PLI ਯੋਜਨਾ ਜਬਰਦਸਤ ਸਫਲ, ਦਸੰਬਰ ਤੱਕ ਆਇਆ 1.06 ਲੱਖ ਕਰੋੜ ਰੁਪਏ ਦਾ ਨਿਵੇਸ਼
Monday, Apr 01, 2024 - 11:32 AM (IST)
ਨਵੀਂ ਦਿੱਲੀ (ਭਾਸ਼ਾ) - ਪ੍ਰੋਡਕਸ਼ਨ ਲਿੰਕਡ ਇਨਸੈਂਟਿਵ (ਪੀ. ਐੱਲ. ਆਈ.) ਯੋਜਨਾ ਨੂੰ ਜ਼ਬਰਦਸਤ ਸਫਲਤਾ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ 14 ਸੈਕਟਰਾਂ ਲਈ ਪੀ. ਐੱਲ. ਆਈ. ਸਕੀਮ ਨਾਲ ਦਸੰਬਰ 2023 ਤੱਕ 1.06 ਲੱਖ ਕਰੋੜ ਰੁਪਏ ਦੇ ਨਿਵੇਸ਼ ਆਏ ਹਨ। ਕੁੱਲ ਨਿਵੇਸ਼ ’ਚ ਫਾਰਮਾ ਅਤੇ ਸੋਲਰ ਮਾਡਿਊਲ ਦਾ ਯੋਗਦਾਨ ਲੱਗਭਗ ਅੱਧਾ ਰਿਹਾ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਸਾਲ ਦਸੰਬਰ ਤੱਕ ਸੂਚਨਾ ਤਕਨਾਲੋਜੀ, ਹਾਰਡਵੇਅਰ, ਵਾਹਨਾਂ ਅਤੇ ਵਾਹਨਾਂ ਦੇ ਪੁਰਜ਼ੇ, ਟੈਕਸਟਾਈਲ ਅਤੇ ਏ. ਸੀ. ਸੀ. (ਐਡਵਾਂਸਡ ਕੈਮੀਕਲ ਸੈੱਲ) ਬੈਟਰੀ ਭੰਡਾਰਣ ਵਰਗੇ ਖੇਤਰਾਂ ’ਚ ਯੋਜਨਾ ਨੂੰ ਲੈ ਕੇ ਪ੍ਰਤੀਕਿਰਿਆ ਮੱਠੀ ਰਹੀ।
2021 ’ਚ ਸ਼ੁਰੂ ਕੀਤਾ ਗਿਆ ਸੀ ਪੀ. ਐੱਲ. ਆਈ. ਸਕੀਮ
ਸਰਕਾਰ ਨੇ 2021 ’ਚ 1.97 ਲੱਖ ਰੁਪਏ ਦੀ ਲਾਗਤ ਨਾਲ ਦੂਰਸੰਚਾਰ, ਇਲੈਕਟ੍ਰਾਨਿਕ ਸਾਮਾਨ, ਟੈਕਸਟਾਈਲ, ਮੈਡੀਕਲ ਉਪਕਰਣਾਂ ਦੇ ਨਿਰਮਾਣ, ਵਾਹਨ, ਵਿਸ਼ੇਸ਼ ਇਸਪਾਤ, ਖੁਰਾਕੀ ਉਤਪਾਦ, ਉੱਚ-ਸਮਰੱਥਾ ਵਾਲੇ ਸੋਲਰ ਪੀ. ਵੀ. ਮਾਡਿਊਲ, ਉੱਨਤ ਰਸਾਇਣ ਬੈਟਰੀ, ਡਰੋਨ ਅਤੇ ਫਾਰਮਾਸਿਊਟੀਕਲ ਵਰਗੇ 14 ਖੇਤਰਾਂ ਲਈ ਪੀ. ਐੱਲ. ਆਈ. ਯੋਜਨਾ ਦਾ ਐਲਾਨ ਕੀਤਾ। ਅੰਕੜਿਆਂ ਮੁਤਾਬਕ ਫਾਰਮਾਸਿਊਟੀਕਲ ਸੈਕਟਰ ’ਚ ਪਿਛਲੇ ਸਾਲ ਦਸੰਬਰ ਤੱਕ 25,813 ਕਰੋੜ ਰੁਪਏ ਦਾ ਨਿਵੇਸ਼ ਆਇਆ। ਇਹ 17,275 ਕਰੋੜ ਰੁਪਏ ਦੇ ਨਿਵੇਸ਼ ਦੀ ਉਮੀਦ ਤੋਂ ਜ਼ਿਆਦਾ ਹੈ।
ਇਨ੍ਹਾਂ ਕੰਪਨੀਆਂ ਨੇ ਉਠਾਇਆ ਇਸ ਸਕੀਮ ਦਾ ਲਾਭ
ਇਸ ਖੇਤਰ ਦੇ ਪ੍ਰਮੁੱਖ ਲਾਭਪਾਤਰੀਆਂ ’ਚ ਡਾ. ਰੈੱਡੀਜ਼ ਲੈਬਾਰਟਰੀਜ਼, ਸਿਪਲਾ, ਗਲੇਨਮਾਰਕ ਫਾਰਮਾ, ਬਾਇਓਕਾਨ ਅਤੇ ਵਾਕਹਾਰਟ ਲਿਮਟਿਡ ਸ਼ਾਮਲ ਹਨ। ਜਿੱਥੋਂ ਤੱਕ ਉੱਚ-ਕੁਸ਼ਲਤਾ ਵਾਲੇ ਸੋਲਰ ਪੀ. ਵੀ. ਮਾਡਿਊਲ ਦਾ ਸਬੰਧ ਹੈ, ਕੁੱਲ ਨਿਵੇਸ਼ 22,904 ਕਰੋੜ ਰੁਪਏ ਰਿਹਾ, ਜਦੋਂ ਕਿ ਇਸ ਖੇਤਰ ਤੋਂ 1.10 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਉਮੀਦ ਸੀ। ਇਸ ਖੇਤਰ ’ਚ ਪੀ. ਐੱਲ. ਆਈ. ਲਾਭਪਾਤਰੀਆਂ ’ਚ ਸ਼ਿਰਡੀ ਸਾਈਂ ਇਲੈਕਟ੍ਰੀਕਲਸ, ਰਿਲਾਇੰਸ ਨਿਊ ਐਨਰਜੀ ਸੋਲਰ ਲਿਮਟਿਡ, ਅਡਾਨੀ ਇਨਫ੍ਰਾਸਟਰੱਕਚਰ ਅਤੇ ਟਾਟਾ ਪਾਵਰ ਸੋਲਰ ਸ਼ਾਮਲ ਹਨ। ਪਿਛਲੇ ਸਾਲ ਦਸੰਬਰ ਤੱਕ ਜਿਨ੍ਹਾਂ ਹੋਰ ਖੇਤਰਾਂ ’ਚ ਚੰਗਾ ਨਿਵੇਸ਼ ਪ੍ਰਾਪਤ ਪ੍ਰਾਪਤ ਹੋਇਆ, ਉਨ੍ਹਾਂ ’ਚ ਥੋਕ ਦਵਾਈਆਂ, ਮੈਡੀਕਲ ਉਪਕਰਣ, ਫੂਡ ਪ੍ਰੋਸੈਸਿੰਗ ਅਤੇ ਦੂਰਸੰਚਾਰ ਸ਼ਾਮਲ ਹਨ।
ਆਈ. ਟੀ. ਹਾਰਡਵੇਅਰ ’ਚ ਸਭ ਤੋਂ ਘੱਟ ਨਿਵੇਸ਼
