ਸਰਕਾਰ ਜਲਦ ਪਾਬੰਦੀਸ਼ੁਦਾ ਸੂਚੀ 'ਚ ਪਾ ਸਕਦੀ ਹੈ ਇਹ ਖਿਡੌਣੇ, ਕੀ ਹੈ ਵਜ੍ਹਾ?

06/16/2020 7:27:26 PM

ਨਵੀਂ ਦਿੱਲੀ— ਇਕ ਹੋਰ ਖੇਤਰ 'ਚ ਸਰਕਾਰ 'ਆਤਮਨਿਰਭਰ ਭਾਰਤ' ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ। ਸਰਕਾਰ ਜਲਦ ਹੀ ਖਿਡੌਣਿਆਂ ਦੀ ਦਰਾਮਦ 'ਤੇ ਲਗਾਮ ਕੱਸ ਸਕਦੀ ਹੈ, ਖ਼ਾਸ ਤੌਰ 'ਤੇ ਸਸਤੇ ਜਿਨ੍ਹਾਂ ਦੀ ਗੁਣਵੱਤਾ ਘਟੀਆ ਹੁੰਦੀ ਹੈ ਅਤੇ ਬੱਚਿਆਂ ਦੀ ਸਿਹਤ ਲਈ ਖਤਰਾ ਪੈਦਾ ਕਰਦੇ ਹਨ। ਇਨ੍ਹਾਂ ਨੂੰ ਪਾਬੰਦੀਸ਼ੁਦਾ ਸੂਚੀ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਪਿੱਛੇ ਮਕਸਦ ਭਾਰਤੀ ਇੰਡਸਟਰੀ ਨੂੰ ਮਜਬੂਤੀ ਨਾਲ ਖੜ੍ਹਾ ਕਰਨਾ ਹੈ, ਜਿਸ ਨਾਲ ਗਲੋਬਲ ਪੱਧਰ 'ਤੇ ਚੀਨ ਵਰਗੇ ਦੇਸ਼ਾਂ ਨਾਲ ਮੁਕਾਬਲੇਬਾਜ਼ੀ ਕੀਤੀ ਜਾ ਸਕੇ।

ਵਣਜ ਮੰਤਰਾਲਾ ਨੇ ਗੈਰ ਜ਼ਰੂਰੀ ਦਰਾਮਦ ਦੀਆਂ ਕਈ ਸ਼੍ਰੇਣੀਆਂ 'ਚੋਂ ਖਿਡੌਣਿਆਂ ਦੀ ਪਛਾਣ ਕੀਤੀ ਹੈ, ਜਿੱਥੇ ਪਾਬੰਦੀਆਂ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਹਾਲ ਹੀ ਦੇ ਮਹੀਨਿਆਂ 'ਚ ਵਣਜ ਵਿਭਾਗ ਨੇ ਘਰੇਲੂ ਨਿਰਮਾਣ ਨੂੰ ਉਤਸ਼ਾਹਤ ਕਰਨ ਲਈ ਕਈ ਕਦਮ ਵੀ ਚੁੱਕੇ ਹਨ। ਸੂਤਰਾਂ ਨੇ ਕਿਹਾ ਕਿ ਖਿਡੌਣਾ ਖੇਤਰ ਲਈ ਨਵੇਂ ਮਾਪਦੰਡਾਂ ਨੂੰ ਵੀ ਨਵਾਂ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਜੋ ਟੈਸਟ 'ਚ ਫੇਲ੍ਹ ਹੋਣਗੇ ਅਤੇ ਬੱਚਿਆਂ ਦੀ ਸਿਹਤ ਲਈ ਖਤਰਾ ਹਨ ਉਨ੍ਹਾਂ ਦੀ ਦਰਾਮਦ 'ਤੇ ਪਾਬੰਦੀ ਲਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮਾਪਦੰਡ ਘਰੇਲੂ ਇੰਡਸਟਰੀ 'ਤੇ ਵੀ ਲਾਗੂ ਹੋਣਗੇ ਤਾਂ ਕਿ ਇੱਥੇ ਬਣੇ ਉਤਪਾਦਾਂ ਨੂੰ ਵਿਸ਼ਵ ਦੇ ਬਾਜ਼ਾਰਾਂ 'ਚ ਸਵੀਕਾਰਤਾ ਮਿਲ ਸਕੇ।


ਚੀਨ ਨੂੰ ਲੱਗੇਗਾ ਵੱਡਾ ਝਟਕਾ-
ਸਰਕਾਰ ਦੇ ਇਸ ਕਦਮ ਨਾਲ ਸਭ ਤੋਂ ਵੱਡਾ ਝਟਕਾ ਚੀਨ ਨੂੰ ਲੱਗੇਗਾ ਕਿਉਂਕਿ ਕੁੱਲ ਦਰਾਮਦ 'ਚ 85 ਫੀਸਦੀ ਖਿਡੌਣੇ ਚੀਨ ਤੋਂ ਹੀ ਹਨ, ਜਿਸ ਨੇ ਭਾਰਤੀ ਉਦਯੋਗ ਨੂੰ ਪੂਰੀ ਤਰ੍ਹਾਂ ਹਿਲਾ ਦਿੱਤਾ ਹੈ। ਪਿਛਲੇ ਸਾਲ ਦਸੰਬਰ 'ਚ ਇਨ੍ਹਾਂ 'ਤੇ ਦਰਾਮਦ ਡਿਊਟੀ 20 ਫੀਸਦੀ ਤੋਂ ਵਧਾ ਕੇ 60 ਫੀਸਦੀ ਕੀਤੀ ਗਈ ਸੀ। ਹਾਲਾਂਕਿ, ਏਸ਼ੀਆ-ਪ੍ਰਸ਼ਾਂਤ ਵਪਾਰ ਸਮਝੌਤਾ (ਏ. ਪੀ. ਟੀ. ਏ.) ਕਾਰਨ ਚੀਨ ਤੋਂ ਦਰਾਮਦ ਪ੍ਰਭਾਵਿਤ ਨਹੀਂ ਹੋਈ। ਇਹ ਪੰਜ ਦੇਸ਼ਾਂ- ਭਾਰਤ, ਚੀਨ, ਕੋਰੀਆ, ਲਾਓਸ ਅਤੇ ਸ੍ਰੀਲੰਕਾ ਦਰਮਿਆਨ ਇਕ ਤਰਜੀਹੀ ਵਪਾਰ ਸਮਝੌਤਾ ਹੈ, ਜਿਸ ਤਹਿਤ ਮੈਂਬਰ ਦੇਸ਼ਾਂ ਵਿਚਾਲੇ ਵਪਾਰ ਨੂੰ ਉਤਸ਼ਾਹਤ ਕਰਨ ਲਈ ਖਿਡੌਣਿਆਂ ਸਮੇਤ 1000 ਤੋਂ ਵੱਧ ਟੈਰਿਫ ਲਾਈਨਾਂ 'ਤੇ ਡਿਊਟੀ 'ਚ ਰਿਆਇਤ ਹੈ। ਹੁਣ ਸਰਕਾਰ ਦੇ ਨਵੇਂ ਕਦਮ ਨਾਲ ਇਸ ਨਿਰਵਿਘਨ ਦਰਾਮਦ 'ਤੇ ਜਲਦ ਹੀ ਰੋਕ ਲੱਗੇਗੀ।


Sanjeev

Content Editor

Related News