SUV ਬਾਜ਼ਾਰ ’ਚ ਵਾਹਨ ਕੰਪਨੀਆਂ ਵਿਚਾਲੇ ਜ਼ਬਰਦਸਤ ਮੁਕਾਬਲਾ
Monday, Jan 03, 2022 - 01:14 PM (IST)
ਆਟੋ ਡੈਸਕ– ਦੇਸ਼ ਦੇ ਐੱਸ.ਯੂ.ਵੀ ਬਾਜ਼ਾਰ ਦੀ ਹਿੱਸੇਦਾਰੀ ਲਈ ਜ਼ਬਰਦਸਤ ਮੁਕਾਬਲੇ ਦੀ ਜ਼ਮੀਨ ਤਿਆਰ ਹੋ ਰਹੀ ਹੈ। ਕੋਰੀਆਈ ਕਾਰ ਨਿਰਮਾਤਾ ਹੁੰਡਈ ਸਾਲ 2021 ’ਚ ਇਸ ਬਲਾਕ ’ਚ ਸਭ ਤੋਂ ਉਪਰ ਰਹੀ ਹੈ। ਮਾਰਕੀਟ ਲੀਡਰ ਮਾਰੂਤੀ ਸੁਜ਼ੂਕੀ ਨੂੰ ਉਸ ਦੀਆਂ ਮੁਕਾਬਲੇਬਾਜ਼ ਕੰਪਨੀਆਂ ਨੇ ਪਛਾੜ ਦਿੱਤਾ ਹੈ। ਅਜਿਹੇ ’ਚ ਮਾਰੂਤੀ ਸੁਜ਼ੂਕੀ ਨੇ ਦੇਸ਼ ਦੇ ਸਭ ਤੋਂ ਤੇਜੀ ਨਾਲ ਵਧਦੇ ਯਾਤਰੀ ਵਾਹਨ ਬਲਾਕ ’ਚ ਆਪਣੇ ਪੈਰ ਜਮਾਉਣ ਲਈ ਹਮਲਾਵਰ ਯੋਜਨਾ ਬਣਾਈ ਹੈ।
ਮਾਰੂਤੀ ਲਈ ਇਹ ਇਸ ਸਾਲ ਸਭ ਤੋਂ ਅਹਿਮ ਮੁਕਾਬਲਾ ਹੋਵਗਾ। ਕੰਪਨੀ ਨੇ ਪਾਇਆ ਹੈ ਕਿ ਇਸ ਬਲਾਕ ’ਚ ਕਮਜ਼ੋਰੀ ਕਾਰਨ ਉਸਦੀ ਬਾਜ਼ਾਰ ਹਿੱਸੇਦਾਰੀ ਲਗਾਤਾਰ ਘੱਟ ਰਹੀ ਹੈ। ਇਸ ਮੁਕਾਬਲੇ ’ਚ ਨਵੇਂ ਸਿਰੇ ਤੋਂ ਉਭਰੀ ਅਤੇ ਕਾਫੀ ਅਮੀਰ ਟਾਟਾ ਮੋਟਰਸ ਵੀ ਆ ਚੁੱਕੀ ਹੈ. ਇਹ ਵੀ ਇਸ ਬਲਾਕ ’ਚ ਸਖ਼ਤ ਚੁਣੌਤੀ ਪੇਸ਼ ਕਰ ਰਹੀ ਹੈ, ਜਿਸਨੇ ਆਪਣੀ ਸਥਾਪਨਾ ਤੋਂ ਬਾਅਦ 2021 ’ਚ ਸਭ ਤੋਂ ਜ਼ਿਆਦਾ ਸਾਲਾਨਾ ਵਿਕਰੀ ਦਰਜ ਕੀਤੀ ਹੈ।
ਐੱਸ.ਯੂ.ਵੀ. ਬਲਾਕ ’ਚ ਵਾਧਾ ਬਹੁਤ ਸ਼ਾਨਦਾਰ ਹੈ। ਸਾਲ 2016 ’ਚ ਭਾਰਤ ’ਚ ਯਾਤਰੀ ਵਾਹਨ ਵਿਕਰੀ ’ਚ ਹੈਚਬੈਕ ਦੀ ਹਿੱਸੇਦਾਰੀ 51 ਫੀਸਦੀ ਜਦਕਿ ਐੱਸ.ਯੂ.ਵੀ. ਦੀ 16 ਫੀਸਦੀ ਸੀ। ਜੇਕਰ ਇਨ੍ਹਾਂ ਅੰਕੜਿਆਂ ਦੀ 2021 ਨਾਲ ਤੁਲਨਾ ਕਰੀਏ ਤਾਂ ਐੱਸ.ਯੂ.ਵੀ. ਦੀ ਹਿੱਸੇਦਾਰੀ ਵਧ ਕੇ 38 ਫੀਸਦੀ ਹੋ ਗਈ ਹੈ। ਐੱਸ.ਯੂ.ਵੀ. ਦੀ ਹਿੱਸੇਦਾਰੀ ਸਾਲ 2020 ’ਚ 29 ਫੀਸਦੀ ਸੀ। ਹੁਣ ਇਹ ਹੈਚਬੈਕ ਦੇ ਲਗਭਗ ਬਰਾਬਰ ਹੋ ਗਈ ਹੈ। ਹੁਣ ਹੈਚਬੈਕ ਦੀ ਹਿੱਸੇਦਾਰੀ 40 ਫੀਸਦੀ ਹੈ। ਹੁੰਡਈ ਦੀ ਭਾਰਤੀ ਇਕਾਈ ਇਸਦੇ ਗਲੋਬਲ ਦਫਤਰ ਲਈ ਸਭ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਇਕਾਈਆਂ ’ਚੋਂ ਇਕ ਬਣ ਗਈ ਹੈ, ਜੋ ਐੱਸ.ਯੂ.ਵੀ. ਬਲਾਕ ਦੀ ਅਗਵਾਈ ਕਰ ਰਹੀ ਹੈ। ਕੰਪਨੀ ਦੀ ਵਿਕਰੀ ’ਚ ਅੱਧਾ ਹਿੱਸਾ ਐੱਸ.ਯੂ.ਵੀ. ਦਾ ਹੈ। ਇਸਨੇ ਸਾਲ 2022 ’ਚ ਆਪਣੀ ਪ੍ਰੀਮੀਅਮ ਐੱਸ.ਯੂ.ਵੀ. ਟੁਸਾਨ ਦਾ ਨਵਾਂ ਮਾਡਲ ਅਤੇ ਇਕ ਇਲੈਕਟ੍ਰਿਕ ਐੱਸ.ਯੂ.ਵੀ. ਪੇਸ਼ ਕਰਨ ਦੀ ਯੋਜਨਾ ਬਣਾਈ ਹੈ। ਅਜੇ ਕੰਪਨੀ ਦੇ ਪੋਰਟਫੋਲੀਓ ’ਚ ਵੈਨਿਊ, ਕ੍ਰੇਟਾ, ਅਲਕਜ਼ਾਰ, ਟੁਸਾਨ ਅਤੇ ਕੋਨਾ ਈ.ਵੀ. ਸ਼ਾਮਲ ਹਨ।
ਹੁੰਡਈ ਇੰਡੀਆ ਦੇ ਨਿਰਦੇਸ਼ਕ ਤਰੁਣ ਗਰਗ ਨੇ ਕਿਹਾ, ‘ਅਸੀਂ ਆਪਣੇ ਉਤਪਾਦ ਫਰੰਟ ਰੂਫ, ਕੁਨੈਕਟਿਡ ਕਾਰ, ਜ਼ਿਆਦਾ ਜਗ੍ਹਾ ਅਤੇ ਸੁਵਿਧਾਵਾਂ ਵਰਗੀਆਂ ਖੂਬੀਆਂ ਨਾਲ ਮੁਹੱਈਆ ਕਰਵਾਉਣ ’ਤੇ ਧਿਆਨ ਦੇ ਰਹੇ ਹਾਂ। ਹੁੰਡਈ ਸਾਲ 2020 ਤੋਂ ਬਾਅਦ 2021 ’ਚ ਵੀ ਸਭ ਤੋਂ ਵੱਡੀ ਐੱਸ.ਯੂ.ਵੀ. ਨਿਰਮਾਤਾ ਰਹੀ ਹੈ। ਐੱਸ.