ਟਰਾਈ ਲਿਆਉਣ ਜਾ ਰਹੀ ਹੈ ਇੰਟਰਨੈੱਟ ਟੈਲੀਫੋਨੀ ਫੀਚਰ, ਬਿਨਾਂ ਨੈੱਟਵਰਕ ਦੇ ਵੀ ਕਰ ਸਕੋਗੇ ਕਾਲ

10/25/2017 12:15:02 PM

ਜਲੰਧਰ- ਜਲਦੀ ਹੀ ਤੁਸੀਂ ਫੋਨ 'ਚ ਨੈੱਟਵਰਕ ਨਾ ਹੋਣ 'ਤੇ ਵੀ ਕਿਸੇ ਵੀ ਮੋਬਾਇਲ ਜਾਂ ਲੈਂਡਲਾਈਨ ਨੰਬਰ 'ਤੇ ਕਾਲ ਕਰ ਸਕੋਗੇ। ਟੈਲੀਕਾਮ ਰੈਗੂਲੇਟਰੀ ਟਰਾਈ ਨੇ ਇੰਟਰਨੈੱਟ ਟੈਲੀਫੋਨੀ ਤਕਨੀਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਯੂਜ਼ਰਸ ਵਾਈ-ਫਾਈ ਰਾਹੀਂ ਕਾਲਿੰਗ ਕਰ ਸਕਣਗੇ। 
ਇਸ ਫੈਸਲੇ ਦਾ ਪੁਰਾਣੀਆਂ ਟੈਲੀਕਾਮ ਕੰਪਨੀਆਂ ਵਿਰੋਧ ਕਰ ਰਹੀਆਂ ਹਨ, ਹਾਲਾਂਕਿ ਇਹ ਅਜਿਹੀ ਸਥਿਤੀ 'ਚ ਬੜਾ ਕਾਰਗਰ ਸਾਬਿਤ ਹੋਵੇਗਾ ਜਿਨ੍ਹਾਂ ਇਲਾਕਿਆਂ 'ਚ ਨੈੱਟਵਰਕ ਨਹੀਂ ਹੁੰਦਾ ਜਾਂ ਬੇਹੱਦ ਕਮਜ਼ੋਰ ਹੁੰਦਾ ਹੈ। ਇੰਟਰਨੈੱਟ ਟੈਲੀਫੋਨੀ ਲਈ ਟਰਾਈ ਨੇ ਦੂਰਸੰਚਾਰ ਵਿਭਾਗ ਨੂੰ ਆਪਣੀਆਂ ਸਿਫਾਰਿਸ਼ਾਂ ਸੌਂਪ ਦਿੱਤੀਆਂ ਹਨ। ਇਸ ਵਿਚ ਟਰਾਈ ਨੇ ਵਟਸਐਪ ਵਰਗੀ ਐਪ ਰਾਹੀਂ ਮੋਬਾਇਲ ਕੰਪਨੀਆਂ ਦੇ ਨੈੱਟਵਰਕ 'ਤੇ ਕਾਲ ਕਰਨ ਦੇ ਕੁਝ ਨਿਯਮਾਂ ਦੇ ਸੁਝਾਅ ਦਿੱਤੇ ਹਨ। ਟਰਾਈ ਦੀਆਂ ਸਿਫਾਰਿਸ਼ਾਂ 'ਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਇੰਟਰਨੈੱਟ ਟੈਲੀਫੋਨੀ ਐਪ ਨੂੰ ਮੋਬਾਇਲ ਨੰਬਰ ਸੀਰੀਜ਼ ਨਾਲ ਜੋੜਿਆ ਜਾਵੇਗਾ। ਦੂਰਸੰਚਾਰ ਕੰਪਨੀਆਂ ਕਾਲ ਲਈ ਭੁਗਤਾਨ ਲੈਣਗੀਆਂ ਅਤੇ ਉਨ੍ਹਾਂ 'ਤੇ ਆਮ ਕਾਲ ਨਾਲ ਜੁੜੇ ਸਾਰੇ ਨਿਯਮ ਲਾਗੂ ਹੋਣਗੇ। 
ਟਰਾਈ ਨੇ ਇੰਟਰਨੈੱਟ ਕਾਲਿੰਗ ਨੂੰ ਕਾਫੀ ਉਪਯੋਗੀ ਅਤੇ ਵੌਇਸ ਕਾਲਿੰਗ ਦਾ ਕਿਫਾਇਤੀ ਬਦਲ ਕਰਾਰ ਦਿੱਤਾ ਹੈ। ਟਰਾਈ ਮੁਤਾਬਕ ਇਹ ਉਨ੍ਹਾਂ ਇਲਾਕਿਆਂ 'ਚ ਕਾਲ ਸਫਲਤਾ ਦਰ ਨੂੰ ਵਧਾਏਗੀ ਜਿਥੇ ਪਬਲਿਕ ਇੰਟਰਨੈੱਟ ਤਾਂ ਉਪਲੱਬਧ ਹੈ ਪਰ ਕਿਸੇ ਕੰਪਨੀ ਦੇ ਨੈੱਟਵਰਕ ਨਾ ਆਉਂਦੇ ਹੋਣ। ਟਰਾਈ ਨੇ ਜਦੋਂ ਇਸ ਬਾਰੇ ਚਰਚਾ ਕੀਤੀ ਸੀ ਤਾਂ ਟੈਲੀਕਾਮ ਕੰਪਨੀਆਂ ਨੇ ਇਸ ਦਾ ਵਿਰੋਥ ਕੀਤਾ ਸੀ। ਕੰਪਨੀ ਨੂੰ ਡਰ ਹੈ ਕਿ ਇਸ ਨਾਲ ਵੌਇਸ ਕਾਲਿੰਗ ਨਾਲ ਹੋਣ ਵਾਲੀ ਉਨ੍ਹਾਂ ਦੀ ਕਮਾਈ 'ਤੇ ਫਰਕ ਪਵੇਗਾ।


Related News