ਉੱਜਵਲਾ ਯੋਜਨਾ ਤਹਿਤ ਔਰਤਾਂ ਨੂੰ ਹੋਰ ਤਿੰਨ ਮਹੀਨੇ ਤੱਕ ਮਿਲਣਗੇ ਮੁਫਤ ਸਿਲੰਡਰ

07/09/2020 1:32:49 AM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਬੁੱਧਵਾਰ ਨੂੰ ਹੋਈ ਕੇਂਦਰੀ ਕੈਬਨਿਟ ਦੀ ਬੈਠਕ 'ਚ ਕਈ ਅਹਿਮ ਫੈਸਲਿਆਂ 'ਤੇ ਮੋਹਰ ਲੱਗੀ। ਬੈਠਕ 'ਚ ਈ.ਪੀ.ਐੱਫ., ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਕਿਰਾਏ 'ਤੇ ਰਿਹਾਇਸ਼ੀ ਯੋਜਨਾ ਨਾਲ ਸਬੰਧਤ ਫੈਸਲਿਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ।

ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਦੱਸਿਆ ਕਿ ਗਰੀਬ ਕਲਿਆਣ ਅਨਾਜ ਯੋਜਨਾ ਨਵੰਬਰ ਤੱਕ ਵਧਾਈ ਗਈ ਹੈ। ਉਨ੍ਹਾਂ ਮੁਤਾਬਕ, ਉੱਜਵਲਾ ਯੋਜਨਾ ਦੇ ਤਹਿਤ ਔਰਤਾਂ ਨੂੰ ਤਿੰਨ ਮੁਫਤ ਸਿਲੰਡਰ ਦਿੱਤੇ ਜਾਣ ਦੀ ਮਿਆਦ ਨੂੰ ਤਿੰਨ ਮਹੀਨੇ ਲਈ ਵਧਾਇਆ ਗਿਆ ਹੈ ਅਤੇ 107 ਸ਼ਹਿਰਾਂ 'ਚ ਇੱਕ ਲੱਖ ਤੋਂ ਜ਼ਿਆਦਾ ਛੋਟੇ ਫਲੈਟ ਪ੍ਰਵਾਸੀ ਮਜ਼ਦੂਰਾਂ ਨੂੰ ਕਿਰਾਏ 'ਤੇ ਦੇਣ ਦਾ ਵੀ ਫ਼ੈਸਲਾ ਹੋਇਆ ਹੈ।

ਜਾਵਡੇਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਗਰੀਬ ਕਲਿਆਣ ਯੋਜਨਾ ਨੂੰ ਨਵੰਬਰ ਤੱਕ ਵਧਾਉਣ ਦਾ ਐਲਾਨ ਕੀਤਾ ਸੀ। ਅੱਜ ਮੰਤਰੀ ਮੰਡਲ ਨੇ ਉਸ ਨੂੰ ਅਮਲੀਜਾਮਾ ਪੁਆਇਆ ਹੈ। ਜੁਲਾਈ ਤੋਂ ਲੈ ਕੇ ਨਵੰਬਰ ਤੱਕ ਪੰਜ ਮਹੀਨੇ ਇਹ ਯੋਜਨਾ ਚਾਲੂ ਰਹੇਗੀ। 81 ਕਰੋਡ਼ ਲੋਕਾਂ ਨੂੰ ਪ੍ਰਤੀ ਵਿਅਕਤੀ ਪੰਜ ਕਿੱਲੋਗ੍ਰਾਮ ਅਨਾਜ ਅਤੇ ਇੱਕ ਕਿੱਲੋਗ੍ਰਾਮ ਛੋਲੇ ਹਰ ਮਹੀਨੇ ਮਿਲੇਗਾ। ਪਿਛਲੇ ਤਿੰਨ ਮਹੀਨਿਆਂ 'ਚ 1.20 ਕਰੋਡ਼ ਟਨ ਅਨਾਜ ਦਿੱਤਾ ਗਿਆ। ਪੰਜ ਮਹੀਨਿਆਂ 'ਚ 2.03 ਕਰੋਡ਼ ਟਨ ਅਨਾਜ ਦਿੱਤਾ ਜਾਵੇਗਾ।

ਸਰਕਾਰ 3 ਮਹੀਨੇ ਹੋਰ ਦੇਵੇਗੀ ਪੀ.ਐੱਫ.
ਸਰਕਾਰ ਨੇ ਇੱਕ ਹੋਰ ਯੋਜਨਾ ਦਾ ਵਿਸਥਾਰ ਕੀਤਾ ਹੈ। ਜੋ 100 ਤੋਂ ਵੀ ਘੱਟ ਕਰਮਚਾਰੀ ਵਾਲੇ ਛੋਟੇ ਕਾਰੋਬਾਰ ਹਨ ਅਤੇ ਉਨ੍ਹਾਂ 'ਚੋਂ 90 ਫੀਸਦੀ ਲੋਕ 15 ਹਜ਼ਾਰ ਤੋਂ ਘੱਟ ਤਨਖਾਹ ਵਾਲੇ ਹਨ, ਅਜਿਹੇ ਕਰਮਚਾਰੀਆਂ ਦਾ ਹਰ ਮਹੀਨੇ 12 ਫ਼ੀਸਦੀ ਪੀ.ਐੱਫ. ਜਾਂਦਾ ਹੈ, ਉਸ ਨੂੰ ਸਰਕਾਰ ਨੇ ਭਰਿਆ ਹੈ। 3 ਲੱਖ 66 ਹਜ਼ਾਰ ਉਦਯੋਗਾਂ ਨੂੰ ਇਸ ਦਾ ਲਾਭ ਮਿਲਿਆ। ਪ੍ਰੋਵੀਡੈਂਟ ਫੰਡ ਨਾਲ ਜੁਡ਼ੇ ਇਸ ਯੋਗਦਾਨ ਨੂੰ ਸਰਕਾਰ ਤਿੰਨ ਮਹੀਨੇ ਅਤੇ ਆਪਣੇ ਵਲੋਂ ਭਰੇਗੀ।

ਤਿੰਨ ਸਾਧਾਰਣ ਬੀਮਾ ਕੰਪਨੀਆਂ ਨੂੰ ਮਜ਼ਬੂਤੀ
ਸਰਕਾਰ ਨੇ ਜਨਤਕ ਖੇਤਰ ਦੀਆਂ ਤਿੰਨ ਸਾਧਾਰਣ ਬੀਮਾ ਕੰਪਨੀਆਂ ਦੇ ਪੂੰਜੀ ਆਧਾਰ ਨੂੰ ਮਜ਼ਬੂਤ ਕਰਣ ਅਤੇ ਉਨ੍ਹਾਂ ਨੂੰ ਜ਼ਿਆਦਾ ਸਥਿਰ ਬਣਾਉਣ ਲਈ ਉਨ੍ਹਾਂ 'ਚ 12,450 ਕਰੋਡ਼ ਰੁਪਏ ਦੀ ਪੂੰਜੀ ਪਾਉਣ ਨੂੰ ਮਨਜ਼ੂਰੀ ਦੇ ਦਿੱਤੀ। ‘ਦਿ ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਟਿਡ, ਓਰੀਐਂਟਲ ਇੰਸ਼ੋਰੈਂਸ ਕੰਪਨੀ ਲਿਮਟਿਡ ਅਤੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਹੋਰ ਪੂੰਜੀ ਉਪਲੱਬਧ ਕਰਵਾਈ ਜਾਵੇਗੀ।


Inder Prajapati

Content Editor

Related News