਿਆਦਾ ਦੀ ਦੇਣਦਾਰੀ ’ਤੇ ਵੱਡੀ ਰਾਹਤ ਨਹੀਂ ਦਿੰਦੀ ਤਾਂ ਉਹ ਕੰਪਨੀ ’ਚ ਹੋਰ ਨਿਵੇਸ਼ ਨਹੀਂ ਕਰੇਗੀ। ਅਜਿਹੇ ’ਚ ਵੋਡਾਫੋਨ-ਆਈਡੀਆ ਦੀਵਾਲੀਆ ਹੋ ਜਾਵੇਗੀ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਏ. ਜੀ. ਆਰ. ’ਤੇ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ। ਉਸ ਤੋਂ ਬਾਅਦ ਪਹਿਲੀ ਵਾਰ ਆਦਿੱਤਿਆ ਬਿਰਲਾ ਸਮੂਹ ਦੇ ਅਧਿਕਾਰੀਆਂ ਨੇ ਕੰਪਨੀ ਨੂੰ ਦੀਵਾਲੀਆ ਐਲਾਨਣ ਦੇ ਬਦਲ ’ਤੇ ਜਨਤਕ ਬਿਆਨ ਦਿੱਤਾ ਹੈ।

ਵੋਡਾਫੋਨ ਦੇ ਸੀ. ਈ. ਓ. ਨਾਲ ਸਮੂਹ ਸਹਿਮਤ

ਸਮੂਹ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਵੋਡਾਫੋਨ ਸਮੂਹ ਦੇ ਸੀ. ਈ. ਓ. ਨਿਕ ਰੀਡ ਦੇ ਬਿਆਨ ਨਾਲ ਸਹਿਮਤ ਹਨ। ਵੋਡਾਫੋਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨਿਕ ਰੀਡ ਨੇ ਕਿਹਾ ਸੀ ਕਿ ਭਾਰਤ ਲੰਬੇ ਸਮੇਂ ਤੋਂ ਬੇਹੱਦ ਚੁਣੌਤੀ ਭਰਪੂਰ ਬਣਿਆ ਹੋਇਆ ਹੈ ਪਰ ਵੋਡਾਫੋਨ-ਆਈਡੀਆ ਕੋਲ ਅਜੇ ਵੀ 30 ਕਰੋਡ਼ ਗਾਹਕ ਹਨ, ਜੋ ਬਾਜ਼ਾਰ ਦੇ ਆਕਾਰ ਦੇ ਹਿਸਾਬ ਨਾਲ 30 ਫ਼ੀਸਦੀ ਹੈ। ਉਨ੍ਹਾਂ ਕਿਹਾ ਕਿ ਉਲਟੇ ਨਿਯਮਾਂ, ਬਹੁਤ ਜ਼ਿਆਦਾ ਟੈਕਸਾਂ ਅਤੇ ਉਸ ਤੋਂ ਵੀ ਜ਼ਿਆਦਾ ਸੁਪਰੀਮ ਕੋਰਟ ਦੇ ਨਾਂਹ-ਪੱਖੀ ਫੈਸਲੇ ਕਾਰਣ ਕੰਪਨੀ ’ਤੇ ਭਾਰੀ ਵਿੱਤੀ ਬੋਝ ਹੈ।


Karan Kumar

Content Editor

Related News