ਰਾਸ਼ਟਰੀ ਹਾਈਵੇਅ ''ਤੇ ਟੋਲ ਟੈਕਸ ਕੱਟਣਾ ਹੋਇਆ ਸ਼ੁਰੂ
Monday, Apr 20, 2020 - 12:19 PM (IST)
ਨਵੀਂ ਦਿੱਲੀ- ਪੂਰੇ ਦੇਸ਼ ਵਿਚ ਰਾਸ਼ਟਰੀ ਹਾਈਵੇਅ 'ਤੇ ਸਰਕਾਰੀ ਹੁਕਮਾਂ ਮੁਤਾਬਕ ਸੋਮਵਾਰ ਤੋਂ ਟੋਲ ਸੰਗ੍ਰਹਿ ਭਾਵ ਟੋਲ ਟੈਕਸ ਲੈਣਾ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇਸ ਕਦਮ ਦਾ ਟਰਾਂਸਪੋਰਟਰ ਵਿਰੋਧ ਕਰ ਰਹੇ ਹਨ। ਕੇਂਦਰ ਸਰਕਾਰ ਨੇ 25 ਮਾਰਚ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦਿਆਂ ਟੋਲ ਸੰਗ੍ਰਹਿ ਨੂੰ ਅਸਥਾਈ ਰੂਪ ਨਾਲ ਪੈਂਡਿੰਗ ਕਰਨ ਦਾ ਐਲਾਨ ਕੀਤਾ ਸੀ।
ਭਾਰਤੀ ਰਾਸ਼ਟਰੀ ਹਾਈਵੇਅ ਅਥਾਰਟੀ (ਐੱਨ. ਐੱਚ. ਆਈ.) ਨਾਲ ਹੀ ਹਾਈਵੇਅ ਡਿਵੈਲਪਰਜ਼ ਨੇ ਟੋਲ ਪਲਾਜਾ 'ਤੇ ਸੰਗ੍ਰਹਿ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਹਾਈਵੇਅ ਬਣਾਉਣ ਵਾਲੀ ਕੰਪਨੀ ਆਈ. ਆਰ. ਬੀ. ਇੰਫਰਾਸਟ੍ਰਕਚਰ ਡਿਵੈਲਪਰਜ਼ ਨੇ ਕਿਹਾ ਕਿ ਉਸ ਦੇ ਸਾਰੇ ਐੱਸ. ਪੀ. ਵੀ. ਨੇ ਐੱਨ. ਐੱਚ. ਆਈ. ਦੇ ਹੁਕਮਾਂ ਮੁਤਾਬਕ ਅੱਜ ਰਾਤ 12 ਵਜੇ ਤੋਂ ਟੋਲ ਸੰਗ੍ਰਹਿ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ।
ਆਈ. ਆਰ. ਬੀ. ਇੰਫਰਾਸਟ੍ਰਕਚਰ ਡਿਵੈਲਪਰਜ਼ ਦੇ ਬੁਲਾਰੇ ਨੇ ਕਿਹਾ,"ਟੋਲ ਸੰਚਾਲਨ ਫਿਰ ਤੋਂ ਸ਼ੁਰੂ ਕਰਨ ਲਈ ਨੋਡਲ ਏਜੰਸੀਆਂ ਦੇ ਹੁਕਮਾਂ ਨਾਲ ਅਸੀਂ ਖੁਸ਼ ਹਾਂ। ਇਹ ਇਸ ਖੇਤਰ ਲਈ ਇਕ ਪਾਜ਼ੀਟਿਵ ਸੰਕੇਤ ਹੈ ਅਤੇ ਇਸ ਨਾਲ ਲੱਗਦਾ ਹੈ ਕਿ ਅਸੀਂ ਹੌਲੀ- ਹੌਲੀ ਪੜਾਅਬੱਧ ਤਰੀਕੇ ਨਾਲ ਸਾਧਾਰਣ ਸਥਿਤੀ ਵੱਲ ਵੱਧ ਰਹੇ ਹਾਂ।" ਆਈ. ਆਰ. ਬੀ. ਇੰਫਰਾ ਦੀ ਐੱਸ. ਪੀ. ਵੀ. ਯੋਜਨਾ ਪੂਰੇ ਦੇਸ਼ ਵਿਚ 50 ਟੋਲ ਪਲਾਜ਼ਾ ਦਾ ਸੰਚਾਲਨ ਕਰਦੀ ਹੈ। ਐੱਨ. ਐੱਚ. ਆਈ. ਦੇ ਹੁਕਮਾਂ ਮੁਤਾਬਕ ਸਾਰੇ ਐੱਸ. ਪੀ. ਵੀ. ਟੋਲ ਪਲਾਜ਼ਾ 'ਤੇ ਉਪਯੋਗਕਰਤਾਵਾਂ ਅਤੇ ਕਰਮਚਾਰੀਆਂ ਲਈ ਜ਼ਰੂਰੀ ਸਾਵਧਾਨੀ ਤੇ ਦੇਖਭਾਲ ਵਰਤੀ ਜਾਵੇਗੀ। ਇਸ ਲਈ ਕੰਪਨੀ ਨੇ ਟੋਲ ਪਲਾਜ਼ਾ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਜ਼ਰੂਰੀ ਮਾਸਕ, ਸੈਨੀਟਾਈਜ਼ਰ, ਦਸਤਾਨੇ ਆਦਿ ਉਪਲੱਬਧ ਕਰਵਾਏ ਹਨ। ਹਾਲਾਂਕਿ ਟਰਾਂਸਪੋਰਟਰਾਂ ਦੇ ਉੱਚ ਸੰਗਠਨ ਏ. ਆਈ. ਐੱਮ. ਟੀ. ਸੀ. ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ 85 ਫੀਸਦੀ ਤੋਂ ਵੱਧ ਟਰਾਂਸਪੋਰਟਰ ਨਕਦੀ ਦੀ ਕਮੀ ਨਾਲ ਜੂਝ ਰਹੇ ਹਨ। ਅਜਿਹੇ ਟਰਾਂਸਪੋਰਟਰ ਹਾਈਵੇਅ 'ਤੇ ਟੋਲ ਟੈਕਸ ਚੁਕਾਉਣ ਵਿਚ ਸਮਰੱਥ ਨਹੀਂ ਹੋਣਗੇ।
ਏ. ਆਈ. ਐੱਮ. ਟੀ. ਸੀ. ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਟੈਕਸ ਵਸੂਲੀ ਨੂੰ 3 ਮਈ ਤੱਕ ਰੋਕਿਆ ਜਾਵੇ। ਇਹ ਸੰਗਠਨ ਦੇਸ਼ ਦੇ ਤਕਰੀਬਨ 95 ਲੱਖ ਟਰੱਕ ਡਰਾਈਵਰਾਂ ਅਤੇ ਟਰਾਂਸਪੋਰਟ ਇਕਾਈਆਂ ਦੀ ਅਗਵਾਈ ਕਰਦਾ ਹੈ। ਏ. ਆਈ. ਐੱਮ. ਟੀ. ਸੀ. ਦੇ ਮੁਖੀ ਕੁਲਤਰਣ ਸਿੰਘ ਅਟਵਾਲ ਨੇ ਇਸ ਸਬੰਧ ਵਿਚ ਪੀ. ਐੱਮ. ਮੋਦੀ ਨੂੰ ਪੱਤਰ ਲਿਖ ਕੇ ਇਸ ਵਿਚ ਦਖਲ ਦੇਣ ਦੀ ਅਪੀਲ ਕੀਤੀ ਸੀ। ਅਟਵਾਲ ਨੇ ਕਿਹਾ ਕਿ ਦੇਸ਼ ਭਰ ਵਿਚ ਮਿਲੀ ਜਾਣਕਾਰੀ ਦੇ ਹਿਸਾਬ ਨਾਲ ਹਾੜ੍ਹੀ ਫਸਲਾਂ ਦੀ ਖਰੀਦ ਪ੍ਰਭਾਵਿਤ ਹੋਵੇਗੀ ਕਿਉਂਕਿ 85 ਫੀਸਦੀ ਤੋਂ ਜ਼ਿਆਦਾ ਛੋਟੇ ਟਰਾਂਸਪੋਰਟਰਾਂ ਦੀ ਮਾਲੀ ਹਾਲਤ ਖਰਾਬ ਹੈ ਤੇ ਉਹ 20 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਟੋਲ ਟੈਕਸ ਵਸੂਲੀ ਦਾ ਭਾਰ ਚੁੱਕਣ ਵਿਚ ਅਸਮਰੱਥ ਹਨ।