ਫਗਵਾੜਾ ਗੁੱਡ ਗ੍ਰੋ ਖੇਤੀ ਮਾਡਲ ਪੰਜਾਬ ਹੀ ਨਹੀਂ ਪੂਰੇ ਦੇਸ਼ ’ਚ ਲਾਗੂ ਹੋਣਾ ਚਾਹੀਦੈ : ਸ਼੍ਰੀ ਵਿਜੇ ਚੋਪੜਾ

Wednesday, Mar 27, 2024 - 01:07 PM (IST)

ਫਗਵਾੜਾ ਗੁੱਡ ਗ੍ਰੋ ਖੇਤੀ ਮਾਡਲ ਪੰਜਾਬ ਹੀ ਨਹੀਂ ਪੂਰੇ ਦੇਸ਼ ’ਚ ਲਾਗੂ ਹੋਣਾ ਚਾਹੀਦੈ : ਸ਼੍ਰੀ ਵਿਜੇ ਚੋਪੜਾ

ਜਲੰਧਰ/ਕਪੂਰਥਲਾ (ਮੋਹਨ ਪਾਂਡੇ)- ਅਸਲ ’ਚ ਕਿਸਾਨ ਨਹੀਂ ਹਾਂ, ਇਥੇ ਆ ਕੇ ਬਿਨਾਂ ਰਾਸਾਇਣਕ ਖਾਦ ਦੀ ਵਰਤੋਂ ਕਰਕੇ ਘੱਟ ਖ਼ਰਚੇ ਨਾਲ ਹੋ ਰਹੀ ਖੇਤੀ ਦੇ ਮਾਹੌਲ ਨੂੰ ਵੇਖਦੇ ਹਾਂ ਤਾਂ ਬਹੁਤ ਚੰਗਾ ਲੱਗਦਾ ਹੈ। ਹੁਣ ਫਗਵਾੜਾ ਗੁੱਡ ਗ੍ਰੋ ਕ੍ਰੋਪਿੰਗ ਖੇਤੀ ਮਾਡਲ ਤਕਨੀਕ ਨੂੰ ਪੰਜਾਬ ਹੀ ਨਹੀਂ ਸਗੋਂ ਪੂਰੇ ਦੇਸ਼ ’ਚ ਲਾਗੂ ਕਰਨਾ ਚਾਹੀਦਾ ਤਾਂ ਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਵਿੱਤੀ ਸੰਕਟ, ਜੀਵਨ ਦੀ ਹੋਂਦ ਨੂੰ ਸੁਰੱਖਿਅਤ ਕਰਨ, ਵਾਤਾਵਰਣ ਸੰਕਟ ਤੇ ਖਪਤਕਾਰਾਂ ਲਈ ਸ਼ੁੱਧ ਭੋਜਨ ਦਾ ਸੰਕਟ ਦੂਰ ਹੋ ਸਕੇ। ਮੇਰਾ ਮੰਨਣਾ ਹੈ ਕਿ ਪਰਮਾਤਮਾ ਨੇ ਅਵਤਾਰ ਸਿੰਘ ਫਗਵਾੜਾ ਨੂੰ ਧਰਤੀ ’ਤੇ ਖੇਤੀਬਾੜੀ ਸੇਵਾ ਕਰਨ ਲਈ ਅਵਤਾਰ ਰੂਪ ’ਚ ਭੇਜਿਆ ਹੈ। ਉਕਤ ਸ਼ਬਦ ਮਿਸ਼ਨ ਸੰਪੂਰਨ ਖੇਤੀ ਪੂਰਨ ਰੋਜ਼ਗਾਰ ਸੰਸਥਾ ਪੰਜਾਬ ਵੱਲੋਂ ਵਿਰਕ ਪਿੰਡ ਫਗਵਾੜਾ ’ਚ ਕਰਵਾਏ ਖੇਤੀ ਸਤਿਸੰਗ ਦੌਰਾਨ ਮੁੱਖ ਮਹਿਮਾਨ ‘ਪੰਜਾਬ ਕੇਸਰੀ, ਜਗ ਬਾਣੀ, ਹਿੰਦ ਸਮਾਚਾਰ ਅਤੇ ਨਵੋਦਿਆ ਟਾਈਮਜ਼ ਦਿੱਲੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਨੇ ਕਹੇ।

