ਵਿਸਤਾਰਾ ਦੇ ਪਹਿਲੇ ਡ੍ਰੀਮਲਾਈਨਰ ਜਹਾਜ਼ ਨੇ ਆਪਣੀ ਪਹਿਲੀ ਵਪਾਰਕ ਉਡਾਣ ਭਰੀ
Thursday, May 28, 2020 - 02:36 PM (IST)
ਨਵੀਂ ਦਿੱਲੀ (ਵਾਰਤਾ) : ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ 787-9 ਡ੍ਰੀਮਲਾਈਨਰ ਜਹਾਜ਼ ਨੇ ਵੀਰਵਾਰ ਨੂੰ ਦੇਸ਼ ਵਿਚ ਪਹਿਲੀ ਵਪਾਰਕ ਉਡਾਣ ਭਰੀ। ਟਾਟਾ ਸਮੂਹ ਅਤੇ ਸਿੰਗਾਪੁਰ ਏਅਰਲਾਈਨਜ਼ ਦੀ ਸੰਯੁਕਤ ਉਦਮ ਵਾਲੀ ਜਹਾਜ਼ ਸੇਵਾ ਕੰਪਨੀ ਵਿਸਤਾਰਾ ਨੇ ਦਿੱਲੀ-ਕੋਲਕਾਤਾ ਮਾਰਗ 'ਤੇ ਇਸ ਜਹਾਜ਼ ਦਾ ਸੰਚਾਲਨ ਸ਼ੁਰੂ ਕੀਤਾ ਹੈ। ਇਹ ਜਹਾਜ਼ ਮਾਰਚ ਦੇ ਪਹਿਲੇ ਹਫ਼ਤੇ ਵਿਚ ਕੰਪਨੀ ਦੇ ਬੇੜੇ ਵਿਚ ਸ਼ਾਮਿਲ ਹੋਇਆ ਸੀ।
ਏਅਰਲਾਈਨ ਨੇ ਦੱਸਿਆ ਕਿ 2 ਮਹੀਨੇ ਤੋਂ ਜ਼ਿਆਦਾ ਦੇ ਅੰਤਰਾਲ ਤੋਂ ਬਾਅਦ ਪੱਛਮੀ ਬੰਗਾਲ ਵਿਚ ਜਹਾਜ਼ ਸੇਵਾ ਦੀ ਮੁੜ ਤੋਂ ਸ਼ੁਰੂਆਤ ਦੇ ਪਹਿਲੇ ਹੀ ਦਿਨ ਡ੍ਰੀਮਲਾਈਨਰ ਭਾਰਤ ਵਿਚ ਆਪਣੀ ਪਹਿਲੀ ਵਪਾਰਕ ਉਡਾਣ 'ਤੇ ਰਵਾਨਾ ਹੋਇਆ। ਇਸ ਮਾਰਗ 'ਤੇ ਯਾਤਰੀਆਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਇਸ ਜਹਾਜ਼ ਦਾ ਸੰਚਾਲਨ ਕੀਤਾ ਗਿਆ। ਉਡਾਣ ਸੰਖਿਆ ਯੂ.ਕੇ.-705 ਸਵੇਰੇ 7.05 ਵਜੇ ਦਿੱਲੀ ਤੋਂ ਰਵਾਨਾ ਹੋਈ ਅਤੇ 8.55 ਵਜੇ ਕੋਲਕਾਤਾ ਹਵਾਈ ਅੱਡੇ 'ਤੇ ਉਤਰੀ। ਸ਼ੁੱਕਰਵਾਰ ਨੂੰ ਵੀ ਇਸ ਮਾਰਗ 'ਤੇ ਡ੍ਰੀਮਲਾਈਨਰ ਦਾ ਸੰਚਾਲਨ ਕੀਤਾ ਜਾਵੇਗਾ। ਵਿਸਤਾਰਾ ਦੇ ਮੁੱਖ ਵਪਾਰਕ ਅਧਿਕਾਰੀ ਵਿਨੋਦ ਕੰਨਨ ਨੇ ਕਿਹਾ ਕਿ ਇਸ ਮਾਰਗ 'ਤੇ ਯਾਤਰੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਸੀ। ਇਸ ਕਾਰਨ ਇਸ ਮਾਰਗ 'ਤੇ 28 ਅਤੇ 29 ਮਈ ਨੂੰ ਡ੍ਰੀਮਲਾਈਨਰ ਦਾ ਸੰਚਾਲਨ ਕਰਨ ਦਾ ਸਾਨੂੰ ਮੌਕਾ ਮਿਲਿਆ ਹੈ।