ਦੇਸ਼ ਦਾ ਵਪਾਰ ਘਾਟਾ ਪੰਜ ਸਾਲ ਦੇ ਉੱਚ ਪੱਧਰ ''ਤੇ
Monday, Oct 08, 2018 - 02:04 PM (IST)

ਨਵੀਂ ਦਿੱਲੀ — ਭਾਰਤ ਦਾ ਵਪਾਰ ਘਾਟਾ ਇਸ ਸਾਲ ਜੁਲਾਈ ਵਿਚ ਪੰਜ ਸਾਲ ਦੇ ਉੱਚ ਪੱਧਰ 19 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਇਹ ਸਿਫਰ ਇਕ ਮਹੀਨੇ ਦਾ ਅੰਕੜਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਪੂਰੇ ਵਿੱਤੀ ਸਾਲ ਲਈ ਇਹ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਹੋਵੇਗਾ। ਵਪਾਰ ਘਾਟੇ ਦਾ ਸਿੱਧਾ ਅਸਰ ਦੇਸ਼ ਦੀ ਆਰਥਿਕ ਸਥਿਤੀ ਖਾਸ ਕਰਕੇ ਚਾਲੂ ਖਾਤਾ ਘਾਟਾ, ਰੋਜ਼ਗਾਰ ਦੇ ਮੌਕੇ, ਵਿਕਾਸ ਦਰ ਅਤੇ ਮੁਦਰਾ 'ਤੇ ਮੁੱਲ 'ਤੇ ਪੈਂਦਾ ਹੈ।
ਵਪਾਰ ਘਾਟਾ ਕੀ ਹੈ? ਇਸ ਨੂੰ ਘੱਟ ਕਰਨ ਲਈ ਸਰਕਾਰ ਨੇ ਕੀ ਉਪਾਅ ਕੀਤੇ ਹਨ?
ਆਯਾਤ ਅਤੇ ਨਿਰਯਾਤ ਦੇ ਅੰਤਰ ਨੂੰ ਵਪਾਰ ਸੰਤੁਲਨ ਕਹਿੰਦੇ ਹਨ। ਜਦੋਂ ਕੋਈ ਦੇਸ਼ ਨਿਰਯਾਤ ਦੀ ਤੁਲਨਾ ਵਿਚ ਆਯਾਤ ਜ਼ਿਆਦਾ ਕਰਦਾ ਤਾਂ ਅਜਿਹੀ ਸਥਿਤੀ ਨੂੰ ਕਿਸੇ ਦੇਸ਼ ਦਾ ਵਪਾਰ ਘਾਟਾ ਕਰਾਰ ਦਿੱਤਾ ਜਾਂਦਾ ਹੈ। ਇਸ ਮਤਲਬ ਇਹ ਹੈ ਕਿ ਉਹ ਦੇਸ਼ ਆਪਣੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੌੜੀਦੀਆਂ ਸੇਵਾਵਾਂ ਅਤੇ ਉਤਪਾਦਨ ਨਹੀਂ ਕਰ ਪਾ ਰਿਹਾ, ਇਸ ਲਈ ਉਸਨੂੰ ਦੂਜੇ ਦੇਸ਼ਾਂ ਤੋਂ ਆਯਾਤ ਕਰਨਾ ਪੈ ਰਿਹਾ ਹੈ। ਇਸ ਦੇ ਉਲਟ ਜਦੋਂ ਕੋਈ ਦੇਸ਼ ਆਯਾਤ ਦੀ ਤੁਲਨਾ ਵਿਚ ਨਿਰਯਾਤ ਜ਼ਿਆਦਾ ਕਰਦਾ ਹੈ ਤਾਂ ਉਸਨੂੰ ਟ੍ਰੇਡ ਸਰਪਲਸ ਕਹਿੰਦੇ ਹਨ।
