ਕੈਫੇ ਕੌਫੀ ਡੇਅ ਸਮੂਹ ’ਤੇ ਕੁਲ 4970 ਕਰੋਡ਼ ਦਾ ਕਰਜ਼ਾ, ਰੈਗੂਲੇਟਰੀ ਫਾਈਲਿੰਗ ’ਚ ਦਿੱਤੀ ਜਾਣਕਾਰੀ

08/19/2019 10:49:42 AM

ਨਵੀਂ ਦਿੱਲੀ — ਕੈਫੇ ਕੌਫੀ ਡੇਅ ਸਮੂਹ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਦਾ ਬਕਾਇਆ ਕਰਜ਼ਾ 4970 ਕਰੋਡ਼ ਰੁਪਏ ਹੈ, ਜਿਸ ’ਚ 4796 ਕਰੋਡ਼ ਰੁਪਏ ਦਾ ਸਕਿਓਰਡ ਲੋਨ ਅਤੇ 174 ਕਰੋਡ਼ ਰੁਪਏ ਦਾ ਅਨਸਕਿਓਰਡ ਲੋਨ ਸ਼ਾਮਲ ਹੈ।

ਕੰਪਨੀ ਨੇ ਬਾਂਬੇ ਸਟਾਕ ਐਕਸਚੇਂਜ ਯਾਨੀ ਬੀ. ਐੱਸ. ਈ. ਦੀ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਮੈਨੇਜਮੈਂਟ ਨੇ ਆਪਣੇ ਕਰਜ਼ੇ ਦੀ ਸਥਿਤੀ, ਲੋੜ ਅਨੁਸਾਰ ਕਟੌਤੀ ਅਤੇ ਚਾਲੂ ਵਿਨਿਵੇਸ਼ ਟਰਾਂਸਫਰ ਪੂਰਾ ਹੋਣ ਤੋਂ ਬਾਅਦ ਦੀ ਸਥਤਿੀ ਸਪੱਸ਼ਟ ਕਰਨ ਦਾ ਫੈਸਲਾ ਲਿਆ ਹੈ।

ਕਿਹੜੀਆਂ-ਕਿਹੜੀਆਂ ਕੰਪਨੀਆਂ ’ਤੇ ਕਿੰਨਾ ਕਰਜ਼ਾ

ਕੁਲ ਕਰਜ਼ੇ ’ਚ ਕੌਫੀ ਡੇਅ ਐਂਟਰਪ੍ਰਾਈਜ਼ਿਜ਼ ਲਿਮਟਿਡ ਦਾ ਕਰਜ਼ਾ 480 ਕਰੋਡ਼ ਰੁਪਏ, ਕੌਫੀ ਡੇਅ ਗਲੋਬਲ ਲਿਮਟਿਡ ਦਾ 1097 ਕਰੋਡ਼ ਰੁਪਏ, ਵੇਅ-ਟੂ-ਵੈਲਥ ਲਿਮਟਿਡ ਦਾ 121 ਕਰੋਡ਼ ਰੁਪਏ, ਟੈਂਗਲਿਨ ਡਿਵੈੱਲਪਮੈਂਟ ਲਿਮਟਿਡ ਦਾ 1622 ਕਰੋਡ਼ ਰੁਪਏ, ਟੈਂਗਲਿਨ ਰਿਟੇਲ ਰਿਆਲਿਟੀ ਡਿਵੈੱਲਪਮੈਂਟ ਲਿਮਟਿਡ ਦਾ 15 ਕਰੋਡ਼ ਰੁਪਏ, ਕੌਫੀ ਡੇਅ ਹੋਟਲਸ ਐਂਡ ਰਿਜ਼ਾਟਰਸ ਲਿਮਟਿਡ ਦਾ 137 ਕਰੋਡ਼ ਰੁਪਏ, ਸਿਕਲ ਲਾਜਿਸਟਿਕਸ ਲਿਮਟਿਡ ਦਾ 1488 ਕਰੋਡ਼ ਰੁਪਏ ਅਤੇ ਮੈਗਨਾਸਾਫਟ ਕੰਸਲਟਿੰਗ ਇੰਡੀਆ ਲਿਮਟਿਡ ਦਾ 10 ਕਰੋਡ਼ ਰੁਪਏ ਸ਼ਾਮਲ ਹੈ।

