ਭਾਰਤ ''ਚ ਕੋਰੋਨਾ ਟੀਕੇ ਦੀ ਕੋਈ ਘਾਟ ਨਹੀਂ ਹੋਣ ਦਿੱਤੀ ਜਾਵੇਗੀ : ਐਸਟ੍ਰਾਜ਼ੇਨੇਕਾ
Friday, Jan 29, 2021 - 04:42 PM (IST)
ਨਵੀਂ ਦਿੱਲੀ- ਗਲੋਬਲ ਮਹਾਮਾਰੀ ਖਿਲਾਫ਼ ਭਾਰਤ ਵਿਚ ਟੀਕਾਕਰਨ ਦੀ ਵੱਡੀ ਮੁਹਿੰਮ ਚੱਲ ਰਹੀ ਹੈ। ਇਸ ਵਿਚਕਾਰ ਐਸਟ੍ਰਾਜ਼ੇਨੇਕਾ ਫਾਰਮਾ ਇੰਡੀਆ ਦੇ ਮੁਖੀ ਅਤੇ ਪ੍ਰਬੰਧਕ ਨਿਰਦੇਸ਼ਕ ਗਗਨ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਵਿਚ ਵਿਕਸਤ ਹੋਣ ਵਾਲੇ ਟੀਕਿਆਂ ਦੀ ਗਿਣਤੀ ਅਤੇ ਇਨ੍ਹਾਂ ਦੀ ਨਿਰਮਾਣ ਸਮਰੱਥਾ ਨੂੰ ਦੇਖਦੇ ਹੋਏ ਦੇਸ਼ ਵਿਚ ਤੀਜੀ ਤਿਮਾਹੀ ਤੱਕ ਕੋਵਿਡ-19 ਟੀਕੇ ਦੀ ਕੋਈ ਘਾਟ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਟੀਕੇ ਸਗੋਂ ਜ਼ਿਆਦਾ ਹੋ ਸਕਦੇ ਹਨ। ਗਗਨ ਸਿੰਘ ਨੇ ਕਿਹਾ ਕਿ ਮਹਾਮਾਰੀ ਨੇ ਇਹ ਸਾਬਤ ਕੀਤਾ ਹੈ ਕਿ ਸਿਹਤ ਸਬੰਧੀ ਵਿਵਸਥਾ ਵਿਚ ਬਾਇਓ-ਮੈਡੀਸਨ ਉਦਯੋਗ ਦਾ ਕਿੰਨਾ ਜ਼ਿਆਦਾ ਮਹੱਤਵ ਹੈ।
ਗਗਨ ਸਿੰਘ ਨੇ ਕਿਹਾ ਕਿ ਦੇਸ਼ ਵਿਚ ਟੀਕਾਕਰਨ ਯੋਜਨਾ ਨੂੰ ਲਾਗੂ ਕਰਨ ਦੇ ਯਤਨਾਂ ਵਿਚ ਸਾਡੀ ਆਪਣੀ ਸਰਕਾਰ ਦੀ ਤਾਰੀਫ਼ ਕਰਨੀ ਚਾਹੀਦੀ ਹੈ। ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਮਹਾਮਾਰੀ ਦੇ ਦੌਰ ਵਿਚ ਕਿਸੇ ਵੀ ਟੀਕੇ ਦੀ ਮਹੱਤਤਾ ਉਦੋਂ ਹੈ ਜਦੋਂ ਉਸ ਨੂੰ ਵੱਡੇ ਪੱਧਰ ਅਤੇ ਇਕ ਬਰਾਬਰ ਰੂਪ ਨਾਲ ਤੇ ਸਮੇਂ ਨਾਲ ਉਪਲਬਧ ਕਰਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਐਸਟ੍ਰਾਜ਼ੇਨੇਕਾ ਨੇ ਗਲੋਬਲ ਪੱਧਰ 'ਤੇ 160 ਦੇਸ਼ਾਂ ਨੂੰ ਸ਼ਾਮਲ ਕਰਦੇ ਹੋਏ ਤਿੰਨ ਅਰਬ ਖ਼ੁਰਾਕਾਂ ਦੀ ਸਪਲਾਈ ਸਮਝੌਤੇ ਕੀਤੇ ਹਨ ਅਤੇ ਜ਼ਿਆਦਾ ਮਹੱਤਵਪੂਰਨ ਗੱਲ ਇਹ ਹੈ ਕਿ ਮਹਾਮਾਰੀ ਦੌਰਾਨ ਕੰਪਨੀ ਨੇ ਕੋਈ ਮੁਨਾਫਾ ਨਹੀਂ ਕਮਾਇਆ। ਉਨ੍ਹਾਂ ਕਿਹਾ ਕਿ ਭਾਰਤ ਵਿਚ ਸੀਰਮ ਇੰਸਟੀਚਿਊਟ ਨਾਲ ਸਾਡੀ ਸਾਂਝੇਦਾਰੀ ਇਕ ਉਪ ਲਾਇਸੈਂਸ ਸਮਝੌਤਾ ਹੈ ਅਤੇ ਸੀਰਮ 1 ਅਰਬ ਖ਼ੁਰਾਕਾਂ ਤਿਆਰ ਕਰ ਰਹੀ ਹੈ, ਜੋ ਨਾ ਸਿਰਫ਼ ਭਾਰਤ ਲਈ ਸਗੋਂ ਹੇਠਲੇ ਅਤੇ ਮਿਡਲ ਇਨਕਮ ਵਾਲੇ ਦੇਸ਼ਾਂ ਲਈ ਵੀ ਬਹੁਤ ਮਹੱਤਵਪੂਰਨ ਹੈ।