PunjabKesari

ਉਕਤ ਖੇਤੀ ਸਤਿਸੰਗ ’ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਤੋਂ ਕਿਸਾਨਾਂ ਨੇ ਹਿੱਸਾ ਲਿਆ। ਚੋਪੜਾ ਨੇ ਕਿਹਾ ਕਿ ਅਸੀਂ ਲੋਕ ਪਾਣੀ ਦੀ ਬਹੁਤ ਬਰਬਾਦੀ ਕਰਦੇ ਹਾਂ, ਜੋ ਠੀਕ ਨਹੀਂ ਹੈ, ਜਿਸ ਤਰ੍ਹਾਂ ਫਗਵਾੜਾ ਤਕਨੀਕ ਤਹਿਤ ਫਸਲਾਂ ’ਚ ਪਾਣੀ ਦੀ ਬਚਤ ਕੀਤੀ ਜਾ ਰਹੀ ਹੈ, ਉਂਝ ਹੀ ਸਾਨੂੰ ਆਪਣੀ ਜ਼ਿੰਦਗੀ ’ਚ ਪਾਣੀ ਦੇ ਮਹੱਤਵ ਨੂੰ ਸਮਝਦੇ ਹੋਏ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਤਾਂ ਕਿ ਪਾਣੀ ਬਰਬਾਦ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਉਕਤ ਫਗਵਾੜਾ ਤਕਨੀਕ ਨੂੰ ਅਪਣਾਉਣ ਨਾਲ ਬਹੁਤ ਵੱਡੀ ਗਿਣਤੀ ’ਚ ਕਿਸਾਨਾਂ ਦੀ ਵਿੱਤੀ ਹਾਲਤ ’ਚ ਸੁਧਾਰ ਹੋਇਆ ਹੈ ਤੇ ਉਹ ਖੁਸ਼ ਹਨ। ਡਾ. ਚਮਨ ਲਾਲ ਵਸ਼ਿਸ਼ਟ ਤੇ ਅਵਤਾਰ ਸਿੰਘ ਫਗਵਾੜਾ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਉਕਤ ਖੇਤੀ ਸਤਿਸੰਗ ਨੂੰ ਪੂਰੇ ਭਾਰਤ ’ਚ ਕਰਵਾਉਣ ਲਈ ਪ੍ਰੇਰਿਤ ਕੀਤਾ ਤਾਂ ਕਿ ਪੂਰੇ ਦੇਸ਼ ’ਚ ਪਾਣੀ ਦੀ ਬੱਚਤ ਦੇ ਨਾਲ-ਨਾਲ ਕਿਸਾਨਾਂ ਦਾ ਭਲਾ ਹੋ ਸਕੇ। ਇਸ ਦੌਰਾਨ ਸ਼੍ਰੀ ਵਿਜੇ ਚੋਪੜਾ ਨੇ ਪ੍ਰੋ. ਵਾਈਸ ਚਾਂਸਲਰ ਤਲਵੰਡੀ ਸਾਬੋ ਦੇ ਡਾ. ਜਗਤਾਰ ਸਿੰਘ ਧੀਮਾਨ ਵੱਲੋਂ ਲਿਖਤ ‘ਕਨਸਰਨਸ ਐਂਡ ਕਾਨਸਟ੍ਰੇਂਟਸ ਆਫ਼ ਕੈਂਟੈਂਪ੍ਰੇਰੀ ਐਗਰੀਕਲਚਰ’ ਨਾਂ ਦੀ ਕਿਤਾਬ ਰਿਲੀਜ਼ ਕੀਤੀ। ਇਸ ਮੌਕੇ ਹਰਰੂਪ ਸਿੰਘ ਨੇ ਫਗਵਾੜਾ ਤਕਨੀਕ ਦੀ ਖੇਤੀ ’ਤੇ ਬਣਾਈ ਇਕ ਕਵਿਤਾ ਨੂੰ ਪੜ੍ਹ ਕੇ ਕਿਸਾਨਾਂ ਨੂੰ ਸੁਣਾਈ।

