ਜੂਨ ’ਚ ਗੱਡੀਆਂ ਦੀ ਪ੍ਰਚੂਨ ਵਿਕਰੀ ’ਚ ਆਈ ਤੇਜ਼ੀ : ਫਾਡਾ
Thursday, Jul 08, 2021 - 05:18 PM (IST)
ਨਵੀਂ ਦਿੱਲੀ (ਭਾਸ਼ਾ) – ਆਟੋ ਮੋਬਾਇਲ ਡੀਲਰਾਂ ਦੇ ਸੰਗਠਨ ਫਾਡਾ ਨੇ ਵੀਰਵਾਰ ਨੂੰ ਕਿਹਾ ਕਿ ਵੱਖ-ਵੱਖ ਸੂਬਿਆਂ ਵਲੋਂ ਕੋਵਿਡ ਮਹਾਮਾਰੀ ਦੀ ਰੋਕਥਾਮ ਲਈ ਲਗਾਈਆਂ ਗਈਆਂ ਪਾਬੰਦੀਆਂ ’ਚ ਢਿੱਲ ਦੇਣ ਕਾਰਨ ਗੱਡੀਆਂ ਦੀ ਪ੍ਰਚੂਨ ਵਿਕਰੀ ’ਚ ਮਈ 2021 ਦੇ ਮੁਕਾਬਲੇ ਜੂਨ 2021 ’ਚ ਸੁਧਾਰ ਦੇਖਣ ਨੂੰ ਮਿਲਿਆ।
ਫਾਡਾ ਨੇ ਕਿਹਾ ਕਿ ਇਸ ਦੌਰਾਨ ਵੱਖ-ਵੱਖ ਸੈਗਮੈਂਟ ’ਚ ਗੱਡੀਆਂ ਦੀ ਰਜਿਸਟ੍ਰੇਸ਼ਨ ’ਚ ਤੇਜ਼ੀ ਆਈ। ਉਦਯੋਗ ਸੰਗਠਨ ਨੇ ਕਿਹਾ ਕਿ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਪਿਛਲੇ ਮਹੀਨੇ ਵਧ ਕੇ 1,84,134 ਇਕਾਈ ਹੋ ਗਈ ਜੋ ਮਈ 2021 ’ਚ 85,733 ਇਕਾਈ ਸੀ। ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਮੁਤਾਬਕ ਦੇਸ਼ ਦੇ 1,498 ਖੇਤਰੀ ਟ੍ਰਾਂਸਪੋਰਟ ਦਫਤਰਾਂ (ਆਰ. ਟੀ. ਓ.) ਵਿਚ 1,295 ਵਾਹਨ ਰਜਿਸਟ੍ਰੇਸ਼ਨ ਦੇ ਅੰਕੜੇ ਜਮ੍ਹਾ ਕੀਤੇ ਗਏ। ਇਨ੍ਹਾਂ ਅੰਕੜਿਆਂ ਮੁਤਾਬਕ ਪਿਛਲੇ ਮਹੀਨੇ ਦੋਪਹੀਆ ਵਾਹਨਾਂ ਦੀ ਵਿਕਰੀ ਵਧ ਕੇ 9,30,324 ਇਕਾਈ ਹੋ ਗਈ ਜੋ ਮਈ ’ਚ 4,10,757 ਇਕਾਈ ਸੀ।