ਸੈਰ-ਸਪਾਟੇ ਨੂੰ ਇਕਸਾਰ ਸੂਚੀ ’ਚ ਲਿਆਉਣ, ਹੋਟਲ ਖੇਤਰ ਨੂੰ ਉਦਯੋਗ ਦਾ ਦਰਜਾ ਦੇਣ ਦੀ ਅਪੀਲ
Wednesday, Jan 13, 2021 - 11:21 AM (IST)
ਨਵੀਂ ਦਿੱਲੀ (ਭਾਸ਼ਾ)– ਹੋਟਲ ਅਤੇ ਰੈਸਟੋਰੈਂਟ ਸੰਗਠਨਾਂ ਦੀ ਚੋਟੀ ਦੀ ਸੰਸਥਾ ਐੱਫ. ਐੱਚ. ਆਰ. ਏ. ਆਈ. ਨੇ ਕੇਂਦਰ ਸਰਕਾਰ ਨੂੰ ਸੈਰ-ਸਪਾਟੇ ਨੂੰ ਇਕਸਾਰ ਸੂਚੀ ’ਚ ਲਿਆਉਣ ਅਤੇ ਹੋਟਲ ਖੇਤਰ ਨੂੰ ਉਦਯੋਗ ਦਾ ਦਰਜਾ ਦੇਣ ਦੀ ਅਪੀਲ ਕੀਤੀ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਸੈਰ-ਸਪਾਟਾ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੂੰ ਲਿਖੇ ਪੱਤਰ ’ਚ ‘ਫੈੱਡਰੇਸ਼ਨ ਆਫ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨਸ ਆਫ ਇੰਡੀਆ’ (ਐੱਫ. ਐੱਚ. ਆਰ. ਏ. ਆਈ.) ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਹੋਟਲ ਅਤੇ ਰੈਸਟੋਰੈਂਟ ਖੇਤਰ ਭਾਰੀ ਘਾਟੇ ਅਤੇ ਕਰਜ਼ੇ ਦੇ ਬੋਝ ਹੇਠਾਂ ਦੱਬਿਆ ਹੋਇਆ ਹੈ। ਖੇਤਰ ਨੂੰ ਨੇੜਲੇ ਭਵਿੱਖ ’ਚ ਕਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ। ਸੰਸਥਾ ਦੇ ਉਪ ਪ੍ਰਧਾਨ ਗੁਰਬਖਸ਼ ਸਿੰਘ ਕੋਹਲੀ ਨੇ ਕਿਹਾ ਕਿ ਸੈਰ-ਸਪਾਟਾ ਖੇਤਰ ਨੂੰ ਭਾਰਤੀ ਸੰਵਿਧਾਨ ਦੀ ਇਕਸਾਰ ਸੂਚੀ ’ਚ ਲਿਆਉਣਾ ਸਮੇਂ ਦੀ ਲੋੜ ਹੈ। ਪ੍ਰਭਾਵੀ ਕਾਨੂੰਨ ਨਾਲ ਸੈਰ-ਸਪਾਟਾ ਰਾਸ਼ਟਰੀ ਏਜੰਡੇ ’ਚ ਆ ਜਾਏਗਾ ਅਤੇ ਇਸ ਲਈ ਇਸ ਨੂੰ ਇਕਸਾਰ ਸੂਚੀ ’ਚ ਲਿਆਉਣ ਦੀ ਲੋੜ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਸੈਰ-ਸਪਾਟਾ ਖੇਤਰ ਨੂੰ ਇਕਸਾਰ ਸੂਚੀ ’ਚ ਲਿਆਉਣ ਨਾਲ ਸੂਬਾ ਸੈਰ-ਸਪਾਟਾ ਵਿਭਾਗ ਅਤੇ ਕੇਂਦਰੀ ਸੈਰ-ਸਪਾਟਾ ਮੰਤਰਾਲਾ ਦੇ ਆਪਣੇ-ਆਪਣੇ ਅਧਿਕਾਰ ਖੇਤਰਾਂ ’ਚ ਜ਼ਿੰਮੇਵਾਰੀ ਸਪੱਸ਼ਟ ਹੋਵੇਗੀ।