ਯੂ.ਵੀ. ਅਜਿਹਾ ਬਲਾਕ ਹੈ, ਜਿਸ ਵਿਚ ਪਿਛਲੇ ਤਿੰਨ ਸਾਲਾਂ ਦੌਰਾਨ 50 ਤੋਂ ਜ਼ਿਆਦਾ ਨਵੀਆਂ ਕਾਰਾਂ ਪੇਸ਼ ਕੀਤੀਆਂ ਗਈਆਂ ਹਨ। ਇਸ ਸਾਲ ਇਸ ਬਲਾਕ ’ਚ ਹੁੰਡਈ ਦੀ ਕ੍ਰੇਟਾ ਦੀ ਸਭ ਤੋਂ ਜ਼ਿਆਦਾ ਵਿਕਰੀ 1,25,437 ਕਾਰਾਂ ਦੀ ਰਹੀ ਹੈ। ਗਰਗ ਨੇ ਕਿਹਾ, ‘ਇਸ ਬਾਜ਼ਾਰ ’ਚ 4 ਮੀਟਰ ਤੋਂ ਘੱਟ ਅਤੇ ਇਸਤੋਂ ਜ਼ਿਆਦਾ ਲੰਬੀ ਸਮੇਤ ਬਹੁਤ ਸਾਰੀਆਂ ਐੱਸ.ਯੂ.ਵੀ. ਆ ਗਈਆਂ ਹਨ। ਇਸਦੇ ਬਾਵਜੂਦ ਕ੍ਰੇਟਾ ਮਾਰਕੀਟ ਲੀਡਰ ਬਣੀ ਹੋਈ ਹੈ। ਅਸੀਂ ਲਗਾਤਾਰ ਆਪਣੇ ਪੋਲਟਫੋਲੀਓ ਨੂੰ ਵਧਾ ਰਹੇ ਹਾਂ। ਹਾਲ ਹੀ ’ਚ ਅਲਕਜ਼ਾਰ ਉਤਾਰੀ ਗਈ ਹੈ।’ ਹੁੰਡਈ ਨਾਲ ਸੰਬੰਧਿਤ ਕੀਆ ਨੇ ਥੋੜ੍ਹੋ ਹੀ ਸਮੇਂ ’ਚ ਭਾਰਤ ਦੀਆਂ ਚੋਟੀ ਦੀਆਂ 5 ਕਾਰ ਨਿਰਮਾਤਾ ਕੰਪਨੀਆਂ ’ਚ ਥਾਂ ਬਣਾ ਲਈ ਹੈ। ਇਹ ਇਸਦੇ ਲੋਕਪ੍ਰਸਿੱਧ ਮਾਡਲਾਂ ਜਿਵੇਂ ਸੇਲਟੋਸ ਅਤੇ ਸੋਨੇਟ ਦੀ ਬਦੌਲਤ ਸੰਭਵ ਹੋਇਆ ਹੈ।
ਟਾਟਾ ਮੋਟਰਸ ਵੀ ਇਸ ਬਲਾਕ ’ਚ ਆਪਣਾ ਕਿਲ੍ਹਾ ਮਜਬੂਤ ਕਰ ਰਹੀ ਹੈ। ਕੰਪਨੀ ਦੇ ਪੋਰਟਫੋਲੀਓ ’ਚ ਐੱਸ.ਯੂ.ਵੀ. ਦਾ ਹਿੱਸਾ ਵਧ ਕੇ 2021 ’ਚ 52 ਫੀਸਦੀ ਹੋ ਗਿਆ, ਜੋ ਸਾਲ 2020 ’ਚ 37 ਫੀਸਦੀ ਸੀ। ਕੰਪਨੀ ਨੇ ਅਕਤੂਬਰ ’ਚ ਨੈਕਸਨ ਅਤੇ ਪੰਚ ਉਤਾਰ ਕੇ ਮਜਬੂਤ ਸਥਿਤੀ ਹਾਸਿਲ ਕਰ ਲਈ ਹੈ। ਕੰਪਨੀ ਨੇ ਇਨ੍ਹਾਂ ਦੋਵਾਂ ਮਾਡਲਾਂ ਦੀਆਂ ਕੁੱਲ 18,549 ਯੂਨਿਟਾਂ ਦੀ ਵਿਕਰੀ ਕੀਤੀ।