ਗੱਡੀ ਦਾ ਵਾਰ-ਵਾਰ ਚਾਲਾਨ ਹੋਣ ''ਤੇ ਇੰਸ਼ੋਰੈਂਸ ਪੈ ਜਾਵੇਗੀ ਜੇਬ ''ਤੇ ਭਾਰੀ

02/08/2020 3:48:11 PM

ਨਵੀਂ ਦਿੱਲੀ— ਤੁਹਾਡੀ ਗੱਡੀ ਦਾ ਚਾਲਾਨ ਇਕ ਵਾਰ ਹੋ ਚੁੱਕਾ ਹੈ ਤਾਂ ਹੁਣ ਜ਼ਰਾ ਸੰਭਲ ਕੇ ਚੱਲੋ ਨਹੀਂ ਤਾਂ ਜਿੰਨੀ ਵਾਰ ਚਾਲਾਨ ਹੋਵੇਗਾ ਓਨੀ ਹੀ ਮਹਿੰਗੀ ਤੁਹਾਨੂੰ ਗੱਡੀ ਦੀ ਇੰਸ਼ੋਰੈਂਸ ਪੈ ਜਾਵੇਗੀ। ਰੋਡ ਟਰਾਂਸਪੋਰਟ ਮੰਤਰਾਲਾ ਇਕ ਮਹੱਤਵਪੂਰਨ ਕਦਮ ਚੁੱਕਣ ਜਾ ਰਿਹਾ ਹੈ। ਇਸ ਦਾ ਮਕਸਦ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣਾ ਤੇ ਘਟਨਾਵਾਂ 'ਚ ਕਮੀ ਲਿਆਉਣ ਦੇ ਨਾਲ-ਨਾਲ ਗੱਡੀ ਦੀ ਥਰਡ ਪਾਰਟੀ ਇੰਸ਼ੋਰੈਂਸ ਹੋਣਾ ਯਕੀਨੀ ਬਣਾਉਣਾ ਹੈ।

 

ਹੁਣ ਤੱਕ ਇੰਸ਼ੋਰੈਂਸ ਨਾਲ ਸੰਬੰਧਤ ਡਾਟਾ ਟਰਾਂਸਪੋਰਟ ਮੰਤਰਾਲਾ ਦੇ ਸਾਫਟਵੇਅਰ 'ਵਾਹਨ' ਨਾਲ ਲਿੰਕਡ ਨਹੀਂ ਹੈ। ਇਸ ਲਈ ਜਨਰਲ ਇੰਸ਼ੋਰੈਂਸ ਦੀ ਜਾਣਕਾਰੀ ਟਰਾਂਸਪੋਰਟ ਵਿਭਾਗ ਕੋਲ ਨਹੀਂ ਹੈ ਪਰ ਜਲਦ ਹੀ ਇਸ ਨੂੰ ਲਿੰਕ ਕਰ ਦਿੱਤਾ ਜਾਵੇਗਾ। ਇਸ ਸਥਿਤੀ 'ਚ ਜਦੋਂ ਡਰਾਈਵਰ ਵਾਰ-ਵਾਰ ਟ੍ਰੈਫਿਕ ਨਿਯਮ ਤੋੜੇਗਾ ਤਾਂ ਉਸ ਨੂੰ ਚਾਲਾਨ ਤਾਂ ਮਹਿੰਗਾ ਪਵੇਗਾ ਹੀ ਨਾਲ ਹੀ ਉਸ ਨੂੰ ਲਾਪਰਵਾਹ ਡਰਾਈਵਰ ਮੰਨਿਆ ਜਾਵੇਗਾ ਅਤੇ ਇਸ ਵਜ੍ਹਾ ਨਾਲ ਹਾਦਸੇ ਵਧਣ ਦਾ ਖਦਸ਼ਾ ਦੇਖਦੇ ਹੋਏ ਡਰਾਈਵਰ ਨੂੰ ਥਰਡ ਪਾਰਟੀ ਇੰਸ਼ੋਰੈਂਸ ਦਾ ਪ੍ਰੀਮੀਅਮ ਜ਼ਿਆਦਾ ਭਰਨਾ ਪਵੇਗਾ।