ਵਿੱਤੀ ਸਾਲ 2017-18 ਵਿਚ ਭਾਰਤ ਨੇ ਲਗਭਗ 238 ਦੇਸ਼ਾਂ ਨਾਲ ਕੁੱਲ 769 ਅਰਬ ਡਾਲਰ ਦਾ ਵਪਾਰ(303 ਅਰਬ ਡਾਲਰ ਦਾ ਨਿਰਯਾਤ ਅਤੇ 465 ਅਰਬ ਡਾਲਰ ਦਾ ਆਯਾਤ) ਕੀਤਾ। ਇਸ ਤਰ੍ਹਾਂ ਇਸ ਮਿਆਦ ਵਿਚ ਭਾਰਤ ਦਾ ਵਪਾਰ ਘਾਟਾ 162 ਅਰਬ ਡਾਲਰ ਰਿਹਾ। ਇਨ੍ਹਾਂ ਵਿਚੋਂ 130 ਦੇਸ਼ਾਂ ਨਾਲ ਭਾਰਤ ਦਾ ਵਪਾਰ ਸਰਪਲੱਸ ਸੀ ਜਦੋਂਕਿ ਕਰੀਬ 88 ਦੇਸ਼ਾਂ ਨਾਲ ਵਪਾਰ ਘਾਟੇ 'ਚ ਰਿਹਾ।
ਸਭ ਤੋਂ ਜ਼ਿਆਦਾ ਵਪਾਰ ਘਾਟਾ ਚੀਨ ਨਾਲ
ਭਾਰਤ ਦਾ ਸਭ ਤੋਂ ਵਧ ਵਪਾਰ ਘਾਟਾ ਗੁਆਂਢੀ ਦੇਸ਼ ਚੀਨ ਨਾਲ 63 ਅਰਬ ਡਾਲਰ ਹੈ। ਇਸ ਦਾ ਮਤਲਬ ਇਹ ਹੈ ਕਿ ਚੀਨ ਨਾਲ ਵਪਾਰ ਭਾਰਤ ਦੇ ਹਿੱਤ 'ਚ ਘੱਟ ਅਤੇ ਗੁਆਂਢੀ ਦੇਸ਼ ਦੀ ਅਰਥਵਿਵਸਥਾ ਲਈ ਜ਼ਿਆਦਾ ਫਾਇਦੇਮੰਦ ਹੈ।
ਚੀਨ ਦੀ ਤਰ੍ਹਾਂ ਸਵਿਟਜ਼ਰਲੈਂਡ, ਸਾਊਦੀ ਅਰਬ, ਇਰਾਕ, ਇੰਡੋਨੇਸ਼ੀਆ, ਦੱਖਣੀ ਕੋਰਿਆ, ਆਸਟ੍ਰੇਲੀਆ, ਇਰਾਨ, ਨਾਈਜੀਰੀਆ, ਕਤਰ, ਰੂਸ, ਜਪਾਨ ਅਤੇ ਜਰਮਨੀ ਵਰਗੇ ਦੇਸ਼ਾਂ ਨਾਲ ਭਾਰਤ ਦਾ ਵਪਾਰ ਘਾਟਾ ਜ਼ਿਆਦਾ ਹੈ।
ਟ੍ਰੇਡ ਸਰਪਲੱਸ ਵਾਲੇ ਦੇਸ਼
ਜੇਕਰ ਟ੍ਰੇਡ ਸਰਪਲੱਸ ਦੀ ਗੱਲ ਕਰੀਏ ਤਾਂ ਅਮਰੀਕਾ ਨਾਲ ਭਾਰਤ ਦਾ ਟ੍ਰੇਡ ਸਰਪਲੱਸ ਸਭ ਤੋਂ ਜ਼ਿਆਦਾ 21 ਅਰਬ ਡਾਲਰ ਹੈ। ਇਸ ਦਾ ਮਤਲਬ ਇਹ ਹੈ ਕਿ ਸਾਡਾ ਦੇਸ਼ ਅਮਰੀਕਾ ਕੋਲੋਂ ਆਯਾਤ ਘੱਟ ਕਰਦਾ ਹੈ ਅਤੇ ਉਥੋਂ ਲਈ ਨਿਰਯਾਤ ਜ਼ਿਆਦਾ ਕਰਦਾ ਹੈ। ਇਸ ਤਰ੍ਹਾਂ ਅਮਰੀਕਾ ਨਾਲ ਦੁਵੱਲਾ ਵਪਾਰ ਸੰਤੁਲਨ ਦਾ ਝੁਕਾਅ ਭਾਰਤ ਵੱਲ ਹੈ। ਬੰਗਲਾਦੇਸ਼, ਸੰਯੁਕਤ ਅਰਬ ਅਮੀਰਾਤ, ਨੇਪਾਲ, ਹਾਂਗਕਾਂਗ, ਨੀਦਰਲੈਂਡ, ਪਾਕਿਸਤਾਨ, ਵਿਅਤਨਾਮ ਅਤੇ ਸ਼੍ਰੀਲੰਕਾ ਵਰਗੇ ਦੇਸ਼ਾਂ ਨਾਲ ਭਾਰਤ ਦਾ ਸਰਪਲੱਸ ਵਪਾਰ ਹੈ।