ਇਹ ਵੀ ਪੜ੍ਹੋ: ਨੂਰਪੁਰ ਬੇਦੀ ਦੇ ਫ਼ੌਜੀ ਨੌਜਵਾਨ ਦੀ ਲੱਦਾਖ ਵਿਖੇ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ

PunjabKesari

ਕੁਦਰਤ ਦੇ ਉਲਟ ਚੱਲਣਾ ਹੀ ਬੀਮਾਰੀਆਂ ਦੇ ਵਧਣ ਦਾ ਕਾਰਨ ਹੈ : ਕਿਰਪਾਲ ਸਿੰਘ
ਮਿਸ਼ਨ ਸੰਪੂਰਨ ਖੇਤੀ ਪੂਰਨ ਰੋਜ਼ਗਾਰ ਦੇ ਡਾਇਰੈਕਟਰ ਕਿਰਪਾਲ ਸਿੰਘ ਨੇ ਕਿਹਾ ਕਿ ਭਾਰਤ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਣਾਇਆ ਜਾ ਸਕੇ ਇਸ ਲਈ ਫਗਵਾੜਾ ਗੁੱਡ ਗ੍ਰੋ ਕ੍ਰੋਪਿੰਗ ਸਿਸਟਮ ਤਕਨੀਕ ਸੰਸਥਾ ਖੇਤੀ ’ਚ ਵੱਖ-ਵੱਖ ਤਰੀਕੇ ਨਾਲ ਫਸਲਾਂ ਬੀਜਣ ਦਾ ਤਰੀਕਾ ਤੇ ਪਾਣੀ ਨੂੰ ਕਿਵੇਂ ਬਚਾਇਆ ਜਾ ਸਕੇ ਆਦਿ ਵਿਧੀ ਕਿਸਾਨਾਂ ਨੂੰ ਦੱਸ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ’ਚ ਝੋਨੇ ਦੀ ਬੀਜਾਈ ਲਈ ਫਗਵਾੜਾ ਤਕਨੀਕ ਦੀ ਏ. ਐੱਸ. ਆਰ. ਵਿਧੀ ਅਪਣਾਉਣ ਲਈ ਪ੍ਰੇਰਿਤ ਕੀਤਾ। ਉਕਤ ਵਿਧੀ ਨਾਲ ਪੂਰਾ ਪੰਜਾਬ ਜ਼ਹਿਰੀਲੇ ਤਲਾਬ ’ਚ ਤਬਦੀਲ ਹੋਣ ਤੋਂ ਬਚ ਜਾਵੇਗਾ। ਉੱਥੇ ਹੀ ਪਾਣੀ ਦੀ ਬਚਤ ਹੋਵੇਗੀ। ਝੋਨੇ ਦੇ ਖੇਤਾਂ ’ਚ ਕੱਦੂ (ਚਿੱਕੜ) ਕਰਨ ਨਾਲ ਬਣਨ ਵਾਲੀ ਮੀਥੇਨ ਗੈਸ ਨਾਲ ਵਾਤਾਵਰਣ ’ਚ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਹਨ, ਜਿਸ ਨਾਲ ਬੀਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਕੁਦਰਤ ਦੇ ਉਲਟ ਚੱਲਣਾ ਹੀ ਬੀਮਾਰੀਆਂ ਦੇ ਵਧਣ ਦਾ ਮੁੱਖ ਕਾਰਨ ਹੈ।