ਸਮੂਹ ਨੇ ਸਹਿਯੋਗੀ ਕੰਪਨੀ ਵੇਚਣ ਦਾ ਫੈਸਲਾ ਲਿਆ

ਕੰਪਨੀ ਸੈਕਟਰੀ ਸਦਾਨੰਦ ਪੁਜਾਰੀ ਨੇ ਫਾਈਲਿੰਗ ’ਚ ਕਿਹਾ ਕਿ ਸਾਡੇ ਸੰਸਥਾਪਕ ਅਤੇ ਚੇਅਰਮੈਨ ਵੀ. ਜੀ. ਸਿਧਾਰਥ ਦੀ 31 ਜੁਲਾਈ ਨੂੰ ਮੌਤ ਹੋ ਜਾਣ ਤੋਂ ਬਾਅਦ ਮੀਡੀਆ ਦੇ ਇਕ ਵਰਗ ਵੱਲੋਂ ਸਾਡੇ ਕਰਜ਼ੇ ਨੂੰ ਲੈ ਕੇ ਰੁਕਾਵਟਾਂ ਲਾਏ ਜਾਣ ਦੇ ਆਲੋਕ ’ਚ ਇਹ ਸਪੱਸ਼ਟੀਕਰਨ ਦਿੱਤਾ ਜਾ ਰਿਹਾ ਹੈ। ਕੰਪਨੀ ਦੇ ਬੋਰਡ ਨੇ 14 ਅਗਸਤ ਨੂੰ ਆਪਣੀ ਸਹਿਯੋਗੀ ਕੰਪਨੀ ਬੇਂਗਲੁਰੂ ਸਥਿਤ ਟੈਂਗਲਿਨ ਡਿਵੈੱਲਪਮੈਂਟ ਲਿਮਟਿਡ ਦੇ ਗਲੋਬਲ ਵਿਲੇਜ ਟੈਕ ਪਾਰਕ ਨੂੰ ਅਗਲੇ 30-45 ਦਿਨਾਂ ’ਚ ਅਮਰੀਕੀ ਨਿੱਜੀ ਇਕਵਿਟੀ ਫਰਮ ਬਲੈਕਸਟੋਨ ਨੂੰ 2600-3000 ਕਰੋਡ਼ ਰੁਪਏ ’ਚ ਵੇਚਣ ਦਾ ਫੈਸਲਾ ਲਿਆ।

ਕੰਪਨੀ ਨੇ ਫਾਈਲਿੰਗ ’ਚ ਕੀ ਕਿਹਾ

ਕੰਪਨੀ ਨੇ ਫਾਈਲਿੰਗ ’ਚ ਕਿਹਾ ਕਿ ਗਲੋਬਲ ਵਿਲੇਜ ਦੀ ਵਿਕਰੀ ਨਾਲ ਬਲੈਕਸਟੋਨ ਤੋਂ ਪ੍ਰਾਪਤ ਰਾਸ਼ੀ ਅਤੇ ਕਾਨੂੰਨ ਭੁਗਤਾਨ ਦੀ ਚੋਣ ਤੋਂ ਬਾਅਦ ਸਮੂਹ ਦਾ ਕਰਜ਼ਾ ਘੱਟ ਹੋ ਜਾਵੇਗਾ। ਪੁਜਾਰੀ ਨੇ ਕਿਹਾ ਕਿ ਸਿਕਲ ਕੁੱਝ ਜਾਇਦਾਦਾਂ ਦੇ ਵਿਨਿਵੇਸ਼ ’ਤੇ ਵਿਚਾਰ ਕਰ ਰਹੀ ਹੈ, ਜਿਸ ਤੋਂ ਪ੍ਰਾਪਤ ਪੈਸੇ ਨਾਲ ਉਸ ਦੇ ਕਰਜ਼ੇ ’ਚ ਕਮੀ ਆਵੇਗੀ। ਕੰਪਨੀ ਨੇ ਆਪਣੇ ਕਰਜ਼ਦਾਰਾਂ ਤੋਂ ਆਪਣੀ ਵਚਨਬੱਧਤਾ ਪੂਰੀ ਕਰਨ ਲਈ ਸਮਾਂ ਮੰਗਿਆ ਹੈ। ਇਸ ਸਮੂਹ ਨੇ 50,000 ਲੋਕਾਂ ਨੂੰ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ।


Related News