ਮਹਿੰਗੀ ਹੋਵੇਗੀ ਰੇਲ ਟਿਕਟ, 1000 ਤੋਂ ਵੱਧ ਸਟੇਸ਼ਨਾਂ ''ਤੇ ਲੱਗੇਗਾ ਇਹ ਚਾਰਜ
Thursday, Sep 17, 2020 - 07:22 PM (IST)

ਨਵੀਂ ਦਿੱਲੀ— ਟਰੇਨ 'ਚ ਸਫਰ ਕਰਨ ਲਈ ਹੁਣ ਤੁਹਾਨੂੰ ਜਲਦ ਹੀ ਜ਼ਿਆਦਾ ਪੈਸੇ ਖਰਚ ਕਰਨੇ ਪੈ ਸਕਦੇ ਹਨ। ਰੇਲਵੇ ਬੋਰਡ ਚੇਅਰਮੈਨ ਅਤੇ ਸੀ. ਈ. ਓ. ਵਿਨੋਦ ਕੁਮਾਰ ਯਾਦਵ ਨੇ ਜਾਣਕਾਰੀ ਦਿੱਤੀ ਕਿ ਹਵਾਈ ਅੱਡਿਆਂ ਦੀ ਤਰ੍ਹਾਂ ਕੁਝ ਰੇਲਵੇ ਸਟੇਸ਼ਨਾਂ 'ਚ ਵੀ ਯੂਜ਼ਰ ਚਾਰਜ ਲਿਆ ਜਾਵੇਗਾ।
ਭਾਰਤੀ ਰੇਲਵੇ ਦਾ ਕਹਿਣਾ ਹੈ ਕਿ ਕੁੱਲ ਸਟੇਸ਼ਨਾਂ ਦੇ ਲਗਭਗ 10 ਤੋਂ 15 ਫੀਸਦੀ ਸਟੇਸ਼ਨਾਂ 'ਤੇ ਯੂਜ਼ਰ ਚਾਰਜ ਲਿਆ ਜਾਵੇਗਾ। ਤਕਰੀਬਨ 1050 ਸਟੇਸ਼ਨਾਂ 'ਤੇ ਇਹ ਲਾਗੂ ਹੋਵੇਗਾ, ਜਿਨ੍ਹਾਂ ਦਾ ਪੁਰਨ ਨਿਰਮਾਣ ਕੀਤਾ ਜਾਵੇਗਾ। ਦੇਸ਼ ਭਰ 'ਚ ਭਾਰਤੀ ਰੇਲਵੇ ਦੇ ਤਕਰੀਬਨ 7,000 ਸਟੇਸ਼ਨ ਹਨ।
ਯੂਜ਼ਰ ਚਾਰਜ ਲਈ ਜਲਦ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਹਾਲਾਂਕਿ ਇਹ ਛੋਟੀ ਰਾਸ਼ੀ ਹੀ ਹੋਵੇਗੀ। ਰੇਲਵੇ ਦਾ ਕਹਿਣਾ ਹੈ ਕਿ ਵੱਡੇ ਰੇਲਵੇ ਸਟੇਸ਼ਨਾਂ ਤੇ ਭੀੜ-ਭਾੜ ਵਾਲੇ ਰੇਲਵੇ ਸਟੇਸ਼ਨਾਂ 'ਚ ਯੂਜ਼ਰ ਚਾਰਜ ਲਿਆ ਜਾਵੇਗਾ। ਇਹ ਯੂਜ਼ਰ ਚਾਰਜ ਯਾਤਰੀ ਦੇ ਟਿਕਟ ਕਿਰਾਏ 'ਚ ਸ਼ਾਮਲ ਕੀਤਾ ਜਾਵੇਗਾ।
ਉੱਥੇ ਹੀ, ਇਸ ਦੌਰਾਨ ਨੀਤੀ ਆਯੋਗ ਦੇ ਸੀ. ਈ. ਓ. ਅਮਿਤਾਭ ਕਾਂਤ ਨੇ ਕਿਹਾ ਕਿ ਨਿੱਜੀ ਟਰੇਨਾਂ ਦਾ ਕਿਰਾਇਆ ਬਾਜ਼ਾਰ ਦੇ ਹਿਸਾਬ ਨਾਲ ਨਿਰਧਾਰਤ ਹੋਵੇਗਾ ਅਤੇ ਯਾਤਰੀਆਂ ਨੂੰ ਕਈ ਸਹੂਲਤਾਂ ਦਿੱਤੀਆਂ ਜਾਣਗੀਆਂ। ਹਾਲਾਂਕਿ, ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਰੇਲਵੇ ਦਾ ਨਿੱਜੀਕਰਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੈਂਕ ਆਉਣ ਨਾਲ ਐੱਸ. ਬੀ. ਆਈ. ਬੰਦ ਨਹੀਂ ਹੋਇਆ। ਇਸੇ ਤਰ੍ਹਾਂ ਹੀ ਪ੍ਰਾਈਵੇਟ ਟਰੇਨਾਂ ਤੋਂ ਬਾਅਦ ਭਾਰਤੀ ਰੇਲ ਬੰਦ ਨਹੀਂ ਹੋਵੇਗ, ਸਗੋਂ ਸਮਰਥਾ ਅਤੇ ਮੁਕਾਬਲੇਬਾਜ਼ੀ ਹੋਰ ਵਧੇਗੀ।