ਜੇਕਰ ਅਸੀਂ ਸੁਚੇਤ ਨਾ ਹੋਏ ਤਾਂ ਪੰਜਾਬ ’ਚ ਪਾਣੀ ਦਾ ਸੰਕਟ ਪੈਦਾ ਹੋਵੇਗਾ : ਕਾਹਨ ਸਿੰਘ ਪੰਨੂ
ਰਿਟਾਇਰਡ ਆਈ. ਏ. ਐੱਸ. ਡਾ. ਕਾਹਨ ਸਿੰਘ ਪੰਨੂ ਨੇ ਕਿਹਾ ਕਿ ਜੇਕਰ ਅਸੀਂ ਸੁਚੇਤ ਨਾ ਹੋਏ ਤਾਂ ਬਹੁਤ ਜਲਦ ਪੰਜਾਬ ’ਚ ਪਾਣੀ ਦਾ ਸੰਕਟ ਪੈਦਾ ਹੋ ਜਾਵੇਗਾ, ਜਿਸ ਨਾਲ ਸਾਡੀ ਸੱਭਿਅਤਾ ਨੂੰ ਬਹੁਤ ਵੱਡਾ ਖਤਰਾ ਪੈਦਾ ਹੋ ਜਾਵੇਗਾ। ਪਾਣੀ ਨਾ ਰਿਹਾ ਤਾਂ ਸਾਡੀ ਜ਼ਮੀਨ ਖਤਮ ਹੋ ਜਾਵੇਗੀ, ਜੇਕਰ ਪਾਣੀ, ਸੱਭਿਅਤਾ ਤੇ ਖੇਤੀ ਨੂੰ ਬਚਾਉਣਾ ਹੈ ਤਾਂ ਅਸੀਂ ਫਗਵਾੜਾ ਤਕਨੀਕ ਦੇ ਤਹਿਤ ਬੈਡਾਂ ’ਤੇ ਖੇਤੀ ਕਰਨੀ ਹੋਵੇਗੀ।

PunjabKesari

ਸਾਨੂੰ ਖੇਤੀ ਨੂੰ ਕੁਦਰਤੀ ਕਰਣ ਕਰਨ ਦੀ ਲੋੜ ਹੈ : ਅਵਤਾਰ ਸਿੰਘ ਫਗਵਾੜਾ
ਖੇਤੀ ਦਾ ਕੁਦਰਤੀਕਰਨ ਅਤੇ ਫਗਵਾੜਾ ਗੁੱਡ ਗ੍ਰੋ ਤਕਨੀਕ ਦੇ ਸੰਸਥਾਪਕ ਤੇ ਮਿਸ਼ਨ ਸੰਪੂਰਨ ਖੇਤੀ ਪੂਰਨ ਰੋਜ਼ਗਾਰ ਦੇ ਡਾਇਰੈਕਟਰ ਅਵਤਾਰ ਸਿੰਘ ਫਗਵਾੜਾ ਨੇ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਸਮੇਂ ਸਮਾਜ ਆਰਥਿਕ, ਖੁਰਾਕੀ ਤੇ ਵਾਤਾਵਰਣ ਇਨ੍ਹਾਂ 3 ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ। ਖੇਤੀ ਦੇ ਮੌਜੂਦਾ ਵਿਕਾਸ ਮਾਡਲ ਨਾਲ ਉਕਤ ਸੰਕਟਾਂ ’ਚ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ। ਉਕਤ ਤਿੰਨਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਇਕ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਨਾਮ ਮਿਸ਼ਨ ਸੰਪੂਰਨ ਖੇਤੀ ਪੂਰਨ ਰੋਜ਼ਗਾਰ ਜ਼ਹਿਰ ਯੁਕਤ ਤੋਂ ਜ਼ਹਿਰ ਮੁਕਤ ਇਕ ਸਫਰ ਰੱਖਿਆ ਗਿਆ ਹੈ। ਉਕਤ ਮਿਸ਼ਨ ਤਹਿਤ ਫਗਵਾੜਾ ਗੁੱਡ ਗ੍ਰੋ ਕ੍ਰੋਪਿੰਗ ਸਿਸਟਮ ਤਕਨੀਕ ਜੋ ਕਿ 5 ਤੱਤ ਜ਼ਮੀਨ, ਗਗਨ, ਹਵਾ ਤੇ ਨੀਰ (ਭਗਵਾਨ) ’ਤੇ ਆਧਾਰਿਤ ਖੇਤੀ ਕਰਨਾ ਹੈ, ਜਿਸ ਤਹਿਤ ਪਾਣੀ ਨੂੰ ਪਾਣੀ ਦੇ ਸੁਭਾਅ ਮੁਤਾਬਕ ਹੇਠਾਂ ਰੱਖਦੇ ਹੋਏ ਬੈਡਾਂ ’ਤੇ ਖੇਤੀ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ’ਤੇ ਰਹੇਗੀ ਸਖ਼ਤੀ, ਹੋਵੇਗੀ 100 ਫ਼ੀਸਦੀ ਵੈੱਬਕਾਸਟਿੰਗ

