ਯੂਰਪ ''ਚ ਗੂਗਲ ''ਤੇ ਲੱਗੇਗਾ ਭਾਰੀ ਜ਼ੁਰਮਾਨਾ

06/19/2017 4:07:08 AM

ਨਵੀਂ ਦਿੱਲੀ — ਯੂਰਪ 'ਚ ਸਰਚÎ ਇੰਜਣ ਗੂਗਲ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਆਪਣੇ ਸਰਚ ਇੰਜਣ 'ਚ ਛੇੜਛਾੜ ਕਰਕੇ ਆਪਣੀ ਨਵੀਂ ਸ਼ਾਪਿੰਗ ਸਰਵਿਸ ਨੂੰ ਗਲਤ ਤਰੀਕੇ ਨਾਲ ਬੜ੍ਹਾਵਾ ਦਿੱਤਾ ਅਤੇ ਬਾਜ਼ਾਰ ਦੀ ਮੁਕਾਬਲੇਬਾਜ਼ੀ ਨੂੰ ਪ੍ਰਭਾਵਿਤ ਕੀਤਾ। ਇਸ ਦੋਸ਼ ਕਾਰਨ ਯੂਰਪੀ ਸੰਘ (ਈਯੂ) ਉਸ 'ਤੇ 1.1 ਅਰਬ ਡਾਲਰ ਤਕਰੀਬਨ 7 ਹਜ਼ਾਰ ਕਰੋੜ ਦਾ ਭਾਰੀ ਜ਼ੁਰਮਾਨਾ ਲਗਾ ਸਕਦਾ ਹੈ। 
ਇਕ ਰਿਪੋਰਟ ਅਨੁਸਾਰ ਈਯੂ ਦੇ ਅਧਿਕਾਰੀ ਅਗਲੇ ਹਫਤੇ ਗੂਗਲ ਨੂੰ ਬਾਜ਼ਾਰ 'ਚ ਆਪਣੀ ਮਜ਼ਬੂਤ ਸਥਿਤੀ ਦਾ ਗਲਤ ਫਾਇਦਾ ਚੁੱਕਣ ਲਈ ਦੋਸ਼ੀ ਘੋਸ਼ਿਤ ਕਰ ਸਕਦੇ ਹਨ। ਪਿਛਲੇ ਸਾਲ ਜੁਲਾਈ 'ਚ ਯੂਰਪੀ ਆਯੋਗ ਨੇ ਕਿਹਾ ਸੀ ਕਿ ਗੂਗਲ ਹੌਲੀ-ਹੌਲੀ ਸਰਚ ਇੰਜਣ ਦੇ ਰਿਜ਼ਲਟ ਪੇਜ਼ਾਂ 'ਚ ਆਪਣੀ ਸ਼ਾਪਿੰਗ ਸਰਵਿਸ ਨੂੰ ਤੁਲਨਾਤਮਕ ਰੂਪ ਨਾਲ ਬਿਹਤਰ ਵਿਖਾ ਕੇ ਨਜ਼ਾਇਜ ਫਾਇਦਾ ਚੁੱਕਿਆ ਹੈ। 
ਪੈਰਿਸ ਅਤੇ ਬਰਲਿਨ ਦੇ ਸੀਨੀਅਰ ਨੇਤਾ ਜੋ ਬਾਜ਼ਾਰ 'ਚ ਗੂਗਲ ਦੇ ਮੁਕਾਬਲੇਬਾਜ਼ ਹਨ, ਨੇ ਯੂਰਪੀ ਆਯੋਗ ਦੇ ਮੁਕਾਬਲੇਬਾਜ਼ੀ ਸਕੱਤਰ ਮਾਰਗਰੇਟ ਵੇਸਟੇਗਰ 'ਤੇ ਗੂਗਲ ਵਿਰੁੱਧ ਕਾਰਵਾਈ ਕਰਨ ਦਾ ਦਬਾਅ ਬਣਾਇਆ। ਰਿਪੋਰਟ ਅਨੁਸਾਰ ਕੰਪਨੀ ਵਲੋਂ ਸ਼ਾਪਿੰਗ ਸਰਵਿਸ ਨਾਲ ਇਕੱਠੀ ਕੀਤੀ ਗਈ ਕੁੱਲ ਆਮਦਨ ਦੀ ਦਸ ਫੀਸਦੀ ਰਾਸ਼ੀ ਦੇ ਬਰਾਬਰ ਜ਼ੁਰਮਾਨਾ ਲਗਾਇਆ ਜਾਵੇਗਾ। ਜ਼ੁਰਮਾਨੇ ਤੋਂ ਇਲਾਵਾ ਗੂਗਲ ਨੂੰ ਨਿਸ਼ਚਤ ਸਮੇਂ 'ਚ ਇਸ ਦਾ ਵੀ ਪ੍ਰਸਤਾਵ ਦੇਣਾ ਹੋਵੇਗਾ ਕਿ ਭਵਿੱਖ 'ਚ ਆਪਣਾ ਸ਼ਾਪਿੰਗ ਬਿਜ਼ਨਸ ਕਿਵੇਂ ਚਲਾਏਗਾ? 
ਜੇਕਰ ਉਹ ਪ੍ਰਸਤਾਵ ਦੇਣ 'ਚ ਅਸਫਲ ਰਹਿੰਦਾ ਹੈ ਤਾਂ ਉਸ ਨੂੰ ਰੋਜ਼ਾਨਾ ਔਸਤ ਟਰਨਓਵਰ ਦੀ ਪੰਜ ਫੀਸਦੀ ਰਾਸ਼ੀ ਰੋਜ਼ਾਨਾ ਜ਼ੁਰਮਾਨੇ ਦੇ ਰੂਪ 'ਚ ਚੁਕਾਉਣੀ ਹੋਵੇਗੀ। ਇਕ ਹੋਰ ਜਾਂਚ 'ਚ ਇਹ ਵੀ ਵੇਖਿਆ ਗਿਆ ਹੈ ਕਿ ਗੂਗਲ ਨੇ ਆਪਣੀਆਂ ਵਿਰੋਧੀ ਕੰਪਨੀਆਂ ਨੂੰ ਆਪਣੀ ਵੈੱਬਸਾਈਟ 'ਤੇ ਬੈਨ ਕੀਤਾ ਹੈ। 


 


Related News