ਵੋਡਾਫੋਨ-ਆਈਡੀਆ ਦੀ ਕਮਜ਼ੋਰੀ ਦਾ ਫਾਇਦਾ ਮਿਲ ਰਿਹੈ ਏਅਰਟੈੱਲ ਅਤੇ ਜੀਓ ਨੂੰ
Saturday, Apr 04, 2020 - 01:56 AM (IST)
ਨਵੀਂ ਦਿੱਲੀ (ਭਾਸ਼ਾ)-ਵੋਡਾਫੋਨ-ਆਈਡੀਆ ਦੀ ਖਰਾਬ ਹੁੰਦੀ ਵਿੱਤੀ ਸਿਹਤ ਦਾ ਫਾਇਦਾ ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜੀਓ ਨੂੰ ਮਿਲ ਰਿਹਾ ਹੈ। ਐਕਸਿਸ ਕੈਪੀਟਲ ਨੇ ਇਕ ਨੋਟ ’ਚ ਕਿਹਾ ਕਿ ਵੋਡਾਫੋਨ-ਆਈਡੀਆ ਦੀ ਖਰਾਬ ਵਿੱਤੀ ਹਾਲਤ ਕਾਰਣ ਏਅਰਟੈੱਲ ਅਤੇ ਜੀਓ ਦੀ ਬਾਜ਼ਾਰ ਹਿੱਸੇਦਾਰੀ ਵਧ ਰਹੀ ਹੈ।
ਨੋਟ ’ਚ ਕਿਹਾ ਗਿਆ ਹੈ ਕਿ ਐਡਜਸਟਿਡ ਗ੍ਰਾਸ ਰੈਵੇਨਿਊ (ਏ. ਜੀ. ਆਰ.) ਦੇ ਬਕਾਏ ਦੇ ਮਾਮਲੇ ’ਚ ਸੁਪਰੀਮ ਕੋਰਟ ਦੇ ਫੈਸਲੇ ਨਾਲ ਵੋਡਾਫੋਨ-ਆਈਡੀਆ ਦੀ ਵਿੱਤੀ ਸਿਹਤ ਹੋਰ ਖਰਾਬ ਹੋ ਸਕਦੀ ਹੈ। ਐਕਸਿਸ ਕੈਪੀਟਲ ਨੇ ਕਿਹਾ ਕਿ ਉਸ ਨੇ ਮੋਬਾਇਲ ਆਪ੍ਰੇਟਰਾਂ ਦੇ ਮਾਲੀਆ ਦੇ ਅੰਦਾਜ਼ੇ ਨੂੰ ਹੋਰ ਘੱਟ ਕਰ ਦਿੱਤਾ ਹੈ। ਇਸ ਦਾ ਕਾਰਣ ਇਹ ਹੈ ਕਿ ਆਪ੍ਰੇਟਰਾਂ ਦੇ ਗਾਹਕਾਂ ਦੀ ਗਿਣਤੀ ਰੁਕੀ ਹੋਈ ਹੈ। ਇਸ ਤੋਂ ਇਲਾਵਾ ਰਾਸ਼ਟਰ ਵਿਆਪੀ ਬੰਦੀ ਕਾਰਣ 2ਜੀ-3ਜੀ ਕੁਨੈਕਸ਼ਨ ਵਾਲੇ ਬਹੁਤ ਘੱਟ ਪੁਰਾਣੇ ਗਾਹਕ 4ਜੀ ਸਿਮ ਲੈ ਰਹੇ ਹਨ। ਨੋਟ ’ਚ ਕਿਹਾ ਗਿਆ ਹੈ ਕਿ ਜੇਕਰ ਇਹ ਪਾਬੰਦੀ ਕੁਝ ਹੋਰ ਅੱਗੇ ਵਧਦੀ ਹੈ ਤਾਂ ਇਸ ਨਾਲ ਆਪ੍ਰੇਟਰਾਂ ਦੇ ਮਾਲੀਆ ਦੇ ਵਾਧੇ ’ਤੇ ਵੀ ਥੋੜ੍ਹਾ ਅਸਰ ਪਵੇਗਾ।