ਉਨ੍ਹਾਂ ਕਿਹਾ ਕਿ ਪਾਣੀ ਫਸਲਾਂ ਦੇ ਲਈ ਜ਼ਹਿਰ ਹੈ ਤੇ ਨਮੀ ਅੰਮ੍ਰਿਤ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਕਤ ਫਗਵਾੜਾ ਗੁੱਡ ਗ੍ਰੋ ਕ੍ਰੋਪਿੰਗ ਸਿਸਟਮ ਤਕਨੀਕ ਅਪਣਾਉਣ ਨਾਲ ਕਿਸਾਨਾਂ ਨੂੰ ਉਕਤ ਤਿੰਨਾਂ ਸੰਕਟਾਂ ਤੋਂ ਨਿਜ਼ਾਤ ਮਿਲੇਗੀ। ਇਸ ’ਚ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਖੇਤੀ ਨੂੰ ਕੁਦਰਤੀਕਰਨ ਕਰਨ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਉਕਤ ਖੇਤੀ ਤਕਨੀਕ ਦੀ ਹਰੇਕ ਬੁੱਧਵਾਰ ਫਗਵਾੜਾ ਦੇ ਵਿਰਕ ਪਿੰਡ ’ਚ ਕਿਸਾਨਾਂ ਨੂੰ ਫ੍ਰੀ ਟ੍ਰੇਨਿੰਗ ਜਾਣਕਾਰੀ ਦਿੱਤੀ ਜਾਂਦੀ ਹੈ।

ਖੇਤੀ ’ਚ ਤਕਨੀਕ ਤਹਿਤ ਇਕ ਬੀਜ ਨਾਲ 40 ਏਕੜ ਦਾ ਬੀਜ ਤਿਆਰ ਹੁੰਦਾ ਹੈ : ਵਸ਼ਿਸ਼ਟ
ਮਿਸ਼ਨ ਸੰਪੂਰਨ ਖੇਤੀ ਪੂਰਨ ਰੋਜ਼ਗਾਰ ਦੇ ਰਿਟਾ. ਡਿਪਟੀ ਡਾਇਰੈਕਟਰ ਖੇਤੀ ਵਿਭਾਗ ਚਮਨ ਲਾਲ ਵਸ਼ਿਸ਼ਟ ਨੇ ਖੇਤੀ ਸਤਿਸੰਗ ’ਚ ਆਏ ਹੋਏ ਕਿਸਾਨਾਂ ਨੂੰ ਸਵਾਗਤ ਕਰਦੇ ਹੋਏ ਕਿਹਾ ਕਿ ਖੇਤੀ ਦੇ ਕੁਦਰਤੀਕਰਨ ’ਚ ਭਗਵਾਨ ਦੀ ਵਰਤੋਂ ਕਰਨ ਨਾਲ ਬਹੁਤ ਹੈਰਾਨੀਜਨਕ ਨਤੀਜੇ ਆ ਰਹੇ ਹਨ, ਜਿਵੇਂ ਸਰ੍ਹੋਂ ਦੇ ਇਕ ਬੀਜ ਨਾਲ ਅਗਲੇ ਸਾਲ 40 ਏਕੜ ਦਾ ਬੀਜ ਤਿਆਰ ਹੋਵੇਗਾ। ਇਕ ਗੰਨੇ ਨਾਲ ਅਗਲੇ ਸਾਲ 3 ਏਕੜ ਦਾ ਬੀਜ ਤਿਆਰ ਹੋਵੇਗਾ ਤੇ ਕਣਕ ਦੇ 10 ਬੀਜ ਨਾਲ ਅਗਲੇ ਸਾਲ ਇਕ ਏਕੜ ਦਾ ਬੀਜ ਤਿਆਰ ਹੁੰਦਾ ਹੈ। ਇਹ ਸਿਰਫ ਤੇ ਸਿਰਫ ਭਗਵਾਨ (ਜ਼ਮੀਨ, ਗਗਨ, ਹਵਾ, ਪਾਣੀ) ਦਾ ਹੀ ਕਰਿਸ਼ਮਾ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ’ਚ ਉਕਤ ਮਤਾ ਪਾਸ ਹੋਣ ਨਾਲ ਬੀਜ, ਖਾਦ ਦੀ ਬੱਚਤ ਹੋਵੇਗੀ ਅਤੇ ਵਾਤਾਵਰਣ ਸਵੱਛ ਹੋਣ ਨਾਲ ਕਿਸਾਨਾਂ ਦੀ ਆਮਦਨੀ ਵਧੇਗੀ।

