ਬਜਟ 2021 : ਸਿਹਤ ਸੈਕਟਰ ਲਈ ਹੋ ਸਕਦਾ ਇਸ ਵਿਸ਼ੇਸ਼ ਫੰਡ ਦਾ ਐਲਾਨ
Tuesday, Jan 12, 2021 - 07:13 PM (IST)

ਨਵੀਂ ਦਿੱਲੀ- ਸਰਕਾਰ ਕੋਰੋਨਾ ਤੋਂ ਸਬਕ ਲੈਂਦੇ ਹੋਏ ਹੈਲਥ ਸੈਕਟਰ ਲਈ ਜਲਦ ਹੀ ਇਕ ਖ਼ਾਸ ਫੰਡ ਬਣਾਉਣ ਜਾ ਰਹੀ ਹੈ। ਇਸ ਫੰਡ ਦਾ ਇਸਤੇਮਾਲ ਆਯੁਸ਼ਮਾਨ ਭਾਰਤ ਵਰਗੀਆਂ ਪ੍ਰਮੁੱਖ ਯੋਜਨਾਵਾਂ ਵਿਚ ਕੀਤਾ ਜਾਵੇਗਾ। ਇਸ ਦੀ ਘੋਸ਼ਣਾ ਬਜਟ ਵਿਚ ਕੀਤੀ ਜਾ ਸਕਦੀ ਹੈ।
ਖ਼ਬਰਾਂ ਹਨ ਕਿ 1 ਫਰਵਰੀ 2021 ਨੂੰ ਆਉਣ ਵਾਲੇ ਬਜਟ ਵਿਚ ਸਰਕਾਰ ਪੀ. ਐੱਮ. ਸਿਹਤ ਸੁਰੱਖਿਆ ਫੰਡ ਬਣਾਉਣ ਦਾ ਐਲਾਨ ਕਰ ਸਕਦੀ ਹੈ।
ਸੂਤਰਾਂ ਮੁਤਾਬਕ, ਇਸ ਜ਼ਰੀਏ ਹੈਲਥ ਸੈਕਟਰ ਦੀਆਂ ਫਲੈਗਸ਼ਿਪ ਯੋਜਨਾਵਾਂ 'ਤੇ ਖ਼ਰਚ ਹੋਵੇਗਾ। ਇਸ ਵਿਚ ਆਯੁਸ਼ਮਾਨ ਭਾਰਤ, ਹੈਲਥ ਐਂਡ ਵੈਲਨੈੱਸ ਸੈਂਟਰ 'ਤੇ ਆਉਣ ਵਾਲਾ ਖ਼ਰਚ ਸ਼ਾਮਲ ਹੋ ਸਕਦਾ ਹੈ। ਪ੍ਰਧਾਨ ਮੰਤਰੀ ਜਨ ਅਰੋਗ ਯੋਜਨਾ 'ਤੇ ਵੀ ਇਸ ਜ਼ਰੀਏ ਖ਼ਰਚ ਹੋਵੇਗਾ। ਇਸ ਤੋਂ ਇਲਾਵਾ ਪੀ. ਐੱਮ. ਸੁਰੱਖਿਆ ਯੋਜਨਾ ਅਤੇ ਨੈਸ਼ਨਲ ਹੈਲਥ ਮਿਸ਼ਨ 'ਤੇ ਵੀ ਖ਼ਰਚ ਹੋਵੇਗਾ। ਸਿਹਤ ਤੇ ਸਿੱਖਿਆ ਸੈੱਸ ਦਾ ਹਿੱਸ ਪੀ. ਐੱਮ. ਸਿਹਤ ਸੁਰੱਖਿਆ ਫੰਡ ਵਿਚ ਜਾਵੇਗਾ। ਸਰਕਾਰ ਦਾ 2025 ਤੱਕ ਸਿਹਤ 'ਤੇ ਜੀ. ਡੀ. ਪੀ. ਦਾ 2.5 ਫ਼ੀਸਦੀ ਖ਼ਰਚ ਕਰਨ ਦਾ ਟੀਚਾ ਹੈ। ਮੌਜੂਦਾ ਸਮੇਂ ਹੈਲਥ ਸੈਕਟਰ 'ਤੇ ਜੀ. ਡੀ. ਪੀ. ਦਾ 1.4 ਫ਼ੀਸਦੀ ਖ਼ਰਚ ਹੁੰਦਾ ਹੈ।