ਯੂਰਪੀ ਸੰਘ ਨਾਲ ਵਪਾਰ ਸਮਝੌਤੇ ਦੀ ਵਾਰਤਾ ''ਗੰਭੀਰ ਸਥਿਤੀ'' ''ਚ : ਜਾਨਸਨ

12/18/2020 5:50:38 PM

ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਚਿਤਾਵਨੀ ਦਿੱਤੀ ਹੈ ਕਿ ਬ੍ਰੈਗਜ਼ਿਟ ਤੋਂ ਬਾਅਦ ਯੂਰਪੀ ਸੰਘ (ਈ. ਯੂ.) ਨਾਲ ਵਪਾਰ ਸਮਝੌਤੇ ਦੀ ਵਾਰਤਾ 'ਗੰਭੀਰ ਸਥਿਤੀ' 'ਚ ਹੈ ਅਤੇ ਬਹੁਤ ਸੰਭਵ ਹੈ ਕਿ ਹੁਣ ਕੋਈ ਵਪਾਰ ਸਮਝੌਤਾ ਨਾ ਹੋ ਸਕੇ। ਬ੍ਰਿਟੇਨ ਅਤੇ ਯੂਰਪੀ ਸੰਘ ਕੋਲ ਵਪਾਰ ਸਮਝੌਤੇ ਲਈ 31 ਦਸੰਬਰ ਤੱਕ ਦਾ ਸਮਾਂ ਹੈ।

ਦੋਹਾਂ ਪੱਖਾਂ ਦੇ ਵਾਰਤਾਕਾਰਾਂ ਨੇ ਸ਼ੁੱਕਰਵਾਰ ਨੂੰ ਚਰਚਾ ਦੁਬਾਰਾ ਸ਼ੁਰੂ ਕੀਤੀ ਹੈ ਪਰ ਵੀਰਵਾਰ ਰਾਤ ਯੂਰਪੀ ਕਮਿਸ਼ਨ ਦੀ ਮੁਖੀ ਉਰਸੁਲਾ ਵੋਨ ਡੇਰ ਲੇਯੇਨ ਨਾਲ ਫੋਨ 'ਤੇ ਗੱਲਬਾਤ ਤੋਂ ਬਾਅਦ ਜਾਨਸਨ ਨੇ ਘੋਸ਼ਣਾ ਕੀਤੀ ਕਿ ਜਦੋਂ ਤੱਕ ਯੂਰਪੀ ਸੰਘ ਆਪਣਾ ਰੁਖ਼ ਬਦਲਣ ਲਈ ਤਿਆਰ ਨਹੀਂ ਹੁੰਦਾ, ਸਮਝੌਤਾ ਪਹੁੰਚ ਤੋਂ ਬਾਹਰ ਰਹੇਗਾ।

ਦੋਹਾਂ ਪੱਖਾਂ ਵਿਚਕਾਰ ਸਹਿਮਤੀ ਵਿਚ ਮੁੱਖ ਰੁਕਾਵਟ ਇਕ-ਦੂਜੇ ਦੀ ਜਲ ਸਰਹੱਦ ਵਿਚ ਮੱਛੀ ਫੜਨ ਦੇ ਅਧਿਕਾਰ ਦੇਣ ਅਤੇ ਅਣਉਚਿਤ ਮੁਕਾਬਲੇਬਾਜ਼ੀ ਰੋਕਣ ਲਈ ਘਰੇਲੂ ਉਦਯੋਗਾਂ ਨੂੰ ਸਟੇਟਾਂ ਵੱਲੋਂ ਦਿੱਤੀ ਜਾ ਸਕਣ ਵਾਲੀ ਸਹਾਇਤਾ ਨੂੰ ਲੈ ਕੇ ਹੈ। ਪ੍ਰਧਾਨ ਮੰਤਰੀ ਦੇ ਇਕ ਬੁਲਾਰੇ ਨੇ ਦੋਹਾਂ ਨੇਤਾਵਾਂ ਦੀ ਫੋਨ 'ਤੇ ਗੱਲਬਾਤ ਤੋਂ ਬਾਅਦ ਦੱਸਿਆ, ''ਪ੍ਰਧਾਨ ਮੰਤਰੀ ਨੇ ਕਿਹਾ ਕਿ ਗੱਲਬਾਤ ਹੁਣ ਗੰਭੀਰ ਸਥਿਤੀ ਵਿਚ ਹੈ। ਸਮਾਂ ਬਹੁਤ ਘੱਟ ਹੈ ਅਤੇ ਹੁਣ ਬਹੁਤ ਸੰਭਵ ਹੈ ਕਿ ਜਦੋਂ ਤੱਕ ਯੂਰਪੀ ਸੰਘ ਆਪਣੇ ਰੁਖ਼ ਵਿਚ ਬਦਲਾਅ ਨਹੀਂ ਕਰਦਾ, ਉਦੋਂ ਤੱਕ ਸਮਝੌਤਾ ਨਹੀਂ ਹੋਵੇਗਾ।''


Sanjeev

Content Editor

Related News