5-ਜੀ ਸਪੈਕਟਰਮ ਮੁੱਲ ਨਿਰਧਾਰਣ ’ਤੇ ਟਰਾਈ ਦੀਆਂ ਸਿਫਾਰਸ਼ਾਂ ਬਹੁਤ ਛੇਤੀ
Wednesday, Mar 30, 2022 - 10:55 AM (IST)
ਨਵੀਂ ਦਿੱਲੀ– ਟੈਲੀਕਾਮ ਰੈਗੁਲੇਟਰ ਟਰਾਈ ਦੀ 5-ਜੀ ਸਪੈਕਟਰਮ ਮੁੱਲ ਨਿਰਧਾਰਣ ’ਤੇ ਚਿਰਾਂ ਤੋਂ ਉਡੀਕੀਆਂ ਜਾ ਰਹੀਆਂ ਸਿਫਾਰਸ਼ਾਂ ਅਗਲੇ 7 ਤੋਂ 10 ਦਿਨਾਂ ’ਚ ਸਾਹਮਣੇ ਆਉਣਗੀਆਂ। ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਟੀ (ਟਰਾਈ) ਦੇ ਸਕੱਤਰ ਵੀ. ਰਘੁਨੰਦਨ ਨੇ ਦੱਸਿਆ ਕਿ ਸਪੈਕਟ੍ਰਮ ਸੰਦਰਭ ’ਚ ਕਈ ਬੈਂਡ ਸ਼ਾਮਲ ਹਨ ਅਤੇ ਇਸ ਤਰ੍ਹਾਂ ਇਸ ’ਤੇ ਵਿਸਥਾਰ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਅਸੀਂ ਆਖਰੀ ਪੜਾਅ ’ਚ ਹਾਂ ਅਤੇ ਛੇਤੀ ਹੀ 7-10 ਦਿਨਾਂ ’ਚ ਸਿਫਾਰਿਸ਼ਾਂ ਪੇਸ਼ ਕਰਾਂਗੇ।
ਸਪੈਕਟ੍ਰਮ ਮੁੱਲ ਨਿਰਧਾਰਣ ਅਤੇ ਹੋਰ ਬਾਰੀਕੀਆਂ ’ਤੇ ਟਰਾਈ ਦੇ ਵਿਚਾਰ ਕਾਫ਼ੀ ਮਹੱਤਵਪੂਰਣ ਹਨ। ਇਹ ਨਿਲਾਮੀ 5-ਜੀ ਦੀਆਂ ਸੇਵਾਵਾਂ ਦੇ ਬਾਅਦ ਤੋਂ ਰੋਲਆਊਟ ਦੀ ਰਫ਼ਤਾਰ ਨਿਰਧਾਰਤ ਕਰੇਗਾ। ਇਹ ਅਲਟਰਾ ਹਾਈ ਸਪੀਡ ਅਤੇ ਨਵੇਂ ਜਮਾਨੇ ਦੀਆਂ ਸੇਵਾਵਾਂ ਅਤੇ ਕਾਰੋਬਾਰੀ ਮਾਡਲ ਦੀ ਸ਼ੁਰੂਆਤ ਕਰੇਗਾ। ਦੂਰਸੰਚਾਰ ਉਦਯੋਗ ਮਾਰਚ ਦੇ ਅੰਤ ਤੱਕ ਰੈਗੂਲੇਟਰ ਦੀਆਂ ਸਿਫਾਰਸ਼ਾਂ ਦੇ ਆਉਣ ਦੀ ਉਮੀਦ ਕਰ ਰਿਹਾ ਸੀ।
5-ਜੀ ਨਿਲਾਮੀ ਦੀ ਤਿਆਰੀ
ਦੂਰਸੰਚਾਰ ਰੈਗੂਲੇਟਰ ਨੇ ਪਿਛਲੇ ਸਾਲ ਨਵੰਬਰ ਦੇ ਅੰਤ ’ਚ ਇਕ ਵਿਸਥਾਰਤ ਸਲਾਹ ਪੱਤਰ ਜਾਰੀ ਕੀਤਾ ਸੀ। ਇਸ ਦਾ ਮੰਤਵ ਮੁੱਲ ਨਿਰਧਾਰਣ, ਮਾਤਰਾ ਅਤੇ ਹੋਰ ਸ਼ਰਤਾਂ ਸਮੇਤ ਕਈ ਬੈਂਡਾਂ ’ਚ ਸਪੈਕਟ੍ਰਮ ਦੀ ਨਿਲਾਮੀ ਦੇ ਤੌਰ-ਤਰੀਕਿਆਂ ’ਤੇ ਚਰਚਾ ਕਰਨਾ ਸੀ। ਨਾਲ ਹੀ ਅਗਲੀ 5-ਜੀ ਨਿਲਾਮੀ ਲਈ ਆਧਾਰ ਤਿਆਰ ਕਰਨਾ ਸੀ।
