ਟਮਾਟਰ ਦੀਆਂ ਉੱਚੀਆਂ ਕੀਮਤਾਂ ਨੇ ਵਿਗਾੜਿਆ ਖਾਣੇ ਦਾ ਸਵਾਦ, 11 ਫੀਸਦੀ ਮਹਿੰਗੀ ਹੋਈ ਸ਼ਾਕਾਹਾਰੀ ਥਾਲੀ

Wednesday, Aug 07, 2024 - 06:17 PM (IST)

ਟਮਾਟਰ ਦੀਆਂ ਉੱਚੀਆਂ ਕੀਮਤਾਂ ਨੇ ਵਿਗਾੜਿਆ ਖਾਣੇ ਦਾ ਸਵਾਦ, 11 ਫੀਸਦੀ ਮਹਿੰਗੀ ਹੋਈ ਸ਼ਾਕਾਹਾਰੀ ਥਾਲੀ

ਨਵੀਂ ਦਿੱਲੀ– ਇਸ ਸਾਲ ਜੁਲਾਈ ’ਚ ਰੋਟੀ ਖਾਣਾ ਮਹਿੰਗਾ ਹੋ ਗਿਆ ਹੈ। ਜੁਲਾਈ ’ਚ ਵੈੱਜ (ਸ਼ਾਕਾਹਾਰੀ) ਅਤੇ ਨਾਨ-ਵੈੱਜ (ਮਾਸਾਹਾਰੀ) ਦੋਵੇਂ ਥਾਲੀਆਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਹਾਲਾਂਕਿ ਸਾਲਾਨਾ ਆਧਾਰ ’ਤੇ ਦੋਵਾਂ ਥਾਲੀਆਂ ਦੀਆਂ ਕੀਮਤਾਂ ’ਚ ਕਮੀ ਦਰਜ ਕੀਤੀ ਗਈ ਹੈ।

ਸ਼ਾਕਾਹਾਰੀ ਥਾਲੀ ’ਚ ਰੋਟੀ, ਚੌਲ, ਦਾਲ, ਦਹੀ, ਸਲਾਦ ਦੇ ਨਾਲ ਹੀ ਪਿਆਜ, ਆਲੂ, ਟਮਾਟਰ ਹੁੰਦੇ ਹਨ। ਮਾਸਾਹਾਰੀ ਥਾਲੀ ’ਚ ਸ਼ਾਕਾਹਾਰੀ ਥਾਲੀ ਦੇ ਕਾਫੀ ਖੁਰਾਕ ਪਦਾਰਥ ਹੁੰਦੇ ਹਨ ਪਰ ਦਾਲ ਦੀ ਜਗ੍ਹਾ ਚਿਕਨ (ਬ੍ਰਾਇਲਰ) ਹੁੰਦਾ ਹੈ।

ਘਰ ’ਚ ਪਕਾਈ ਜਾਣ ਵਾਲੀਆਂ ਇਨ੍ਹਾਂ ਥਾਲੀਆਂ ਦੇ ਔਸਤ ਮੁੱਲ ਦੀ ਗਣਨਾ ਉੱਤਰੀ, ਦੱਖਣੀ, ਪੂਰਬੀ ਅਤੇ ਪੱਛਮੀ ਭਾਰਤ ’ਚ ਸ਼ਾਮਲ ਭੋਜਨ ਨੂੰ ਬਣਾਉਣ ’ਚ ਵਰਤੇ ਜਾਣ ਵਾਲੇ ਖੁਰਾਕ ਪਦਾਰਥਾਂ ਦੀਆਂ ਕੀਮਤਾਂ ਦੇ ਆਧਾਰ ’ਤੇ ਕੀਤੀ ਜਾਂਦੀ ਹੈ।

ਜੁਲਾਈ ’ਚ ਕਿੰਨੀ ਮਹਿੰਗੀ ਹੋਈ ਸ਼ਾਕਾਹਾਰੀ ਥਾਲੀ?

ਰੇਟਿੰਗ ਏਜੰਸੀ ਕ੍ਰਿਸਿਲ ਦੀ ‘ਰੋਟੀ-ਰਾਈਸ ਰੇਟ’ ਨਾਂ ਨਾਲ ਜਾਰੀ ਰਿਪੋਰਟ ਅਨੁਸਾਰ ਇਸ ਸਾਲ ਜੂਨ ’ਚ ਸ਼ਾਕਾਹਾਰੀ ਥਾਲੀ ਦੀ ਕੀਮਤ 29.4 ਰੁਪਏ ਸੀ, ਜੋ ਜੁਲਾਈ ’ਚ ਵਧ ਕੇ 32.6 ਰੁਪਏ ਹੋ ਗਈ। ਇਸ ਤਰ੍ਹਾਂ ਜੂਨ ਦੇ ਮੁਕਾਬਲੇ ਜੁਲਾਈ ’ਚ ਸ਼ਾਕਾਹਾਰੀ ਥਾਲੀ ਲਗਭਗ 11 ਫੀਸਦੀ ਮਹਿੰਗੀ ਹੋਈ।

ਹਾਲਾਂਕਿ ਸਾਲਾਨਾ ਆਧਾਰ ’ਤੇ ਜੁਲਾਈ ’ਚ ਸ਼ਾਕਾਹਾਰੀ ਥਾਲੀ 4 ਫੀਸਦੀ ਸਸਤੀ ਹੋਈ ਹੈ ਕਿਉਂਕਿ ਸਾਲਾਨਾ ਆਧਾਰ ’ਤੇ ਟਮਾਟਰ ਦੇ ਭਾਅ ’ਚ 40 ਫੀਸਦੀ ਕਮੀ ਆਈ ਹੈ। ਸਾਲਾਨਾ ਆਧਾਰ ’ਤੇ ਪਿਆਜ 65 ਫੀਸਦੀ ਅਤੇ ਆਲੂ 55 ਫੀਸਦੀ ਮਹਿੰਗਾ ਹੋਣ ਨਾਲ ਸ਼ਾਕਾਹਾਰੀ ਥਾਲੀ ਦੀ ਕੀਮਤ ਹੋਰ ਘੱਟ ਹੋਣ ਤੋਂ ਰੁਕ ਗਈ।

ਸ਼ਾਕਾਹਾਰੀ ਥਾਲੀ ਮਹਿੰਗੀ ਹੋਣ ਦਾ ਕੀ ਰਿਹਾ ਕਾਰਨ?

ਕ੍ਰਿਸਿਲ ਦੀ ਇਸ ਰਿਪੋਰਟ ਅਨੁਸਾਰ ਸ਼ਾਕਾਹਾਰੀ ਥਾਲੀ ਮਹਿੰਗੀ ਹੋਣ ਦਾ ਮੁੱਖ ਕਾਰਨ ਟਮਾਟਰਾਂ ਦੀ ਕੀਮਤ ਵਧਣਾ ਹੈ। ਜੂਨ ਦੇ ਮੁਕਾਬਲੇ ਜੁਲਾਈ ’ਚ ਟਮਾਟਰ ਦੇ ਭਾਅ 55 ਫੀਸਦੀ ਵਧ ਕੇ 66 ਰੁਪਏ ਕਿਲੋ ਹੋ ਗਏ। ਇਸ ਤੋਂ ਇਲਾਵਾ ਜੁਲਾਈ ’ਚ ਆਲੂ ਤੇ ਪਿਆਜ ਦੇ ਭਾਅ ਕ੍ਰਮਵਾਰ 20 ਅਤੇ 16 ਫੀਸਦੀ ਵਧਣ ਦੇ ਕਾਰਨ ਵੀ ਸ਼ਾਕਾਹਾਰੀ ਥਾਲੀ ਮਹਿੰਗੀ ਹੋਈ ਹੈ।

ਕਿੰਨੀ ਮਹਿੰਗੀ ਹੋਈ ਮਾਸਾਹਾਰੀ ਥਾਲੀ?

ਸ਼ਾਕਾਹਾਰੀ ਦੇ ਨਾਲ ਹੁਣ ਮਾਸਾਹਾਰੀ ਥਾਲੀ ਦੀ ਕੀਮਤ ਵੀ ਵਧ ਰਹੀ ਹੈ। ਇਸ ਤੋਂ ਪਹਿਲਾਂ ਇਸ ਥਾਲੀ ਦੀ ਕੀਮਤ ਘੱਟ ਹੋ ਰਹੀ ਸੀ। ਕ੍ਰਿਸਿਲ ਦੀ ਇਸ ਰਿਪੋਰਟ ਅਨੁਸਾਰ ਇਸ ਸਾਲ ਜੂਨ ’ਚ ਮਾਸਾਹਾਰੀ ਥਾਲੀ ਦੀ ਕੀਮਤ 58 ਰੁਪਏ ਸੀ, ਜੋ ਜੁਲਾਈ ’ਚ 6 ਫੀਸਦੀ ਵਧ ਕੇ 61.4 ਰੁਪਏ ਹੋ ਗਈ। ਇਸ ਦਾ ਕਾਰਨ ਵੀ ਟਮਾਟਰ ਦਾ ਮਹਿੰਗਾ ਹੋਣਾ ਹੈ।

ਸ਼ਾਕਾਹਾਰੀ ਦੇ ਮੁਕਾਬਲੇ ’ਚ ਮਾਸਾਹਾਰੀ ਥਾਲੀ ਘੱਟ ਮਹਿੰਗੀ ਹੋਣ ਦਾ ਕਾਰਨ ਇਸ ਥਾਲੀ ’ਚ 50 ਫੀਸਦੀ ਹਿੱਸੇਦਾਰੀ ਰੱਖਣ ਵਾਲੇ ਬ੍ਰਾਇਲਰ ਦੀ ਕੀਮਤ ਸਥਿਰ ਰਹਿਣਾ ਹੈ। ਮਾਸਿਕ ਆਧਾਰ ’ਤੇ ਮਾਸਾਹਾਰੀ ਥਾਲੀ ਭਾਵੇਂ ਹੀ ਮਹਿੰਗੀ ਹੋਈ ਹੋਵੇ ਪਰ ਸਾਲਾਨਾ ਆਧਾਰ ’ਤੇ ਇਸ ਦੀ ਕੀਮਤ ’ਚ ਕਮੀ ਆਈ ਹੈ। ਪਿਛਲੇ ਸਾਲ ਜੁਲਾਈ ’ਚ ਇਸ ਥਾਲੀ ਦੀ ਕੀਮਤ 67.8 ਰੁਪਏ ਸੀ, ਜੋ ਇਸ ਜੁਲਾਈ ’ਚ ਘਟ ਕੇ 61.4 ਰੁਪਏ ਰਹਿ ਗਈ। ਸਾਲਾਨਾ ਆਧਾਰ ’ਤੇ ਮਾਸਾਹਾਰੀ ਥਾਲੀ ਸਸਤੀ ਹੋਣ ਦਾ ਕਾਰਨ ਬ੍ਰਾਇਲਰ ਦੀ ਕੀਮਤ ’ਚ 11 ਫੀਸਦੀ ਦੀ ਕਮੀ ਆਉਣਾ ਹੈ।


author

Rakesh

Content Editor

Related News