ਇਸ ਤਰ੍ਹਾਂ ਹੋਵੇਗੀ ਵਿਵਸਥਾ
ਜਦੋਂ ਇਸ ਤਰ੍ਹਾਂ ਦੇ ਡਰਾਈਵਰ ਇੰਸ਼ੋਰੈਂਸ ਕਰਵਾਉਣ ਜਾਣਗੇ ਤਾਂ 'ਵਾਹਨ' ਸਾਫਟਵੇਅਰ ਨਾਲ ਲਿੰਕ ਹੋਣ ਕਾਰਨ ਗੱਡੀ ਦਾ ਨੰਬਰ ਪਾਉਂਦੇ ਹੀ ਸਾਰੇ ਚਾਲਾਨ ਦਿਖ ਜਾਣਗੇ ਤੇ ਡਰਾਈਵਰ ਲਾਪਰਵਾਹ ਡਰਾਈਵਿੰਗ ਦੀ ਕੈਟਾਗਿਰੀ 'ਚ ਹੋਣ ਕਾਰਨ 'ਥਰਡ ਪਾਰਟੀ ਇੰਸ਼ੋਰੈਂਸ' ਦੀ ਕਿਸ਼ਤ ਖੁਦ-ਬ-ਖੁਦ ਵੱਧ ਕੈਲਕੁਲੇਟ ਹੋਵੇਗੀ। ਇਹ ਰਾਸ਼ੀ ਟਰਾਂਸਪੋਰਟ ਮੰਤਰਾਲਾ ਨਿਰਧਾਤ ਕਰੇਗਾ, ਜਦੋਂ ਕਿ ਹੁਣ ਤੱਕ ਇਰਡਾ ਕਰਦਾ ਹੈ। ਤੇਲੰਗਾਨਾ 'ਚ ਇਸ ਦਾ ਸਫਲ ਪਾਇਲਟ ਪ੍ਰਾਜੈਕਟ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਸਾਰੇ ਵਾਹਨਾਂ ਲਈ ਇੰਸ਼ੋਰੈਂਸ ਲਾਜ਼ਮੀ ਹੈ। ਥਰਡ ਪਾਰਟੀ ਇੰਸ਼ੋਰੈਂਸ ਦਾ ਪ੍ਰੀਮੀਅਮ ਵੀ ਫਿਕਸ ਹੈ। ਇਸ ਦੇ ਬਾਵਜੂਦ 33 ਫੀਸਦੀ ਵਾਹਨਾਂ ਦਾ ਹੀ ਥਰਡ ਪਾਰਟੀ ਇੰਸ਼ੋਰੈਂਸ ਹੈ। ਇੰਸ਼ੋਰੈਂਸ ਨਾ ਕਰਵਾਉਣ ਵਾਲਿਆਂ 'ਚ ਦੋ-ਪਹੀਆ ਵਾਹਨਾਂ ਦੀ ਗਿਣਤੀ ਸਭ ਤੋਂ ਵੱਡੀ ਹੈ। ਇਸ ਵਕਤ ਬਾਈਕ ਲਈ ਥਰਡ ਪਾਰਟੀ ਇੰਸ਼ੋਰੈਂਸ 482 ਰੁਪਏ, 1000-ਸੀਸੀ ਗੱਡੀ ਦੀ 2,120 ਰੁਪਏ, 1500-ਸੀਸੀ ਤੱਕ ਦੀ 3,300 ਰੁਪਏ ਤੇ ਇਸ ਤੋਂ ਵੱਧ ਸੀਸੀ ਗੱਡੀ ਦੀ ਥਰਟ ਪਾਰਟੀ ਇੰਸ਼ੋਰੈਂਸ 7,890 ਰੁਪਏ 'ਚ ਹੁੰਦੀ ਹੈ।


Related News