ਅਰਥਸ਼ਾਸਸਤਰੀਆਂ ਦੀ ਸਲਾਹ
ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਜੇਕਰ ਦੇਸ਼ ਦਾ ਵਪਾਰ ਘਾਟਾ ਲਗਾਤਾਰ ਕਈ ਸਾਲਾਂ ਤੱਕ ਕਾਇਮ ਰਹਿੰਦਾ ਹੈ ਤਾਂ ਉਸ ਦੇਸ਼ ਦੀ ਆਰਥਿਕ ਸਥਿਤੀ ਖਾਸਤੌਰ 'ਤੇ ਰੌਜ਼ਗਾਰ ਦੇ ਮੌਕੇ, ਵਿਕਾਸ ਦਰ ਅਤੇ ਮੁਦਰਾ ਦੇ ਮੁੱਲ 'ਤੇ ਇਸ ਦਾ ਨਕਾਰਾਤਮਕ ਅਸਰ ਪਵੇਗਾ। ਚਾਲੂ ਖਾਤੇ ਦੇ ਘਾਟੇ ਦਾ ਵੀ ਇਸ 'ਤੇ ਨਕਾਰਾਤਮਕ ਅਸਰ ਪਵੇਗਾ।
ਅਸਲ 'ਚ ਚਾਲੂ ਖਾਤੇ ਦਾ ਇਕ ਵੱਡਾ ਹਿੱਸਾ ਵਪਾਰ ਸੰਤੁਲਨ ਦਾ ਹੁੰਦਾ ਹੈ। ਵਪਾਰ ਘਾਟਾ ਵਧਦਾ ਹੈ ਤਾਂ ਚਾਲੂ ਖਾਤੇ ਦਾ ਘਾਟਾ ਵੀ ਵਧ ਜਾਂਦਾ ਹੈ। ਦਰਅਸਲ ਚਾਲੂ ਖਾਤੇ ਦਾ ਘਾਟਾ ਵਿਦੇਸ਼ੀ ਮੁਦਰਾ ਦੇ ਦੇਸ਼ ਵਿਚ ਆਉਣ ਅਤੇ ਬਾਹਰ ਜਾਣ ਦੇ ਅੰਤਰ ਨੂੰ ਦਰਸਾਉਂਦਾ ਹੈ। ਨਿਰਯਾਤ ਦੇ ਜ਼ਰੀਏ ਵਿਦੇਸ਼ੀ ਮੁਦਰਾ ਕਮਾਈ ਜਾਂਦੀ ਹੈ ਜਦੋਂਕਿ ਆਯਾਤ ਨਾਲ ਦੇਸ਼ ਦੀ ਮੁਦਰਾ ਦੇਸ਼ ਤੋਂ ਬਾਹਰ ਜਾਂਦੀ ਹੈ।
ਸਰਕਾਰ ਵਲੋਂ ਚੁੱਕਿਆ ਗਿਆ ਹੈ ਇਹ ਕਦਮ
ਸਰਕਾਰ ਨੇ ਕਈ ਵਸਤੂਆਂ 'ਤੇ ਆਯਾਤ ਡਿਊਟੀ ਦਾ ਦਰ ਵਧਾ ਕੇ ਗੈਰ ਜ਼ਰੂਰੀ ਵਸਤੂਆਂ ਦੇ ਆਯਾਤ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਅਮਰੀਕਾ ਦਾ ਵਪਾਰ ਘਾਟਾ ਦੁਨੀਆ 'ਚ ਸਭ ਤੋਂ ਜ਼ਿਆਦਾ!
ਵੈਸੇ ਅਮਰੀਕਾ ਦਾ ਵਪਾਰ ਘਾਟਾ ਦੁਨੀਆ ਵਿਚ ਸਭ ਤੋਂ ਜ਼ਿਆਦਾ ਹੈ ਅਤੇ ਉਸਨੇ ਇਸ ਧਾਰਨਾ ਨੂੰ ਕੁਝ ਹੱਦ ਤੱਕ ਗਲਤ ਵੀ ਸਾਬਤ ਕੀਤਾ ਹੈ। ਇਹ ਹੀ ਕਾਰਨ ਹੈ ਕਿ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਪੂਰੀ ਦੁਨੀਆ ਦੇ ਦੇਸ਼ ਡਾਲਰ ਨੂੰ ਰਿਜ਼ਰਵ ਕਰੰਸੀ ਦੇ ਤੌਰ 'ਤੇ ਰੱਖਦੇ ਹਨ।