ਟਰਾਈ ਹਰ ਪਹਿਲੂ ’ਤੇ ਕਰ ਰਿਹੈ ਕੰਮ
ਟਰਾਈ ਦੇ 207 ਪੇਜ ਦੇ ਸਲਾਹ ਪੱਤਰ ’ਚ ਉਦਯੋਗ-ਪੱਧਰੀ ਚਰਚਾ ਲਈ 74 ਸਵਾਲ ਪੇਸ਼ ਕੀਤੇ ਗਏ ਸਨ। ਇਨ੍ਹਾਂ ’ਚ 5-ਜੀ ਸਪੈਕਟ੍ਰਮ ਦਾ ਲੇਖਾ-ਜੋਖਾ ਅਤੇ ਰਾਖਵੀਂ ਮੁੱਲ, ਸਪੈਕਟ੍ਰਮ ਦੀ ਮਾਤਰਾ, ਬਲਾਕ ਆਕਾਰ, ਨਿਲਾਮੀ ’ਚ ਭਾਗ ਲੈਣ ਲਈ ਯੋਗਤਾ ਦੀਆਂ ਸ਼ਰਤਾਂ, ਰੋਲ- ਵਰਗੇ ਮਹੱਤਵਪੂਰਣ ਪਹਿਲੂਆਂ ’ਤੇ ਗੱਲ ਕੀਤੀ ਗਈ ਹੈ। 700 ਮੈਗਾਹਰਟਜ਼, 800 ਮੈਗਾਹਰਟਜ਼, 900 ਮੈਗਾਹਰਟਜ਼, 1800 ਮੈਗਾਹਰਟਜ਼, 2100 ਮੈਗਾਹਰਟਜ਼, 2300 ਮੈਗਾਹਰਟਜ਼, 2500 ਮੈਗਾਹਰਟਜ਼ ਵਰਗੇ ਬੈਂਡ ਤੋਂ ਇਲਾਵਾ 526-698 ਮੈਗਾਹਰਟਜ਼ ਅਤੇ ਮਿਲੀਮੀਟਰ ਬੈਂਡ 24.25–28.5 ਗੀਗਾਹਰਟਜ਼ ਵਰਗੀਆਂ ਨਵੀਂਆਂ ਫ੍ਰੀਕੁਐਂਸੀਆਂ ਲਈ ਵੀ ਕੰਮ ਕੀਤਾ ਜਾ ਰਿਹਾ ਹੈ।
ਚੱਲ ਰਿਹਾ ਟਰਾਇਲ
ਦੇਸ਼ ਦੀਆਂ ਸਾਰੀਆਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ 5-ਜੀ ਦਾ ਟਰਾਇਲ ਵੱਖ-ਵੱਖ ਸ਼ਹਿਰਾਂ ’ਚ ਕਰ ਰਹੀਆਂ ਹਨ। ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਤਿੰਨੇ ਕੰਪਨੀਆਂ ਮੁੰਬਈ, ਪੁਣੇ, ਗੁਜਰਾਤ, ਦਿੱਲੀ ਅਤੇ ਗੁਰੂਗ੍ਰਾਮ ਵਰਗੇ ਸ਼ਹਿਰਾਂ ’ਚ ਆਪਣੇ 5-ਜੀ ਨੈੱਟਵਰਕ ਦਾ ਟਰਾਇਲ ਕਰ ਰਹੀਆਂ ਹਨ। ਰਿਲਾਇੰਸ ਜੀਓ ਨੇ ਹਾਲ ਹੀ ’ਚ ਕਿਹਾ ਹੈ ਕਿ ਉਹ ਛੇਤੀ ਹੀ 1000 ਸ਼ਹਿਰਾਂ ’ਚ 5-ਜੀ ਲਾਂਚ ਦੀ ਤਿਆਰੀ ਕਰ ਰਹੀ ਹੈ।