US-ਚੀਨ ਵਿਚਕਾਰ ਡੀਲ ਹੋਣ ਦੇ ਨਜ਼ਦੀਕ, ਸਟਾਕ ਬਾਜ਼ਾਰ ਲਈ ਗੁੱਡ ਨਿਊਜ਼!

10/12/2019 11:19:36 AM

ਵਾਸ਼ਿੰਗਟਨ— ਯੂ. ਐੱਸ. ਤੇ ਚੀਨ ਇਕ ਵਪਾਰ ਡੀਲ ਕਰਨ ਦੇ ਨਜ਼ਦੀਕ ਪਹੁੰਚ ਗਏ ਹਨ। ਹਾਲਾਂਕਿ, ਇਹ ਇਕ ਸੀਮਤ ਡੀਲ ਹੋਵੇਗੀ ਪਰ ਸਟਾਕ ਮਾਰਕੀਟ ਲਈ ਗੁੱਡ ਨਿਊਜ਼ ਹੋ ਸਕਦੀ ਹੈ। ਵਾਸ਼ਿੰਗਟਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਚੀਨ ਤੋਂ ਦਰਾਮਦ ਕੀਤੇ ਜਾਣ ਵਾਲੇ ਮਾਲ 'ਤੇ ਇੰਪੋਰਟ ਡਿਊਟੀ ਵਧਾਉਣ ਦੀ ਯੋਜਨਾ ਨੂੰ ਰੱਦ ਕਰਨ ਜਾ ਰਿਹਾ ਹੈ, ਜਦੋਂ ਕਿ ਬੀਜਿੰਗ ਯੂ. ਐੱਸ. ਦੇ ਖੇਤੀਬਾੜੀ ਉਤਪਾਦਾਂ ਦੀ ਖਰੀਦ 'ਚ ਵਾਧਾ ਕਰੇਗਾ।


ਵਾਸ਼ਿੰਗਟਨ ਦਾ ਕਹਿਣਾ ਹੈ ਕਿ ਡੀਲ ਨੂੰ ਅੰਤਿਮ ਰੂਪ ਦਿੱਤੇ ਜਾਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਅਗਲੇ ਹਫਤੇ ਤੋਂ ਚੀਨੀ ਦਰਾਮਦ ਮਾਲ 'ਤੇ 25 ਤੋਂ 30 ਫੀਸਦੀ ਹੋਣ ਜਾ ਰਹੀ ਇੰਪੋਰਟ ਡਿਊਟੀ ਦੀ ਯੋਜਨਾ ਫਿਲਹਾਲ ਟਾਲ ਦਿੱਤੀ ਗਈ ਹੈ। ਉੱਥੇ ਹੀ, ਚੀਨੀ ਸਟੇਟ ਮੀਡੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਚੀਨ-ਅਮਰੀਕਾ ਦਰਮਿਆਨ ਤਾਜ਼ਾ ਵਪਾਰ ਗੱਲਬਾਤ ਉਸਾਰੂ ਹੈ ਪਰ ਅਜੇ ਵੀ ਇਹ ਅਨਿਸ਼ਚਿਤਤਾ ਬਣੀ ਹੋਈ ਹੈ ਕਿ ਦੋਵੇਂ ਧਿਰਾਂ ਆਪਣੇ ਵਿਵਾਦਾਂ ਦਾ ਲੰਬੇ ਸਮੇਂ ਲਈ ਹੱਲ ਕਰ ਸਕਣਗੀਆਂ ਜਾਂ ਨਹੀਂ। ਵਾਸ਼ਿੰਗਟਨ 'ਚ ਦੋ ਦਿਨਾਂ ਗੱਲਬਾਤ ਦੌਰਾਨ ਦੋਹਾਂ ਆਰਥਿਕ ਤਾਕਤਾਂ ਵਿਚਕਾਰ ਖੇਤੀਬਾੜੀ, ਬੌਧਿਕ ਜਾਇਦਾਦ ਦੀ ਸੁਰੱਖਿਆ, ਵਟਾਂਦਰਾ ਦਰਾਂ, ਵਿੱਤੀ ਸੇਵਾਵਾਂ, ਵਪਾਰ 'ਚ ਸਹਿਯੋਗ ਦਾ ਵਿਸਥਾਰ, ਟੈਕਨੋਲੋਜੀ ਟਰਾਂਸਫਰ ਅਤੇ ਵਿਵਾਦ ਨਿਪਟਾਰੇ ਵਰਗੇ ਮੁੱਦਿਆਂ 'ਤੇ ਗੱਲਬਾਤ ਹੋਈ ਹੈ। ਬੌਧਿਕ ਜਾਇਦਾਦ, ਵਿੱਤੀ ਸੇਵਾਵਾਂ ਤੇ ਖੇਤੀਬਾੜੀ ਦੇ ਮੁੱਦੇ 'ਤੇ ਦੋਹਾਂ ਵਿਚਕਾਰ ਸਹਿਮਤੀ ਬਣੀ ਹੈ। ਟਰੰਪ ਦਾ ਕਹਿਣਾ ਹੈ ਕਿ ਡੀਲ ਨੂੰ ਅੰਤਿਮ ਰੂਪ ਦੇਣ 'ਚ ਤਿੰਨ ਤੋਂ ਪੰਜ ਹਫਤੇ ਲੱਗ ਸਕਦੇ ਹਨ। ਸਮਝੌਤੇ ਮੁਤਾਬਕ, ਚੀਨ ਅਮਰੀਕਾ ਤੋਂ 50 ਅਰਬ ਡਾਲਰ ਦੇ ਖੇਤੀਬਾੜੀ ਉਤਪਾਦਾਂ ਦੀ ਖਰੀਦ ਕਰੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤੋਂ ਚੀਨ-ਅਮਰੀਕਾ ਵਿਚਕਾਰ ਜਾਰੀ ਵਪਾਰ ਯੁੱਧ ਕਾਰਨ ਸਟਾਕ ਬਾਜ਼ਾਰ ਕਾਫੀ ਪ੍ਰਭਾਵਿਤ ਹੋਏ ਹਨ। ਵਾਸ਼ਿੰਗਟਨ ਅਤੇ ਬੀਜਿੰਗ ਵਿਚਕਾਰ ਤਾਜ਼ਾ ਵਪਾਰ ਗੱਲਬਾਤ ਨਾਲ ਸ਼ੁੱਕਰਵਾਰ ਨੂੰ ਯੂ. ਐੱਸ. ਸਟਾਕ ਬਾਜ਼ਾਰ ਦੇ ਤਿੰਨੋਂ ਪ੍ਰਮੁੱਖ ਇੰਡੈਕਸ ਡਾਓ ਜੋਂਸ, ਐੱਸ. ਐਂਡ ਪੀ.-500 ਤੇ ਨੈਸਡੈਕ ਕੰਪੋਜ਼ਿਟ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਹਾਲਾਂਕਿ, ਬਾਜ਼ਾਰ ਨੂੰ ਹੋਰ ਵੀ ਕਈ ਕਾਰਨ ਪ੍ਰਭਾਵਿਤ ਕਰਦੇ ਹਨ ਪਰ ਵਪਾਰ ਯੁੱਧ ਕਾਰਨ ਕੰਪਨੀਆਂ ਦੀ ਕਾਰਪੋਰੇਟ ਵਿੱਤੀ ਹਾਲਤ ਕਮਜ਼ੋਰ ਹੋਣ ਦਾ ਇਕ ਵੱਡਾ ਖਦਸ਼ਾ ਰਿਹਾ ਹੈ।


Related News