ਟਰੱਕਾਂ ਦੀ ਵਿਕਰੀ ਅੱਧੀ ਤੋਂ ਜ਼ਿਆਦਾ ਘਟੀ
Wednesday, Sep 04, 2019 - 12:23 PM (IST)
ਮੁੰਬਈ — ਦਰਮਿਆਨੇ ਅਤੇ ਭਾਰੀ ਵਪਾਰਕ ਵਾਹਨ(ਬੱਸਾਂ ਨੂੰ ਛੱਡ ਕੇ) ਦੀ ਵਿਕਰੀ ਆਮਤੌਰ 'ਤੇ ਆਰਥਿਕ ਗਤੀਵਿਧੀਆਂ ਦੇ ਪੈਮਾਨੇ ਵਜੋਂ ਜਾਣੀ ਜਾਂਦੀ ਹੈ ਜਿਸ ਦੀ ਵਿਕਰੀ ਅਗਸਤ ਦੇ ਮਹੀਨੇ ਅੱਧੀ ਤੋਂ ਵੀ ਜ਼ਿਆਦਾ ਘੱਟ ਗਈ ਸੀ। ਅਰਥਵਿਵਸਥਾ 'ਚ ਨਰਮੀ ਦੇ ਕਾਰਨ ਖਪਤ ਮੰਗ ਘੱਟ ਹੈ ਜਿਸ ਨਾਲ ਟਰਾਂਸਪੋਰਟਰ ਆਪਣੇ ਕੋਲ ਮੌਜੂਦ ਵਪਾਰਕ ਵਾਹਨਾਂ ਦੇ ਕਾਫਿਲੇ ਦਾ ਹੀ ਪੂਰਾ ਇਸਤੇਮਾਲ ਹੀ ਨਹੀਂ ਕਰ ਪਾ ਰਹੇ। ਇਸ ਲਈ ਉਹ ਨਵੇਂ ਵਾਹਨ ਨਹੀਂ ਖਰੀਦ ਰਹੇ ਹਨ ਜਿਸ ਦਾ ਸਿੱਧਾ ਅਸਰ ਵਪਾਰਕ ਵਾਹਨਾਂ ਦੀ ਵਿਕਰੀ 'ਤੇ ਪਿਆ ਹੈ। ਜੂਨ ਤਿਮਾਹੀ 'ਚ ਦੇਸ਼ ਦੇ ਕੁੱਲ ਘਰੇਲੂ ਉਤਪਾਦ ਦੀ ਵਾਧਾ ਦਰ 5 ਫੀਸਦੀ ਰਹੀ ਜਿਹੜੀ ਕਿ 6 ਸਾਲ 'ਚ ਸਭ ਤੋਂ ਘੱਟ ਹੈ।
ਅੱਧੀ ਤੋਂ ਜ਼ਿਆਦਾ ਡਿੱਗੀ ਵਿਕਰੀ ਦਰ
ਦੇਸ਼ ਦੇ ਚਾਰ ਪ੍ਰਮੁੱਖ ਦਰਮਿਆਮਨੇ ਅਤੇ ਭਾਰੀ ਵਪਾਰਕ ਵਾਹਨ ਨਿਰਮਾਤਾ- ਟਾਟਾ ਮੋਟਰਜ਼, ਅਸ਼ੋਕ ਲੀਲੈਂਡ, ਵੋਲਵੋ ਆਇਸ਼ਰ ਅਤੇ ਮਹਿੰਦਰਾ ਐਂਡ ਮਹਿੰਦਰਾ ਦੀ ਕੁੱਲ ਵਿਕਰੀ ਪਿਛਲੇ ਸਾਲ ਅਗਸਤ ਮਹੀਨੇ ਦੀ ਤੁਲਨਾ 'ਚ 59.5 ਫੀਸਦੀ ਡਿੱਗ ਕੇ 32,067 ਵਾਹਨ ਰਹਿ ਗਈ। ਵਿਕਰੀ ਵਧਾਉਣ ਲਈ ਟਰੱਕ ਨਿਰਮਾਤਾ ਕੰਪਨੀਆਂ ਭਾਰੀ ਭਾਰ(49 ਟਨ ਤੋਂ ਜ਼ਿਆਦਾ ਸਮਰੱਥਾ) ਵਾਲੇ ਵਾਹਨਾਂ 'ਤੇ 8 ਤੋਂ ਲੱਖ ਰੁਪਏ ਤੱਕ ਦੀ ਛੋਟ ਦੇ ਰਹੀ ਹੈ। ਇਨ੍ਹਾਂ ਕੰਪਨੀਆਂ ਦੀ ਆਸ ਹੁਣ ਤਿਉਹਾਰੀ ਮੌਸਮ 'ਤੇ ਟਿਕ ਗਈ ਹੈ। ਅਗਸਤ 'ਚ ਕੁੱਲ ਵਿਕਰੀ 'ਚ ਗਿਰਾਵਟ ਮੁੱਖ ਰੂਪ ਨਾਲ ਦੋ ਸਿਖਰ ਕੰਪਨੀਆਂ ਦੀ ਵਿਕਰੀ ਘੱਟ ਰਹਿਣ ਨਾਲ ਆਈ ਹੈ।
ਬਜ਼ਾਰ ਦੀ ਸਿਖਰ ਕੰਪਨੀ ਟਾਟਾ ਮੋਟਰਜ਼ ਦੇ ਭਾਰੀ ਮਾਲ ਸਮਰੱਥਾ ਵਾਲੇ ਟਰੱਕਾਂ ਦੀ ਵਿਕਰੀ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ 'ਚ 58 ਫੀਸਦੀ ਘੱਟ ਕੇ 5,340 ਟਰੱਕ ਰਹਿ ਗਈ। ਇਸ ਸ਼੍ਰੇਣੀ 'ਚ ਅਸ਼ੋਕ ਲੇਲੈਂਡ ਦੀ ਵਿਕਰੀ 70 ਫੀਸਦ ਘਟ ਕੇ 3,336 ਟਰੱਕਾਂ ਉੱਤੇ ਆ ਗਈ। ਟਾਟਾ ਮੋਟਰਜ਼ ਦੇ ਵਪਾਰਕ ਵਾਹਨ ਕਾਰੋਬਾਰ ਦੇ ਪ੍ਰਧਾਨ ਗਿਰੀਸ਼ ਵਾਘ ਨੇ ਕਿਹਾ, "ਕਮਜ਼ੋਰ ਮੰਗ ਕਾਰਨ ਭਾੜੇ ਦੀ ਉਪਲਬਧਤਾ ਘੱਟ ਹੈ ਅਤੇ ਮਾਲ-ਭਾੜਾ ਵੀ ਘੱਟ ਹੋਇਆ ਹੈ, ਜਿਸ ਨਾਲ ਵਪਾਰਕ ਵਾਹਨਾਂ ਦੀ ਮੰਗ ਪ੍ਰਭਾਵਤ ਹੋਈ।" ਉਨ੍ਹਾਂ ਕਿਹਾ ਕਿ ਅਗਸਤ ਵਿੱਚ ਕੰਪਨੀ ਦੇ ਵਾਹਨਾਂ ਦੀ ਪ੍ਰਚੂਨ ਵਿਕਰੀ ਥੋਕ ਥੋਕ ਨਾਲੋਂ 25 ਫੀਸਦ ਵੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਾਲ ਹੀ 'ਚ ਐਲਾਨੇ ਗਏ ਪ੍ਰੋਤਸਾਹਨ ਉਪਾਵਾਂ ਦੀ ਵਿਕਰੀ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ਦੀ ਉਮੀਦ ਹੈ। ਵੋਲਵੋ ਆਈਸ਼ਰ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਅਗਸਤ ਵਿੱਚ 41.7 ਪ੍ਰਤੀਸ਼ਤ ਅਤੇ ਮਹਿੰਦਰਾ ਐਂਡ ਮਹਿੰਦਰਾ ਵਿੱਚ 69 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ। ਵੋਲਵੋ ਆਈਸ਼ਰ ਦੇ ਪ੍ਰਬੰਧ ਨਿਰਦੇਸ਼ਕ ਵਿਨੋਦ ਅਗਰਵਾਲ ਨੇ ਕਿਹਾ, "ਅਸੀਂ ਉਮੀਦ ਕਰਦੇ ਹਾਂ ਕਿ ਤਿਉਹਾਰਾਂ ਅਤੇ ਬੀਐਸ -6 ਦੇ ਮਾਪਦੰਡ ਲਾਗੂ ਹੋਣ ਤੋਂ ਪਹਿਲਾਂ ਟਰੱਕਾਂ ਦੀ ਵਿਕਰੀ ਵਿੱਚ ਵਾਧਾ ਹੋਵੇਗਾ।" ਪਰ ਵਾਹਨ ਨਿਰਮਾਤਾਵਾਂ ਦੀ ਇਕ ਸੰਗਠਨ ਸਿਆਮ ਦੇ ਪ੍ਰਧਾਨ ਰਾਜਨ ਵਡੇਰਾ ਨੇ ਕਿਹਾ, “ਟਰੱਕ ਉਦਯੋਗ ਵਿਚ ਸਥਿਤੀ ਬਹੁਤ ਮਾੜੀ ਹੈ। ਵਿਕਰੀ ਵਧਾਉਣ ਲਈ ਹਰ ਟਰੱਕ 'ਤੇ 8 ਤੋਂ 9 ਲੱਖ ਦੀ ਛੂਟ ਦਿੱਤੀ ਜਾ ਰਹੀ ਹੈ। ਮੈਨੂੰ ਨਹੀਂ ਲਗਦਾ ਕਿ ਵਿਕਰੀ ਉਦੋਂ ਤੱਕ ਵਧੇਗੀ ਜਦੋਂ ਤੱਕ ਆਰਥਿਕਤਾ ਵਿੱਚ ਸੁਧਾਰ ਨਹੀਂ ਹੁੰਦਾ। ' ਆਈਕਰਾ ਵਿਖੇ ਸੈਕਟਰ ਹੈੱਡ ਅਤੇ ਕਾਰਪੋਰੇਟ ਰੇਟਿੰਗ ਦੇ ਉਪ ਪ੍ਰਧਾਨ ਸ਼ਮਸ਼ੇਰ ਦੀਵਾਨ ਨੇ ਕਿਹਾ ਕਿ ਨਵੇਂ ਵਪਾਰਕ ਵਾਹਨਾਂ ਦੀ ਐਕਸ-ਸ਼ੋਅਰੂਮ ਕੀਮਤ ਉੱਤੇ 10 ਤੋਂ 15 ਪ੍ਰਤੀਸ਼ਤ ਦੀ ਛੋਟ ਜਾਰੀ ਰਹਿ ਸਕਦੀ ਹੈ। ਆਈਐਫਟੀਆਰਟੀ ਦੇ ਅਨੁਸਾਰ, ਬਹੁਤੇ ਉਦਯੋਗਿਕ ਸਮੂਹਾਂ ਦੀਆਂ ਫੈਕਟਰੀਆਂ ਤੋਂ ਤਿਆਰ ਮਾਲ ਦੀ ਸਪਲਾਈ ਵਿੱਚ 25 ਤੋਂ 30 ਪ੍ਰਤੀਸ਼ਤ ਦੀ ਕਮੀ ਆਈ ਹੈ. ਇਸ ਦਾ ਅਸਰ ਟਰੱਕਾਂ ਦੇ ਭਾੜੇ 'ਤੇ ਪਿਆ ਹੈ।
