ਕਿਸਾਨਾਂ ਲਈ ਬੁਰੀ ਖ਼ਬਰ, ਮਹਿੰਗੇ ਹੋਣਗੇ ਟਰੈਕਟਰ ਤੇ ਹੀਰੋ ਮੋਟਰਸਾਈਕਲ
Thursday, Apr 01, 2021 - 04:45 PM (IST)
ਨਵੀਂ ਦਿੱਲੀ- ਵਿੱਤੀ ਸਾਲ 2021-22 ਸ਼ੁਰੂ ਹੋ ਗਿਆ ਹੈ। ਇਸ ਵਿਚਕਾਰ ਕਈ ਕੰਪਨੀਆਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਜਾ ਰਹੀਆਂ ਹਨ। ਮਾਰੂਤੀ ਸੁਜ਼ੂਕੀ ਅੱਜ ਤੋਂ ਕਾਰਾਂ ਦੀ ਕੀਮਤ ਵਧਾਉਣ ਵਾਲੀ ਹੈ। ਕੰਪਨੀ ਕਾਰਾਂ ਦੀ ਕੀਮਤ ਵਿਚ 3 ਤੋਂ 5 ਫ਼ੀਸਦੀ ਤੱਕ ਵਾਧਾ ਕਰ ਸਕਦੀ ਹੈ, ਯਾਨੀ ਵੱਧ ਤੋਂ ਵੱਧ 47 ਹਜ਼ਾਰ ਰੁਪਏ ਤੱਕ ਕੀਮਤ ਵੱਧ ਸਕਦੀ ਹੈ। ਬ੍ਰੇਜਾ, ਸਿਆਜ, XL6 ਕਾਰਾਂ ਜ਼ਿਆਦਾ ਮਹਿੰਗੀ ਹੋ ਸਕਦੀਆਂ ਹਨ। ਨਿਸਾਨ ਇੰਡੀਆ ਨੇ ਵੀ 1 ਅਪ੍ਰੈਲ ਤੋਂ ਆਪਣੀ ਕਾਰ ਦੀਆਂ ਕੀਮਤਾਂ ਵਿਚ ਵਾਧੇ ਦਾ ਐਲਾਨ ਕੀਤਾ ਸੀ।
ਉੱਥੇ ਹੀ, ਖੇਤੀਬਾੜੀ ਸੰਦ ਬਣਾਉਣ ਵਾਲੀ ਕੰਪਨੀ ਐਸਕਾਰਟਸ ਲਿਮਟਿਡ ਦੇ ਟਰੈਕਟਰ ਅਤੇ ਮਸ਼ੀਨੀਰੀ ਅੱਜ ਤੋਂ ਮਹਿੰਗੇ ਹੋਣ ਵਾਲੇ ਹਨ। ਕੰਪਨੀ ਨੇ ਕੱਚੇ ਮਾਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਇਹ ਫ਼ੈਸਲਾ ਲਿਆ ਹੈ। ਕੰਪਨੀ ਕਿਹੜੇ ਮਾਡਲ ਵਿਚ ਕਿੰਨਾ ਵਾਧਾ ਕਰਨ ਜਾ ਰਹੀ ਹੈ, ਇਸ ਦੀ ਲਿਸਟ ਉਹ ਜਲਦ ਜਾਰੀ ਕਰ ਸਕਦੀ ਹੈ। ਜ਼ਿਆਦਾਤਰ ਕੰਪਨੀਆਂ ਵੱਲੋਂ ਕੀਮਤਾਂ ਵਧਾਏ ਜਾਣ ਦਾ ਸਭ ਤੋਂ ਵੱਡਾ ਕਾਰਨ ਸਟੀਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਨੂੰ ਦੱਸਿਆ ਗਿਆ ਹੈ। ਐਸਕਾਰਟਸ ਦੀ ਮਾਰਚ 2021 ਵਿਚ ਘਰੇਲੂ ਬਾਜ਼ਾਰ ਵਿਚ ਟਰੈਕਟਰਾਂ ਦੀ ਵਿਕਰੀ 11,730 ਰਹੀ, ਜੋ ਮਾਰਚ 2020 ਵਿਚ 5,228 ਰਹੀ ਸੀ।
ਇਹ ਵੀ ਪੜ੍ਹੋ- ਪੀ. ਪੀ. ਐੱਫ. ਸਣੇ ਡਾਕਘਰ ਸਕੀਮਾਂ 'ਤੇ ਸਰਕਾਰ ਦੀ ਆਮ ਲੋਕਾਂ ਨੂੰ ਵੱਡੀ ਰਾਹਤ
ਹੀਰੋ ਮੋਟੋਕਾਰਪ-
ਦਿੱਗਜ ਮੋਟਰਸਾਈਕਲ ਤੇ ਸਕੂਟਰ ਨਿਰਮਾਤਾ ਹੀਰੋ ਮੋਟੋਕਾਰਪ ਵੀ ਅੱਜ ਤੋਂ ਕੀਮਤਾਂ ਵਿਚ ਵਾਧਾ ਕਰੇਗੀ। ਹੀਰੋ ਮੋਟੋਕਾਰਪ ਕੀਮਤਾਂ ਵਿਚ 2,500 ਰੁਪਏ ਤੱਕ ਦਾ ਵਾਧਾ ਕਰਨ ਜਾ ਰਹੀ ਹੈ। ਮੋਟਰਸਾਈਕਲ ਅਤੇ ਸਕੂਟਰ ਦੇ ਕਿਹੜੇ ਮਾਡਲ ਵਿਚ ਕਿੰਨੇ ਰੁਪਏ ਦਾ ਵਾਧਾ ਹੋਵੇਗਾ ਉਹ ਬਾਜ਼ਾਰ ਦੇ ਹਿਸਾਬ ਨਾਲ ਵੱਖ-ਵੱਖ ਹੋਵੇਗਾ। ਹਾਲਾਂਕਿ, ਕੰਪਨੀ ਦੀ ਕੋਸ਼ਿਸ਼ ਹੈ ਕਿ ਗਾਹਕਾਂ ਦੀ ਜੇਬ 'ਤੇ ਘੱਟ ਤੋਂ ਘੱਟ ਅਸਰ ਪਾਇਆ ਜਾਵੇ। ਹੀਰੋ ਮੋਟੋਕਾਰਪ ਨੇ ਵੀ ਕੱਚੇ ਮਾਲ ਦੀ ਲਾਗਤ ਵਧਣ ਖ਼ਾਸਕਰ ਸਟੀਲ ਕੀਮਤਾਂ ਵਿਚ ਇਕ ਸਾਲ ਅੰਦਰ ਹੋਏ 50 ਫ਼ੀਸਦੀ ਵਾਧੇ ਨੂੰ ਕੀਮਤਾਂ ਵਧਾਉਣ ਦਾ ਕਾਰਨ ਦੱਸਿਆ ਹੈ।
ਇਹ ਵੀ ਪੜ੍ਹੋ- ਇਮਰਾਨ ਸਰਕਾਰ ਦੀ ਵੱਡੀ ਹਰੀ ਝੰਡੀ, ਭਾਰਤ ਨਾਲ ਸ਼ੁਰੂ ਹੋ ਸਕਦਾ ਹੈ ਵਪਾਰ
►ਕੀਮਤਾਂ ਵਧਣ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