ਮਹਿੰਗੇ ਹੋਣਗੇ TV, ਕੀਮਤਾਂ 'ਚ 7 ਫੀਸਦੀ ਹੋ ਸਕਦੈ ਵਾਧਾ

Monday, Feb 26, 2018 - 10:14 AM (IST)

ਮਹਿੰਗੇ ਹੋਣਗੇ TV, ਕੀਮਤਾਂ 'ਚ 7 ਫੀਸਦੀ ਹੋ ਸਕਦੈ ਵਾਧਾ

ਨਵੀਂ ਦਿੱਲੀ— ਐੱਲ. ਈ. ਡੀ. ਟੈਲੀਵਿਜ਼ਨ ਜਲਦ ਹੀ ਮਹਿੰਗੇ ਹੋ ਸਕਦੇ ਹਨ। ਪ੍ਰਮੁੱਖ ਟੀ. ਵੀ. ਨਿਰਮਾਤਾ ਕੰਪਨੀਆਂ ਸੋਨੀ, ਐੱਲ. ਜੀ., ਪੈਨਾਸੋਨਿਕ ਅਤੇ ਸੈਮਸੰਗ ਆਪਣੇ ਐੱਲ. ਈ. ਡੀ., ਓ. ਐੱਲ. ਈ. ਡੀ. ਟੈਲੀਵਿਜ਼ਨ ਸੈੱਟ ਦੀਆਂ ਕੀਮਤਾਂ 'ਚ 7 ਫੀਸਦੀ ਤਕ ਵਾਧੇ ਦੀ ਤਿਆਰੀ ਕਰ ਰਹੀਆਂ ਹਨ। ਪੈਨਾਸੋਨਿਕ ਐੱਲ. ਈ. ਡੀ., ਓ. ਐੱਲ. ਈ. ਡੀ. ਟੈਲੀਵਿਜ਼ਨ ਦੀਆਂ ਕੀਮਤਾਂ 'ਚ 2 ਤੋਂ 7 ਫੀਸਦੀ ਦਾ ਵਾਧਾ ਕਰੇਗੀ। ਸੈਮਸੰਗ ਕੰਪਨੀ ਵੀ ਕੀਮਤਾਂ ਵਧਾਉਣ 'ਤੇ ਕੰਮ ਕਰ ਰਹੀ ਹੈ। ਕਸਟਮ ਡਿਊਟੀ 'ਚ ਵਾਧੇ ਦੇ ਅਸਰ ਨੂੰ ਘੱਟ ਕਰਨ ਲਈ ਕੰਪਨੀਆਂ ਇਹ ਕਦਮ ਚੁੱਕਣ ਜਾ ਰਹੀਆਂ ਹਨ। ਕੰਪਨੀਆਂ ਦਾ ਮੰਨਣਾ ਹੈ ਕਿ ਕਸਟਮ ਡਿਊਟੀ ਵਧਣ ਨਾਲ ਛੋਟੀ ਮਿਆਦ 'ਚ ਉਨ੍ਹਾਂ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ। ਕੰਜ਼ਿਊਮਰ ਇਲੈਕਟ੍ਰਾਨਿਕਸ ਐਂਡ ਅਪਲਾਇੰਸਿਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਸਿਏਮਾ) ਨੇ ਡਿਊਟੀ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਸਿਏਮਾ ਦੇ ਪ੍ਰਧਾਨ ਮਨੀਸ਼ ਸ਼ਰਮਾ ਨੇ ਕਿਹਾ ਕਿ ਕੀਮਤਾਂ 'ਚ ਵਾਧੇ ਨਾਲ ਮੰਗ ਪ੍ਰਭਾਵਿਤ ਹੋਵੇਗੀ ਅਤੇ ਛੋਟੀ ਮਿਆਦ 'ਚ ਪੈਨਲ ਉਦਯੋਗ 'ਤੇ ਅਸਰ ਪਵੇਗਾ। ਇਹ ਉਦਯੋਗ ਪਿਛਲੇ ਲਗਾਤਾਰ 2 ਸਾਲ ਤੋਂ ਖਰਾਬ ਸਮਾਂ ਝੱਲ ਰਿਹਾ ਹੈ। ਸ਼ਰਮਾ ਨੇ ਕਿਹਾ ਕਿ ਸਿਏਮਾ ਨੇ ਇਸ ਕਸਟਮ ਡਿਊਟੀ ਨੂੰ ਵਾਪਸ ਲੈਣ ਲਈ ਸਰਕਾਰ ਅਤੇ ਵਿੱਤ ਮੰਤਰਾਲਾ ਨਾਲ ਗੱਲਬਾਤ ਸ਼ੁਰੂ ਕੀਤੀ ਹੈ।

ਪੈਨਾਸੋਨਿਕ ਇੰਡੀਆ ਦੇ ਕਾਰੋਬਾਰ ਪ੍ਰਮੁੱਖ (ਖਪਤਕਾਰ ਇਲੈਕਟ੍ਰਾਨਿਕਸ ਸ਼੍ਰੇਣੀ) ਨੀਰਜ ਬਹਿਲ ਨੇ ਕਿਹਾ, ''ਪ੍ਰਸਤਾਵਿਤ ਕਸਟਮ ਡਿਊਟੀ ਵਾਧੇ ਨਾਲ ਐੱਲ. ਈ. ਡੀ. ਅਤੇ ਓ. ਐੱਲ. ਈ. ਡੀ. ਦੇ ਮੁੱਲ ਵਧਣਗੇ, ਜਿਸ ਨਾਲ ਖਪਤਕਾਰ ਮੰਗ 'ਤੇ ਅਸਰ ਪਵੇਗਾ। ਅਸੀਂ ਕੀਮਤਾਂ 'ਚ 2 ਤੋਂ 7 ਫੀਸਦੀ ਦਾ ਵਾਧਾ ਕਰਾਂਗੇ।''
ਓਧਰ ਸੈਮਸੰਗ ਵੀ ਆਪਣੇ ਟੀ. ਵੀ. ਸੈੱਟ ਦੀਆਂ ਕੀਮਤਾਂ 'ਚ 5 ਤੋਂ 6 ਫੀਸਦੀ ਦਾ ਵਾਧਾ ਕਰੇਗੀ। ਐੱਲ. ਜੀ. ਇਲੈਕਟ੍ਰਾਨਿਕਸ ਇੰਡੀਆ ਵੀ ਕੀਮਤਾਂ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਸੋਨੀ ਇੰਡੀਆ ਬਰੇਵੀਆ ਦੇ ਕਾਰੋਬਾਰ ਪ੍ਰਮੁੱਖ ਸਚਿਨ ਰਾਏ ਨੇ ਕਿਹਾ ਕਿ ਅਜੇ ਕੰਪਨੀ ਨੇ ਮੁੱਲ ਨਹੀਂ ਵਧਾਏ ਹਨ ਪਰ ਉਹ ਇਸ ਡਿਊਟੀ ਦੇ ਮੱਧ ਅਤੇ ਲੰਮੀ ਮਿਆਦ ਦੇ ਅਸਰ ਦਾ ਮੁਲਾਂਕਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਵਿੱਖ 'ਚ ਸਾਨੂੰ ਕੀਮਤਾਂ 'ਚ ਵਾਧਾ ਕਰਨਾ ਪੈ ਸਕਦਾ ਹੈ।


Related News