ਅਗਸਤ ਵਿੱਚ ਵਪਾਰ ਘਾਟਾ ਵਧਿਆ, ਬਰਾਮਦ 20 ਮਹੀਨਿਆਂ ਬਾਅਦ ਪਹਿਲੀ ਵਾਰ ਘਟੀ

Sunday, Sep 04, 2022 - 11:07 AM (IST)

ਅਗਸਤ ਵਿੱਚ ਵਪਾਰ ਘਾਟਾ ਵਧਿਆ, ਬਰਾਮਦ 20 ਮਹੀਨਿਆਂ ਬਾਅਦ ਪਹਿਲੀ ਵਾਰ ਘਟੀ

ਨਵੀਂ ਦਿੱਲੀ (ਭਾਸ਼ਾ) – ਦੇਸ਼ ਦੀ ਬਰਾਮਦ ਅਗਸਤ ਮਹੀਨੇ ’ਚ ਸਿਰਫ 1.15 ਫੀਸਦੀ ਘਟ ਕੇ 33 ਅਰਬ ਡਾਲਰ ਰਹੀ ਹੈ ਜਦ ਕਿ ਵਪਾਰ ਘਾਟਾ ਦੁੱਗਣੇ ਤੋਂ ਵੀ ਜ਼ਿਆਦਾ ਵਧ ਕੇ 28.68 ਅਰਬ ਡਾਲਰ ਹੋ ਗਿਆ ਹੈ। ਵਪਾਰ ਮੰਤਰਾਲਾ ਦੇ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਇਕ ਸਾਲ ਪਹਿਲਾਂ ਅਗਸਤ 2021 ’ਚ ਵਪਾਰ ਘਾਟਾ 11.71 ਅਰਬ ਡਾਲਰ ਰਿਹਾ ਸੀ। ਸਰਕਾਰੀ ਅੰਕੜਿਆਂ ਮੁਤਾਬਕ ਅਗਸਤ 2022 ’ਚ ਦੇਸ਼ ਦੀ ਦਰਾਮਦ ਇਕ ਸਾਲ ਪਹਿਲਾਂ ਦੀ ਤੁਲਨਾ ’ਚ 37 ਫੀਸਦੀ ਵਧ ਕੇ 61.68 ਅਰਬ ਡਾਲਰ ਹੋ ਗਈ ਹੈ।

ਹਾਲਾਂਕਿ ਵਪਾਰ ਸਕੱਤਰ ਬੀ. ਵੀ. ਆਰ. ਸੁਬਰਮਣੀਅਮ ਨੇ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਦੇਸ਼ ਦੀ ਕੁੱਲ ਬਰਾਮਦ 450 ਅਰਬ ਡਾਲਰ ਤੋਂ ਪਾਰ ਜਾਣ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਉਤਪਾਦ ਬਰਾਮਦ ’ਚ ਅਸੀਂ ਇਸ ਵਿੱਤੀ ਸਾਲ ’ਚ 450 ਅਰਬ ਡਾਲਰ ਦਾ ਅੰਕੜਾ ਪਾਰ ਕਰ ਲਵਾਂਗੇ। ਚਾਲੂ ਵਿੱਤੀ ਸਾਲ ’ਚ ਅਪ੍ਰੈਲ-ਅਗਸਤ ਦੌਰਾਨ ਦੇਸ਼ ਦੀ ਬਰਾਮਦ 17.12 ਫੀਸਦੀ ਵਧ ਕੇ 192.59 ਅਰਬ ਡਾਲਰ ਹੋ ਗਈ, ਉੱਥੇ ਹੀ ਦਰਾਮਦ 45.64 ਫੀਸਦੀ ਵਧ ਕੇ 317.81 ਅਰਬ ਡਾਲਰ ਹੋ ਗਈ।

ਇਸ ਮਿਆਦ ’ਚ ਦੇਸ਼ ਦਾ ਵਪਾਰ ਘਾਟਾ ਵਧ ਕੇ 125.22 ਅਰਬ ਡਾਲਰ ਹੋ ਗਿਆ ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 53.78 ਅਰਬ ਡਾਲਰ ਸੀ। ਅਗਸਤ ’ਚ ਤੇਲ ਦਰਾਮਦ 86.44 ਫੀਸਦੀ ਵਧ ਕੇ 17.6 ਅਰਬ ਡਾਲਰ ਹੋ ਗਈ ਜਦ ਕਿ ਸੋਨੇ ਦੀ ਦਰਾਮਦ 47.54 ਫੀਸਦੀ ਡਿਗ ਕੇ 3.51 ਅਰਬ ਡਾਲਰ ਹੋ ਗਈ।


author

Harinder Kaur

Content Editor

Related News