ਪਾਕਿਸਤਾਨ 'ਚ ਸਰਕਾਰ ਖ਼ਿਲਾਫ ਸੜਕਾਂ 'ਤੇ ਉਤਰੇ ਹਜ਼ਾਰਾਂ ਕਿਸਾਨ, ਦੇਸ਼ ਵਿਆਪੀ ਬੰਦ ਦੀ ਦਿੱਤੀ ਧਮਕੀ

Monday, Oct 03, 2022 - 06:17 PM (IST)

ਪਾਕਿਸਤਾਨ 'ਚ ਸਰਕਾਰ ਖ਼ਿਲਾਫ ਸੜਕਾਂ 'ਤੇ ਉਤਰੇ ਹਜ਼ਾਰਾਂ ਕਿਸਾਨ, ਦੇਸ਼ ਵਿਆਪੀ ਬੰਦ ਦੀ ਦਿੱਤੀ ਧਮਕੀ

ਇਸਲਾਮਾਬਾਦ — ਪਾਕਿਸਤਾਨ ਦੇ ਕਿਸਾਨ ਸੰਗਠਨ ਇਤੇਹਾਦ ਨੇ ਸ਼ਾਹਬਾਜ਼ ਸ਼ਰੀਫ ਸਰਕਾਰ ਨੂੰ ਇਸਲਾਮਾਬਾਦ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕਰਨ 'ਤੇ ਦੇਸ਼ ਵਿਆਪੀ ਬੰਦ ਦੀ ਧਮਕੀ ਦਿੱਤੀ ਹੈ। ਇਸ ਮੌਕੇ ਕਿਸਾਨ ਇਤੇਹਾਦ ਦੇ ਪ੍ਰਧਾਨ ਖਾਲਿਦ ਹੁਸੈਨ ਬਾਠ ਨੇ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਨੋਟੀਫਿਕੇਸ਼ਨ ਜਾਰੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪ੍ਰਦਰਸ਼ਨਕਾਰੀ ਕਿਸਾਨ ਪੂਰੇ ਦੇਸ਼ ਨੂੰ ਬੰਦ ਕਰ ਦੇਣਗੇ।

ਏਆਰਵਾਈ ਨਿਊਜ਼ ਦੀ ਰਿਪੋਰਟ ਮੁਤਾਬਕ ਕਿਸਾਨ ਇਤੇਹਾਦ ਦੇ ਪ੍ਰਦਰਸ਼ਨਕਾਰੀਆਂ ਨੇ ਮੰਗਾਂ ਪੂਰੀਆਂ ਨਾ ਕੀਤੇ ਜਾਣ 'ਤੇ ਸੰਸਦ ਅਤੇ ਬਨੀ ਗਾਲਾ ਦੇ ਬਾਹਰ ਧਰਨਾ ਦੇਣ ਦਾ ਸੰਕੇਤ ਦਿੱਤਾ। ਦੱਸ ਦੇਈਏ ਕਿ ਪਾਕਿਸਤਾਨ ਵਿੱਚ ਬਿਜਲੀ ਦਰਾਂ ਵਿੱਚ ਕਟੌਤੀ ਅਤੇ ਹੋਰ ਆਰਥਿਕ ਮੁੱਦਿਆਂ ਦੇ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਐਤਵਾਰ ਨੂੰ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ। ਪਾਕਿਸਤਾਨ 'ਚ ਹਜ਼ਾਰਾਂ ਕਿਸਾਨ ਸਰਕਾਰ ਖਿਲਾਫ ਸੜਕਾਂ 'ਤੇ ਉਤਰ ਆਏ ਹਨ। ਕਿਸਾਨ ਇਤਿਹਾਦ (ਕਿਸਾਨ ਯੂਨੀਅਨ) ਦੀ ਅਗਵਾਈ ਹੇਠ ਕਿਸਾਨਾਂ ਨੇ ਦੂਜੇ ਦਿਨ ਵੀ ਇਸਲਾਮਾਬਾਦ ਦੇ ਰੈੱਡ ਜ਼ੋਨ ਵਿੱਚ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : ਇਸ ਦੀਵਾਲੀ ਚੀਨ ਨੂੰ ਲੱਗੇਗਾ 50,000 ਕਰੋੜ ਦਾ ਝਟਕਾ, ਮੇਕਿੰਗ ਇੰਡੀਆ ਨੂੰ ਮਿਲੇਗੀ ਮਜ਼ਬੂਤੀ