ਸਭ ਤੋਂ ਘੱਟ ਨਿਵੇਸ਼ ਆਈ. ਟੀ. ਹਾਰਡਵੇਅਰ ’ਚ 270 ਕਰੋੜ ਰੁਪਏ ਪ੍ਰਾਪਤ ਹੋਇਆ, ਜਦਕਿ ਇਸ ਖੇਤਰ ’ਚ 2,517 ਕਰੋੜ ਰੁਪਏ ਦੇ ਨਿਵੇਸ਼ ਦੀ ਉਮੀਦ ਸੀ। ਘੱਟ ਨਿਵੇਸ਼ ਵਾਲੇ ਹੋਰ ਪੀ. ਐੱਲ. ਆਈ. ਖੇਤਰਾਂ ’ਚ ਵਾਹਨ ਅਤੇ ਵਾਹਨਾਂ ਦੇ ਪੁਰਜ਼ੇ (67,690 ਕਰੋੜ ਰੁਪਏ ਦੇ ਸੰਭਾਵੀ ਨਿਵੇਸ਼ ਦੇ ਮੁਕਾਬਲੇ 13,037 ਕਰੋੜ ਰੁਪਏ), ਟੈਕਸਟਾਈਲ (19,798 ਕਰੋੜ ਰੁਪਏ ਦੇ ਸੰਭਾਵੀ ਨਿਵੇਸ਼ ਦੇ ਮੁਕਾਬਲੇ 3,317 ਕਰੋੜ ਰੁਪਏ) ਅਤੇ ਏ. ਸੀ. ਸੀ. ਬੈਟਰੀ ਭੰਡਾਰਣ (13,810 ਕਰੋੜ ਰੁਪਏ ਦੇ ਸੰਭਾਵੀ ਨਿਵੇਸ਼ ਦੇ ਮੁਕਾਬਲੇ 3,236 ਕਰੋੜ ਰੁਪਏ) ਸ਼ਾਮਲ ਹਨ।
ਘੱਟ ਨਿਵੇਸ਼ ਵਾਲੀ ਯੋਜਨਾ ’ਚ ਬਦਲਾਅ ਦੀ ਤਿਆਰੀ
ਇਕ ਅਧਿਕਾਰੀ ਮੁਤਾਬਕ, ਸਰਕਾਰ ਇਸ ’ਤੇ ਗੌਰ ਕਰ ਰਹੀ ਹੈ ਅਤੇ ਉਨ੍ਹਾਂ ਖੇਤਰਾਂ ਲਈ ਯੋਜਨਾ ’ਚ ਬਦਲਾਅ ’ਤੇ ਵਿਚਾਰ ਕਰ ਸਕਦੀ ਹੈ, ਜੋ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਹਨ। ਸਰਕਾਰ ਨੇ ਇਸ ਵਿੱਤੀ ਸਾਲ ਅਕਤੂਬਰ ਤੱਕ ਇਲੈਕਟ੍ਰਾਨਿਕਸ ਅਤੇ ਫਾਰਮਾਸਿਊਟੀਕਲ ਸਮੇਤ 8 ਖੇਤਰਾਂ ਲਈ ਯੋਜਨਾ ਦੇ ਤਹਿਤ 4,415 ਕਰੋੜ ਰੁਪਏ ਦੀ ਵੰਡ ਕੀਤੀ ਹੈ। ਪੀ. ਐੱਲ. ਆਈ. ਯੋਜਨਾ ਦਾ ਟੀਚਾ ਪ੍ਰਮੁੱਖ ਖੇਤਰਾਂ ਅਤੇ ਅਤਿ-ਆਧੁਨਿਕ ਤਕਨਾਲੋਜੀ ’ਚ ਨਿਵੇਸ਼ ਆਕਰਸ਼ਿਤ ਕਰਨ ਦੇ ਨਾਲ ਕੁਸ਼ਲਤਾ ਯਕੀਨੀ ਬਣਾਉਣਾ, ਨਿਰਮਾਣ ਨੂੰ ਰਫਤਾਰ ਦੇਣਾ ਅਤੇ ਭਾਰਤੀ ਕੰਪਨੀਆਂ ਅਤੇ ਨਿਰਮਾਤਾਵਾਂ ਨੂੰ ਵਿਸ਼ਵ ਪੱਧਰ ’ਤੇ ਮੁਕਾਬਲੇਬਾਜ਼ ਬਣਾਉਣਾ ਹੈ।