ਇਹ ਵੀ ਪੜ੍ਹੋ: ਗਲਤ ਟਰੈਕ 'ਤੇ ਚੱਲੀ ਮਾਲਗੱਡੀ ਦੇ ਮਾਮਲੇ 'ਚ ਰੇਲਵੇ ਦੀ ਵੱਡੀ ਕਾਰਵਾਈ, ਲੋਕੋ ਪਾਇਲਟ ਤੇ ਗਾਰਡ ਤਲਬ

ਕੋਈ ਵੀ ਸਰਕਾਰ ਸਾਡੀ ਭੂਮੀ ਤੇ ਪਾਣੀ ਨੂੰ ਬਚਾਉਣ ਨਹੀਂ ਆਵੇਗੀ : ਐੱਚ. ਐੱਸ. ਫੂਲਕਾ
ਮਿਸ਼ਨ ਸੰਪੂਰਨ ਖੇਤੀ ਪੂਰਨ ਰੋਜ਼ਗਾਰ ਦੇ ਪੈਟਰਨ ਤੇ ਸੁਪਰੀਮ ਕੋਰਟ ਦੇ ਸੀਨੀ. ਐਡਵੋਕੇਟ ਪਦਮਸ਼੍ਰੀ ਐੱਚ. ਐੱਸ. ਫੂਲਕਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਖੇਤੀ ਨੂੰ ਬਚਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਸਾਡੀ ਭੂਮੀ ਤੇ ਪਾਣੀ ਨੂੰ ਬਚਾਉਣ ਨਹੀਂ ਆਵੇਗੀ। ਸਾਨੂੰ ਖੁਦ ਨੂੰ ਚੌਕਸ ਹੋਣਾ ਪਵੇਗਾ। ਸਾਨੂੰ ਆਪਣੀ ਜ਼ਮੀਨ ਖ਼ੁਦ ਹੀ ਬਚਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਗੁੱਡ ਗਰੋ ਕ੍ਰੋਪਿੰਗ ਸਿਸਟਮ ਫਗਵਾੜਾ ਤਕਨੀਕ ਕਿਸਾਨਾਂ ਨੂੰ ਵੱਖ-ਵੱਖ ਸਮੱਸਿਆਵਾਂ ਤੋਂ ਬਚਾਉਣ ਵਾਲਾ ਸਿਸਟਮ ਹੈ। ਉਨ੍ਹਾਂ ਕਿਹਾ ਕਿ ਉਕਤ ਸੰਸਥਾ ਨਾਲ ਜੁੜੇ ਮੈਨੂੰ ਤਾਂ ਕੁਝ ਹੀ ਸਮਾਂ ਹੋਇਆ ਹੈ ਪਰ ਸ਼੍ਰੀ ਵਿਜੇ ਚੋਪੜਾ ਸ਼ੁਰੂ ਤੋਂ ਹੀ ਇਸ ਸੰਸਥਾ ਨਾਲ ਜੁੜ ਕੇ ਆਪਣੀ ਅਖਬਾਰ ਰਾਹੀਂ ਕਿਸਾਨਾਂ ਨੂੰ ਜਾਗ੍ਰਿਤ ਕਰ ਦੇਸ਼ ਦੀ ਕਿਸਾਨੀ ਨੂੰ ਬਚਾਉਣ ’ਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਰਦਰਾ ਅਵਤਾਰ ਸਿੰਘ ਫਗਵਾੜਾ ਨੇ ਇਕ ਅਜਿਹੀ ਮਸ਼ੀਨ ਤਿਆਰ ਕਰਵਾਈ ਹੈ, ਜੋ ਬੈੱਡ ਬਣਾਉਣ ਦੇ ਨਾਲ-ਨਾਲ ਵੱਖ-ਵੱਖ ਤਰ੍ਹਾਂ ਦੀਆਂ ਫਸਲਾਂ ਦੀ ਬੁਆਈ ਕਰਦੀ ਹੈ। ਉਕਤ ਮਸ਼ੀਨ ਨੂੰ ਕੋਈ ਵੀ ਕਿਸਾਨ ਫਸਲ ਬੋਣ ਲਈ ਫ੍ਰੀ ਲੈ ਜਾ ਸਕਦਾ ਹੈ। ਇਸ ਤਰ੍ਹਾਂ ਬੈੱਡ ਮੇਕਰ ਤੇ ਝੋਨੇ ਦੀ ਏ. ਐੱਸ. ਆਰ ਵਿਧੀ ਨਾਲ ਬੁਆਈ ਕਰਨ ਦੀ ਮਸ਼ੀਨ ਜ਼ਿਲਾ ਬਰਨਾਲਾ ਦੇ ਮੇਰੇ ਪਿੰਡ ਭਦੌੜ ’ਚ ਕਿਸਾਨਾਂ ਲਈ ਫ੍ਰੀ ਬੁਆਈ ਕਰਨ ਲਈ ਖੜ੍ਹੀ ਹੈ।

ਉਥੇ ਖੇਤੀ ਸਤਿਸੰਗ ’ਚ ਦਿੱਲੀ ਤੋਂ ਆਈ ਜੋਤੀ ਸ਼ਰਮਾ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਦਲਜੀਤ, ਡਾ. ਬਲਦੇਵ ਸਿੰਘ, ਚੇਅਰਮੈਨ ਪਨਸੀਡ ਪੰਜਾਬ ਮਹਿੰਦਰ ਸਿੰਘ ਸਿੱਧੂ, ਪ੍ਰੀਤਮ ਸਿੰਘ ਜੌਹਲ, ਪ੍ਰਦੀਪ ਸਿੰਘ ਛੁਨੇਜਾ ਆਦਿ ਬੁਲਾਰਿਆਂ ਨੇ ਆਪਣੇ-ਆਪਣੇ ਵਿਚਾਰ ਰੱਖੇ। ਇਸ ਮੌਕੇ ’ਤੇ ਸੰਜੀਵ ਸ਼ਰਮਾ ਨਵੀਂ ਦਿੱਲੀ, ਪ੍ਰੋ. ਹਰਜੀਤ ਸਿੰਘ, ਸੁਖਦੇਵ ਸਿੰਘ ਮੂਸੇਵਾਲ, ਸੁਖਜੀਤ ਸਿੰਘ, ਸ਼ਮਸ਼ੇਰ ਸਿੰਘ, ਹਰਵਿੰਦਰਸਿੰਘ, ਉਪਕਾਰ ਸਿੰਘ, ਚਰਨਜੀਤ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਸ਼ਿਵ ਚਰਨ ਸਿੰਘ, ਰਾਮਬੀਰ ਸਿੰਘ ਅਲੀਗੜ੍ਹ ਉੱਤਰ ਪ੍ਰਦੇਸ਼, ਸ਼ਿਆਮ ਸੁੰਦਰ ਸਿੰਘ ਅਲੀਗੜ੍ਹ ਉੱਤਰ ਪ੍ਰਦੇਸ਼, ਗੁੱਡੂ ਸਿੰਘ ਲਖੀਮਪੁਰ ਖੀਰੀ, ਅਰਜੁਨ ਸਿੰਘ ਮਹਾਰਾਸ਼ਟਰ ਸਣੇ ਹਰਿਆਣਾ, ਰਾਜਸਥਾਨ ਤੇ ਪੰਜਾਬ ਦੇ ਕਈ ਜ਼ਿਲਿਆਂ ਤੋਂ ਭਾਰੀ ਗਿਣਤੀ ’ਚ ਕਿਸਾਨ ਸ਼ਾਮਲ ਹੋਏ।

ਇਹ ਵੀ ਪੜ੍ਹੋ: ਹੈਰਾਨੀਜਨਕ ਖ਼ੁਲਾਸਾ: ਸਦੀ ਦੇ ਅੰਤ ਤੱਕ ਭਿਆਨਕ ਗਰਮੀ ਨਾਲ ਹੋ ਸਕਦੀ ਹੈ 1 ਕਰੋੜ ਤੋਂ ਵੱਧ ਲੋਕਾਂ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News