ਧਰਨਾਕਾਰੀ ਬਿਜਲੀ ਅਤੇ ਖਾਦਾਂ ਦੀਆਂ ਮਹਿੰਗੀਆਂ ਕੀਮਤਾਂ ਦਾ ਵਿਰੋਧ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਡੀ-ਚੌਕ ਖੇਤਰ, ਜਿੱਥੇ ਮਹੱਤਵਪੂਰਨ ਸਰਕਾਰੀ ਅਦਾਰੇ ਸਥਿਤ ਹਨ, ਵੱਲ ਮਾਰਚ ਕਰਨਗੇ। ਜਾਣਕਾਰੀ ਮੁਤਾਬਕ ਪ੍ਰਦਰਸ਼ਨ ਕਰ ਰਹੇ ਕਿਸਾਨ ਜਿਨਾਹ ਐਵੇਨਿਊ ਪਹੁੰਚੇ। ਇੱਥੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਧਰਨਾਕਾਰੀ ਕਿਸਾਨ ਡੀ-ਚੌਕ, ਰੈੱਡ ਜ਼ੋਨ ਵੱਲ ਵਧੇ। ਇਸ ਦੌਰਾਨ ਐਕਸਪ੍ਰੈਸ ਰੋਡ ਅਤੇ ਨਾਲ ਲੱਗਦੇ ਹਾਈਵੇਅ ’ਤੇ ਧਰਨੇ ਕਾਰਨ ਭਾਰੀ ਜਾਮ ਲੱਗ ਗਿਆ।

ਪ੍ਰਸ਼ਾਸਨ ਦੀਆਂ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤੱਕ ਧਰਨਾਕਾਰੀਆਂ ਨਾਲ ਗੱਲਬਾਤ ਨਹੀਂ ਹੋ ਸਕੀ ਹੈ। ਕਿਸਾਨਾਂ ਦੀ ਮੰਗ ਹੈ ਕਿ ਪਿਛਲੇ 5.3 ਰੁਪਏ ਪ੍ਰਤੀ ਯੂਨਿਟ ਟਿਊਬਵੈੱਲ ਦਾ ਬਿਜਲੀ ਚਾਰਜ ਬਹਾਲ ਕੀਤਾ ਜਾਵੇ ਅਤੇ ਸਾਰੇ ਟੈਕਸ ਮੁਆਫ਼ ਕੀਤੇ ਜਾਣ। ਧਰਨਾਕਾਰੀਆਂ ਨੇ ਖਾਦਾਂ ਦੀ ਕਾਲਾਬਾਜ਼ਾਰੀ ਬੰਦ ਕਰਨ, ਕਾਲਾਬਾਜ਼ਾਰੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਅਤੇ ਯੂਰੀਆ ਦੇ ਰੇਟ ਘਟਾਉਣ ਦੀ ਮੰਗ ਕੀਤੀ ਹੈ। ਕਿਸਾਨਾਂ ਦੀ ਇਹ ਵੀ ਮੰਗ ਹੈ ਕਿ ਖੇਤੀ ਨੂੰ ਉਦਯੋਗ ਦਾ ਦਰਜਾ ਦਿੱਤਾ ਜਾਵੇ।

ਇਹ ਵੀ ਪੜ੍ਹੋ : ਗ੍ਰਾਮੀਣ ਬੈਂਕਾਂ ਨੂੰ ਸ਼ੇਅਰ ਮਾਰਕੀਟ ’ਚ ਸੂਚੀਬੱਧ ਹੋਣ ਦਾ ਮੌਕਾ ਮਿਲੇਗਾ, ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News