ਤੇਲ ਕੰਪਨੀਆਂ ’ਚ ਵਧੀ ਹਲਚਲ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਹੋ ਸਕਦਾ ਹੈ ਵਾਧਾ
Tuesday, Jun 06, 2023 - 06:36 PM (IST)
ਨਵੀਂ ਦਿੱਲੀ (ਭਾਸ਼ਾ) – ਸਾਊਦੀ ਅਰਬ ਦੇ ਤੇਲ ਉਤਪਾਦਨ ’ਚ ਕਟੌਤੀ ਕਰਨ ਦੇ ਐਲਾਨ ਨਾਲ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਰੁਕ ਸਕਦੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਅਜਿਹੇ ’ਚ ਭਾਰਤ ’ਚ ਈਂਧਨ ਦੀ ਕੀਮਤ ਸਮੀਖਿਆ ’ਚ ਦੇਰੀ ਹੋਵੇਗੀ। ਸਾਊਦੀ ਅਰਬ ਨੇ ਐਤਵਾਰ ਨੂੰ ਕਿਹਾ ਸੀ ਕਿ ਉਹ ਜੁਲਾਈ ਤੋਂ ਤੇਲ ਉਤਪਾਦਨ ’ਚ ਰੋਜ਼ਾਨਾ 10 ਬੈਰਲ ਦੀ ਕਟੌਤੀ ਕਰੇਗਾ। ਇਸ ਨਾਲ ਤੇਲ ਕੰਪਨੀਆਂ ’ਚ ਹਲਚਲ ਮਚ ਗਈ ਹੈ। ਦੂਜੇ ਪਾਸੇ ਓਪੇਕ ਅਤੇ ਹੋਰ ਉਤਪਾਦਕ ਦੇਸ਼ ਸਪਲਾਈ ’ਚ ਕੀਤੀ ਗਈ ਕਟੌਤੀ ਨੂੰ 2024 ਦੇ ਅਖੀਰ ਤੱਕ ਵਧਾਉਣ ’ਤੇ ਸਹਿਮਤ ਹੋਏ। ਇਸ ਫੈਸਲੇ ਕਾਰਣ ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ’ਚ ਇਕ ਡਾਲਰ ਪ੍ਰਤੀ ਬੈਰਲ ਤੋਂ ਵੱਧ ਦਾ ਵਾਧਾ ਹੋਇਆ।
ਇਹ ਵੀ ਪੜ੍ਹੋ : ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਨੂੰ LIC ਦੇਵੇਗੀ ਰਾਹਤ, ਜਲਦ ਮਿਲੇਗੀ ਬੀਮਾ ਰਾਸ਼ੀ
ਬ੍ਰੇਂਟ ਕਰੂਡ ਵਾਅਦਾ 78.73 ਡਾਲਰ ਪ੍ਰਤੀ ਬੈਰਲ ਦੇ ਉੱਪਰਲੇ ਪੱਧਰ ’ਤੇ ਪੁੱਜਣ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ’ਚ 1.51 ਡਾਲਰ ਜਾਂ 2 ਫੀਸਦੀ ਦੀ ਤੇਜ਼ੀ ਨਾਲ 77.64 ਡਾਲਰ ਪ੍ਰਤੀ ਬੈਰਲ ਦੇ ਭਾਅ ’ਤੇ ਸੀ। ਇਹ ਤੇਜ਼ੀ ਭਾਰਤ ਲਈ ਇੰਪੋਰਟ ਕੀਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਨਰਮੀ ਨੂੰ ਪਲਟ ਦੇਵੇਗੀ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਹੋ ਸਕਦਾ ਹੈ।
ਰੇਟ ਘੱਟ ਕਰਨ ’ਤੇ ਫਿਲਹਾਲ ਲਈ ਰੋਕ
ਪਿਛਲੇ ਦਿਨੀਂ ਭਾਰਤ ਨੂੰ ਇੰਪੋਰਟ ਕੀਤੇ ਤੇਲ ਲਈ ਔਸਤਨ 72 ਡਾਲਰ ਪ੍ਰਤੀ ਬੈਰਲ ਦੀ ਦਰ ਨਾਲ ਭੁਗਤਾਨ ਕਰਨਾ ਪੈ ਰਿਹਾ ਸੀ। ਅਜਿਹੇ ’ਚ ਉਮੀਦ ਪ੍ਰਗਟਾਈ ਜਾ ਰਹੀ ਸੀ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕੀਤੀ ਜਾ ਸਕਦੀ ਹੈ। ਉਦਯੋਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਆਪਣੇ ਨੁਕਸਾਨ ਦੀ ਭਰਪਾਈ ਕਰ ਰਹੀਆਂ ਸਨ। ਪਿਛਲੇ ਮਹੀਨੇ ਕੌਮਾਂਤਰੀ ਤੇਲ ਦੀਆਂ ਕੀਮਤਾਂ ਅਤੇ ਪ੍ਰਚੂਨ ਵਿਕਰੀ ਮੁੱਲ ਬਰਾਬਰ ਹੋ ਗਏ ਸਨ। ਹੁਣ ਕੀਮਤਾਂ ਵਧਣ ਦੇ ਨਾਲ ਲਾਗਤ ਅਤੇ ਵਿਕਰੀ ਮੁੱਲ ’ਚ ਮੁੜ ਫਰਕ ਆ ਜਾਏਗਾ। ਭਾਰਤ ਆਪਣੀਆਂ ਤੇਲ ਲੋੜਾਂ ਦਾ 85 ਫੀਸਦੀ ਇੰਪੋਰਟ ਰਾਹੀਂ ਪੂਰਾ ਕਰਦਾ ਹੈ ਅਤੇ ਈਂਧਨ ਕੀਮਤਾਂ ਕੌਮਾਂਤਰੀ ਦਰਾਂ ਕਾਰਣ ਪ੍ਰਭਾਵਿਤ ਹੁੰਦੀਆਂ ਹਨ। ਰਾਸ਼ਟਰੀ ਰਾਜਧਾਨੀ ’ਚ ਪੈਟਰੋਲ ਦੀ ਕੀਮਤ 96.72 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 89.62 ਰਪਏ ਪ੍ਰਤੀ ਲਿਟਰ ਹੈ।
ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਕੱਸੇਗਾ ਸ਼ਿਕੰਜਾ, ਹਰ ਛੋਟੀ ਬੱਚਤ ’ਤੇ ਹੋਵੇਗੀ ਨਜ਼ਰ
ਭਾਰਤ ਨੂੰ ਹੋਵੇਗਾ ਨੁਕਸਾਨ
ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਇੰਪੋਰਟਰ ਹੈ। ਭਾਵੇਂ ਹੀ ਮੌਜੂਦਾ ਸਮੇਂ ’ਚ ਭਾਰਤ ਰੂਸ ਤੋਂ ਸਸਤਾ ਤੇਲ ਖਰੀਦ ਰਿਹਾ ਹੈ ਪਰ ਇੰਡੀਆ ਆਇਲ ਬਾਸਕੇਟ ’ਚ ਸਾਊਦੀ ਅਰਬ ਦਾ ਤੇਲ ਵੀ ਘੱਟ ਨਹੀਂ ਹੈ। ਅਜਿਹੇ ’ਚ ਭਾਰਤ ਲਈ ਬ੍ਰੇਂਟ ਕਰੂਡ ਆਇਲ ਦੇ ਰੇਟ ਵਧਣਾ ਚੰਗਾ ਨਹੀਂ ਹੈ। ਇਸ ਨਾਲ ਭਾਰਤ ਦੇ ਇੰਪੋਰਟ ਬਿੱਲ ’ਚ ਵਾਧਾ ਹੋਵੇਗਾ ਅਤੇ ਭਾਰਤ ’ਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਘੱਟ ਹੋਣ ਦੀ ਸੰਭਾਵਨਾ ਨੂੰ ਝਟਕਾ ਲੱਗੇਗਾ। ਜਾਣਕਾਰਾਂ ਦੀ ਮੰਨੀਏ ਤਾਂ ਜੇ ਇੰਟਰਨੈਸ਼ਲ ਮਾਰਕੀਟ ’ਚ ਕੱਚੇ ਤੇਲ ਦੇ ਰੇਟ 80 ਡਾਲਰ ਪ੍ਰਤੀ ਬੈਰਲ ਤੋਂ ਪਾਰ ਜਾਂਦੇ ਹਨ ਤਾਂ ਭਾਰਤ ਲਈ ਫਿਊਲ ਦੇ ਰੇਟ ਘੱਟ ਕਰਨਾ ਮੁਸ਼ਕਲ ਹੋ ