ਮਹਿੰਗੇ ਸੋਨੇ ਨੇ ਬਦਲਿਆ ਖਰੀਦਦਾਰੀ ਦਾ ਪੈਟਰਨ, ਛੋਟੇ ਜਿਊਲਰੀ ਕਾਰੋਬਾਰ ’ਤੇ ਸਭ ਤੋਂ ਵੱਧ ਮਾਰ

Saturday, Feb 14, 2026 - 04:55 AM (IST)

ਮਹਿੰਗੇ ਸੋਨੇ ਨੇ ਬਦਲਿਆ ਖਰੀਦਦਾਰੀ ਦਾ ਪੈਟਰਨ, ਛੋਟੇ ਜਿਊਲਰੀ ਕਾਰੋਬਾਰ ’ਤੇ ਸਭ ਤੋਂ ਵੱਧ ਮਾਰ

ਮੁੰਬਈ - ਦੇਸ਼ ਦਾ ਜਿਊਲਰੀ ਉਦਯੋਗ ਇਸ ਸਮੇਂ ਭਾਰੀ ਦਬਾਅ ’ਚ ਹੈ। ਬੀਤੇ ਇਕ ਸਾਲ ’ਚ ਸੋਨੇ ਦੀਆਂ ਕੀਮਤਾਂ ’ਚ 80 ਫੀਸਦੀ ਤੋਂ ਜ਼ਿਆਦਾ ਦੇ ਤੇਜ਼ ਵਾਧੇ ਨੇ ਗਾਹਕਾਂ ਦੇ ਖਰੀਦਦਾਰੀ ਪੈਟਰਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਭੂ-ਸਿਆਸੀ ਤਣਾਅ ਅਤੇ ਟੈਰਿਫ ਨਾਲ ਜੁੜੀਆਂ ਬੇਭਰੋਸਗੀਆਂ ਦਰਮਿਆਨ ਮਹਿੰਗੇ ਸੋਨੇ ਨੇ ਜਿਊਲਰੀ ਕਾਰੋਬਾਰ ਦਾ ਲੱਕ ਤੋੜ ਦਿੱਤਾ ਹੈ। ਸੋਨੇ ਦੀਆਂ ਕੀਮਤਾਂ ਵਧਣ ਨਾਲ ਜਿੱਥੇ ਜਿਊਲਰੀ ਦੀ ਵਿਕਰੀ ਦੀ ਮਾਤਰਾ ਘਟ ਰਹੀ ਹੈ, ਉੱਥੇ ਹੀ ਮੁਨਾਫੇ ਦੇ ਮਾਰਜਿਨ ਵੀ ਬੁਰੀ ਤਰ੍ਹਾਂ ਦਬਾਅ ’ਚ ਆ ਗਏ ਹਨ। ਅਜਿਹੇ ਸਮੇਂ ’ਚ ਜਦੋਂ ਵਿਕਰੀ ਪਹਿਲਾਂ ਹੀ ਸੁਸਤ ਹੈ, ਲਾਗਤ ਵਧਣ ਨਾਲ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਵੱਡੇ ਜਿਊਲਰੀ ਬ੍ਰਾਂਡ ਇਨੋਵੇਸ਼ਨ ਅਤੇ ਪ੍ਰੋਡਕਟ ਡਾਈਵਰਸੀਫਿਕੇਸ਼ਨ ਰਾਹੀਂ ਹਾਲਾਤ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਬਦਲਦੇ ਟ੍ਰੈਂਡਸ ਨੇ ਛੋਟੇ ਕਾਰੋਬਾਰੀਆਂ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਹੈ।
75 ਫੀਸਦੀ ਕਾਰੋਬਾਰ ਪ੍ਰਭਾਵਿਤ

ਗਾਹਕ ਹੁਣ ਭਾਰੀ ਅਤੇ ਮਹਿੰਗੀ ਜਿਊਲਰੀ ਤੋਂ ਦੂਰੀ ਬਣਾ ਰਹੇ ਹਨ। ਮਹਿੰਗੀਆਂ ਕੀਮਤਾਂ ਤੋਂ ਬਚਣ ਲਈ ਖਪਤਕਾਰ ਹੁਣ 22 ਕੈਰੇਟ ਦੀ ਬਜਾਏ 18 ਕੈਰੇਟ ਅਤੇ ਇੱਥੋਂ ਤੱਕ ਕਿ 9 ਕੈਰੇਟ ਸੋਨੇ ਦੀ ਜਿਊਲਰੀ ਵੱਲ ਰੁਖ ਕਰ ਰਹੇ ਹਨ। ਇਸ ਦੇ ਨਾਲ ਹੀ ਗਿਫਟਿੰਗ ਸੈਗਮੈਂਟ ’ਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਜ਼ਵੇਰੀ ਬਾਜ਼ਾਰ ਦੇ ਇਕ ਪ੍ਰਮੁੱਖ ਕਾਰੋਬਾਰੀ ਨੇ ਕਿਹਾ ਕਿ ਅੰਦਾਜ਼ੇ ਮੁਤਾਬਕ ਘੱਟੋ-ਘੱਟ 75 ਫੀਸਦੀ ਸੋਨੇ ਦੀ ਜਿਊਲਰੀ ਦੀ ਵਿਕਰੀ ਪ੍ਰਭਾਵਿਤ ਹੋਈ ਹੈ। ਕਈ ਛੋਟੇ ਜਿਊਲਰਜ਼ ਘਾਟੇ ’ਚ ਕਾਰੋਬਾਰ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਹੁੰਦੀ ਜਾ ਰਹੀ ਹੈ। ਇਕ ਛੋਟੇ ਜਿਊਲਰ ਨੇ ਦੱਸਿਆ ਕਿ ਸੋਨੇ ਦੀ ਤੇਜ਼ੀ ਕਾਰਨ ਮੁਨਾਫੇ ਦੇ ਮਾਰਜਿਨ ’ਤੇ 20 ਤੋਂ 30 ਫੀਸਦੀ ਤੱਕ ਦਬਾਅ ਪਿਆ ਹੈ।

ਸ਼ੇਅਰ ਬਾਜ਼ਾਰ ’ਚ ਵੀ ਅਸਰ, ਸੋਨੇ ਦੀ ਖਪਤ ਘਟੀ
ਇਸ ਦਬਾਅ ਦਾ ਅਸਰ ਸੂਚੀਬੱਧ ਜਿਊਲਰੀ ਕੰਪਨੀਆਂ ਦੇ ਸ਼ੇਅਰਾਂ ’ਤੇ ਵੀ ਦਿਸਿਆ ਹੈ। ਕੁਝ ਪ੍ਰਮੁੱਖ ਕੰਪਨੀਆਂ ਦੇ ਸ਼ੇਅਰਾਂ ’ਚ ਬੀਤੇ ਮਹੀਨਿਆਂ ’ਚ 6 ਤੋਂ 23 ਫੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਕੁਝ ਕੰਪਨੀਆਂ ਮਜ਼ਬੂਤੀ ਨਾਲ ਟਿਕੇ ਰਹਿਣ ’ਚ ਸਫਲ ਰਹੀਆਂ ਹਨ। ਵਰਲਡ ਗੋਲਡ ਕੌਂਸਲ ਦੀ ਰਿਪੋਰਟ ਅਨੁਸਾਰ, 2025 ’ਚ ਭਾਰਤ ’ਚ ਸੋਨੇ ਦੀ ਜਿਊਲਰੀ ਦੀ ਮੰਗ ਸਾਲ-ਦਰ-ਸਾਲ 24 ਫੀਸਦੀ ਡਿੱਗ ਕੇ 430.5 ਟਨ ਰਹਿ ਗਈ, ਜਦਕਿ ਕੁੱਲ ਸੋਨੇ ਦੀ ਖਪਤ ’ਚ ਵੀ 11 ਫੀਸਦੀ ਦੀ ਗਿਰਾਵਟ ਆਈ ਹੈ।

ਗਿਫਟਿੰਗ ਸੈਗਮੈਂਟ ਲੱਗਭਗ ਠੱਪ
ਜਿਊਲਰੀ ਕਾਰੋਬਾਰ ਦਾ ਅਹਿਮ ਹਿੱਸਾ ਮੰਨੇ ਜਾਣ ਵਾਲਾ ਗਿਫਟਿੰਗ ਸੈਗਮੈਂਟ ਲੱਗਭਗ ਠਹਿਰ ਗਿਆ ਹੈ। ਕਾਰੋਬਾਰੀਆਂ ਅਨੁਸਾਰ, ਪਹਿਲਾਂ ਜਿੱਥੇ 80 ਫੀਸਦੀ ਤੱਕ ਵਿਕਰੀ ਗਿਫਟਿੰਗ ਤੋਂ ਆਉਂਦੀ ਸੀ, ਹੁਣ ਇਹ ਪੂਰੀ ਤਰ੍ਹਾਂ ਸਿਮਟ ਚੁੱਕੀ ਹੈ। ਮੁੰਬਈ ਦੇ ਜ਼ਵੇਰੀ ਬਾਜ਼ਾਰ ’ਚ ਕਈ ਛੋਟੇ ਜਿਊਲਰਜ਼ ਨੇ ਲਾਗਤ ਘਟਾਉਣ ਲਈ ਕਰਮਚਾਰੀਆਂ ਦੀ ਗਿਣਤੀ ਘੱਟ ਕਰ ਦਿੱਤੀ ਹੈ। ਕੁਝ ਕਾਰੋਬਾਰੀ ਨਵੇਂ ਡਿਜ਼ਾਈਨ ਅਤੇ 14 ਕੈਰੇਟ ਜਿਊਲਰੀ ਪੇਸ਼ ਕਰ ਕੇ ਗਾਹਕਾਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਨਕਦੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ।


author

Inder Prajapati

Content Editor

Related News