ਫਾਸਟੈਗ ਨਾਲ ਟਰੱਕ ਮਾਲਕਾਂ ਨੂੰ ਹਰ ਦਿਨ ਤਿੰਨ ਕਰੋੜ ਦਾ ਨੁਕਸਾਨ : ਰਿਪੋਰਟ
Wednesday, Dec 23, 2020 - 08:25 PM (IST)
ਨਵੀਂ ਦਿੱਲੀ- ਲੌਜਿਸਟਿਕ ਟੈਕ ਸਟਾਰਟਅਪ, ਵ੍ਹੀਲਜ਼ ਆਈ ਟੈਕਨਾਲੋਜੀ ਨੇ ਟਰੱਕ ਮਾਲਕਾਂ ਦੇ ਨਾਲ ਕੀਤੇ ਗਏ ਇਕ ਸਰਵੇ ਦੇ ਆਧਾਰ 'ਤੇ ਕਿਹਾ ਹੈ ਕਿ ਟੋਲ ਪਲਾਜ਼ਿਆਂ 'ਤੇ ਫਾਸਟੈਗ ਨਾਲ ਗਲਤ ਲੈਣ-ਦੇਣ ਕਾਰਨ ਟਰੱਕ ਸੰਚਾਲਕਾਂ ਨੂੰ ਹਰ ਦਿਨ ਦੋ ਤੋਂ ਤਿੰਨ ਕਰੋੜ ਰੁਪਏ ਦਾ ਨੁਕਸਾਨ ਸਹਿਣਾ ਪੈ ਰਿਹਾ ਹੈ।
ਕੰਪਨੀ ਨੇ ਇਹ ਦਾਅਵਾ 5 ਲੱਖ ਤੋਂ ਵੱਧ ਫਾਸਟੈਗ ਯੂ਼ਜ਼ਰਜ਼ 'ਤੇ ਕੀਤੀ ਗਈ ਰਿਸਰਚ ਦੇ ਆਧਾਰ 'ਤੇ ਕੀਤਾ ਹੈ। ਉਸ ਦਾ ਦਾਅਵਾ ਹੈ ਕਿ ਹਰ ਚਾਰ ਵਿਚੋਂ ਇਕ ਫਾਸਟੈਗ ਲੈਣ-ਦੇਣ ਗ਼ਲਤ ਹੁੰਦਾ ਹੈ, ਨਤੀਜੇ ਵਜੋਂ ਟਰੱਕ ਮਾਲਕ ਹਰ ਰੋਜ਼ ਆਪਣੀ ਸਖ਼ਤ ਮਿਹਨਤ ਦਾ ਹਿੱਸਾ ਗੁਆ ਦਿੰਦੇ ਹਨ।
ਕੰਪਨੀ ਨੇ ਕਿਹਾ ਕਿ ਇਸ ਸਰਵੇਖਣ ਨੇ ਸਟਾਰਟਅਪ ਨੂੰ ਇਕ ਸਵੈ-ਚਾਲਤ ਪਛਾਣ ਪ੍ਰਕਿਰਿਆ ਅਤੇ ਫਾਸਟੈਗ ਤੋਂ ਗਲਤ ਜਾਂ ਦੋਹਰੇ ਟੋਲ ਕਟੌਤੀਆਂ ਲਈ ਰਿਫੰਡ ਦੀ ਸਹੂਲਤ ਵਿਕਸਤ ਕਰਨ ਲਈ ਪ੍ਰੇਰਿਤ ਕੀਤਾ ਹੈ। ਉਸ ਨੇ ਇਕ ਬਿਆਨ ਵਿਚ ਕਿਹਾ ਕਿ ਪਹਿਲੀ ਵਾਰ ਲਾਗੂ ਕੀਤੀ ਜਾ ਰਹੀ ਇਸ ਸਹੂਲਤ ਵਿਚ ਏ. ਆਈ.-ਆਧਾਰਤ ਸਵੈ-ਚਾਲਤ ਪਛਾਣ ਪ੍ਰਕਿਰਿਆ ਸ਼ਾਮਲ ਹੈ ਅਤੇ ਉਨ੍ਹਾਂ ਯੂਜ਼ਰਜ਼ ਨੂੰ ਆਪਣੇ-ਆਪ ਪੈਸਾ ਵਾਪਸ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ 'ਤੇ ਵਾਧੂ ਚਾਰਜ ਲਾਇਆ ਗਿਆ ਹੋਵੇ। ਇਹ ਤਕਨਾਲੋਜੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਅਤੇ ਆਈ. ਡੀ. ਐੱਫ. ਸੀ. ਬੈਂਕ ਦੇ ਸਹਿਯੋਗ ਨਾਲ ਵਿਕਸਤ ਕੀਤੀ ਗਈ ਹੈ।