ਯੂਨੀਲੀਵਰ ਦਾ ਦਾਅਵਾ, ਉਸ ਦੇ ਮਾਊਥਵਾਸ਼ ਨਾਲ 99.9 ਫੀਸਦੀ ਕੋਰੋਨਾ ਖ਼ਤਮ
Saturday, Nov 21, 2020 - 10:48 PM (IST)
ਨਵੀਂ ਦਿੱਲੀ, (ਭਾਸ਼ਾ)— ਯੂਨੀਲੀਵਰ ਭਾਰਤ 'ਚ ਆਪਣਾ ਇਕ ਮਾਊਥਵਾਸ਼ ਫਾਰਮੂਲੇਸ਼ਨ ਪੇਸ਼ ਕਰਨ ਵਾਲੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਮਾਊਥਵਾਸ਼ ਨਾਲ 30 ਸਕਿੰਟ ਕੁਰਲਾ ਕਰਨ 'ਤੇ 99.9 ਫ਼ੀਸਦੀ ਕੋਰੋਨਾ ਵਾਇਰਸ ਖ਼ਤਮ ਹੋ ਜਾਂਦਾ ਹੈ। ਕੰਪਨੀ ਨੇ ਇਕ ਬਿਆਨ 'ਚ ਇਹ ਗੱਲ ਕਹੀ ਹੈ।
ਯੂਨੀਲੀਵਰ ਦਾ ਕਹਿਣਾ ਹੈ ਕਿ ਉਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ, ''ਪ੍ਰਯੋਗਸ਼ਾਲਾ 'ਚ ਕੀਤੇ ਗਏ ਸ਼ੁਰੂਆਤੀ ਪ੍ਰੀਖਣ ਦੱਸਦੇ ਹਨ ਕਿ ਸੀ. ਪੀ. ਸੀ. ਤਕਨਾਲੋਜੀ ਵਾਲਾ ਉਸ ਦਾ ਮਾਊਥਵਾਸ਼ ਫਾਰਮੂਲੇਸ਼ਨ 30 ਸਕਿੰਟ ਕੁਰਲਾ ਕਰਨ 'ਤੇ ਕੋਵਿਡ-19 ਲਈ ਜਿੰਮੇਵਾਰ ਸਾਰਸ-ਸੀ. ਓ. ਵੀ.-2 ਵਾਇਰਸ ਨੂੰ 99.9 ਫ਼ੀਸਦੀ ਤੱਕ ਸਮਾਪਤ ਕਰ ਦਿੰਦਾ ਹੈ।''
ਕੰਪਨੀ ਨੇ ਕਿਹਾ, ''ਇਸ ਤਰ੍ਹਾਂ ਨਾਲ ਇਹ ਸੰਕਰਮਣ ਨੂੰ ਫੈਲਣ ਨੂੰ ਘੱਟ ਕਰਦਾ ਹੈ। ਪ੍ਰਯੋਗ ਦੇ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਹੱਥ ਧੋਣ, ਆਪਸ 'ਚ ਸੁਰੱਖਿਅਤ ਦੂਰੀ ਬਣਾਉਣ ਅਤੇ ਮਾਸਕ ਪਾਉਣ ਵਰਗੇ ਬਚਾਅ ਦੇ ਉਪਾਵਾਂ 'ਚ ਮਾਊਥਵਾਸ਼ ਵੀ ਇਕ ਅਭਿੰਨ ਹਿੱਸਾ ਬਣ ਸਕਦਾ ਹੈ।''
ਯੂਨੀਲੀਵਰ ਦੇ ਓਰਲ ਕੇਅਰ ਰਿਸਰਚ ਐਂਡ ਡਿਵੈੱਲਪਮੈਂਟ ਪ੍ਰਮੁੱਖ ਗਿਲਨ ਰਾਬਰਟਸ ਨੇ ਕਿਹਾ, ''ਇਹ ਸਪੱਸ਼ਟ ਹੈ ਕਿ ਸਾਡਾ ਮਾਊਥਵਾਸ਼ ਕੋਰੋਨਾ ਵਾਇਰਸ ਦਾ ਹੱਲ ਨਹੀਂ ਹੈ ਅਤੇ ਇਹ ਸੰਕਰਮਣ ਨੂੰ ਰੋਕਣ 'ਚ ਵੀ ਸਾਬਤ ਤੌਰ 'ਤੇ ਪ੍ਰਭਾਵੀ ਨਹੀਂ ਹੈ ਪਰ ਸਾਡੇ ਨਤੀਜੇ ਉਤਸ਼ਾਹਜਨਕ ਹਨ।'' ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਪ੍ਰਕੋਪ ਨੂੰ ਦੇਖਦੇ ਹੋਏ ਕੰਪਨੀ ਨੂੰ ਲੱਗਦਾ ਹੈ ਕਿ ਪ੍ਰਯੋਗਸ਼ਾਲਾ 'ਚ ਮਿਲੇ ਨਤੀਜਿਆਂ ਨੂੰ ਜਨਤਕ ਤੌਰ 'ਤੇ ਸਾਂਝਾ ਕੀਤਾ ਜਾਣਾ ਚਾਹੀਦਾ ਹੈ।