ਸਾਲ 2023 ਦੇ ਪਹਿਲੇ ਹਫ਼ਤੇ ਇਨ੍ਹਾਂ ਅੱਠ ਕੰਪਨੀਆਂ ਨੂੰ ਹੋਇਆ 1.06 ਲੱਖ ਕਰੋੜ ਰੁਪਏ ਦਾ ਨੁਕਸਾਨ
Sunday, Jan 08, 2023 - 01:36 PM (IST)
ਬਿਜ਼ਨੈੱਸ ਡੈਸਕ— ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ 'ਚੋਂ 8 ਦਾ ਬਾਜ਼ਾਰ ਪੂੰਜੀਕਰਣ (ਮਾਰਕੀਟ ਕੈਪ) 'ਚ ਬੀਤੇ ਹਫਤੇ ਸਮੂਹਿਕ ਤੌਰ 'ਤੇ 1,06,991.42 ਕਰੋੜ ਰੁਪਏ ਦੀ ਗਿਰਾਵਟ ਆਈ। ਸਭ ਤੋਂ ਜ਼ਿਆਦਾ ਨੁਕਸਾਨ ਸੂਚਨਾ ਤਕਨਾਲੋਜੀ ਖੇਤਰ ਦੀਆਂ ਕੰਪਨੀਆਂ ਇੰਫੋਸਿਸ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ) ਅਤੇ ਐੱਚ.ਡੀ.ਐੱਫ.ਸੀ ਬੈਂਕ ਨੂੰ ਹੋਇਆ। ਬੀਤੇ ਹਫਤੇ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 940.37 ਅੰਕ ਜਾਂ 1.55 ਫੀਸਦੀ ਦੇ ਨੁਕਸਾਨ 'ਚ ਰਿਹਾ। ਹਿੰਦੁਸਤਾਨ ਯੂਨੀਲੀਵਰ ਅਤੇ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਨੂੰ ਛੱਡ ਕੇ ਹੋਰ ਕੰਪਨੀਆਂ ਦਾ ਬਾਜ਼ਾਰ ਮੁੱਲਾਂਕਣ ਬੀਤੇ ਹਫਤੇ ਘੱਟ ਗਿਆ।
ਸਮੀਖਿਆ ਅਧੀਨ ਹਫਤੇ 'ਚ ਇੰਫੋਸਿਸ ਦਾ ਬਾਜ਼ਾਰ ਪੂੰਜੀਕਰਣ 25,185.37 ਕਰੋੜ ਰੁਪਏ ਘਟ ਕੇ 6,09,687.79 ਕਰੋੜ ਰੁਪਏ ਰਹਿ ਗਿਆ। ਸਭ ਤੋਂ ਵੱਧ ਨੁਕਸਾਨ ਇੰਫੋਸਿਸ ਨੂੰ ਹੋਇਆ। ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਮੁਲਾਂਕਣ 18,375.41 ਕਰੋੜ ਰੁਪਏ ਦੇ ਨੁਕਸਾਨ ਨਾਲ 8,89,130 ਕਰੋੜ ਰੁਪਏ 'ਤੇ ਗਿਆ। ਟੀ.ਸੀ.ਐੱਸ. ਦਾ ਮਾਰਕੀਟ ਕੈਪ 17,289.02 ਕਰੋੜ ਰੁਪਏ ਘੱਟ ਕੇ 11,75,287.30 ਕਰੋੜ ਰੁਪਏ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਦੀ 14,447.69 ਕਰੋੜ ਰੁਪਏ ਦੇ ਨੁਕਸਾਨ ਨਾਲ 6,07,140.65 ਕਰੋੜ ਰੁਪਏ ਰਹਿ ਗਈ।
ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਦਾ ਬਾਜ਼ਾਰ ਮੁਲਾਂਕਣ 11,245.01 ਕਰੋੜ ਰੁਪਏ ਘਟ ਕੇ 5,36,012.18 ਕਰੋੜ ਰੁਪਏ ਰਹਿ ਗਿਆ। ਐੱਚ.ਡੀ.ਐੱਫ.ਸੀ. ਦਾ ਮਾਰਕੀਟ ਕੈਪ 7,419.45 ਕਰੋੜ ਰੁਪਏ ਘਟ ਕੇ 4,74,018.02 ਕਰੋੜ ਰੁਪਏ ਰਹਿ ਗਿਆ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 7,408.2 ਕਰੋੜ ਰੁਪਏ ਟੁੱਟ ਕੇ 17,16,571.25 ਕਰੋੜ ਰੁਪਏ 'ਤੇ ਪਹੁੰਚ ਗਿਆ। ਭਾਰਤੀ ਏਅਰਟੈੱਲ ਦੀ ਬਾਜ਼ਾਰ ਹੈਸੀਅਤ 'ਚ 5,621.27 ਕਰੋੜ ਰੁਪਏ ਦੀ ਗਿਰਾਵਟ ਆਈ ਅਤੇ ਇਹ 4,43,356.45 ਕਰੋੜ ਰੁਪਏ ਰਹਿ ਗਿਆ।
ਇਸ ਰੁਝਾਨ ਦੇ ਉਲਟ ਐੱਲ.ਆਈ.ਸੀ ਦਾ ਬਾਜ਼ਾਰ ਮੁਲਾਂਕਣ 14,105.09 ਕਰੋੜ ਰੁਪਏ ਦੇ ਉਛਾਲ ਨਾਲ 4,47,114.09 ਕਰੋੜ ਰੁਪਏ ਹੋ ਗਿਆ। ਹਿੰਦੁਸਤਾਨ ਯੂਨੀਲੀਵਰ ਦਾ ਮੁੱਲ 4,053.05 ਕਰੋੜ ਰੁਪਏ ਚੜ੍ਹਕੇ 6,05,489.67 ਕਰੋੜ ਰੁਪਏ ਹੋ ਗਿਆ। ਰਿਲਾਇੰਸ ਇੰਡਸਟਰੀਜ਼ ਨੇ ਚੋਟੀ ਦੀਆਂ 10 ਕੰਪਨੀਆਂ ਦੀ ਸੂਚੀ ਵਿੱਚ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਇਸ ਤੋਂ ਬਾਅਦ ਕ੍ਰਮਵਾਰ ਟੀ.ਸੀ.ਐੱਸ, ਐੱਚ.ਡੀ.ਐੱਫ.ਸੀ ਬੈਂਕ, ਇੰਫੋਸਿਸ, ਆਈ.ਸੀ.ਆਈ.ਸੀ.ਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਐੱਸ.ਬੀ.ਆਈ, ਐੱਚ.ਡੀ.ਐੱਫ.ਸੀ., ਐੱਲ.ਆਈ.ਸੀ ਅਤੇ ਭਾਰਤੀ ਏਅਰਟੈੱਲ ਦਾ ਸਥਾਨ ਰਿਹਾ ਹੈ।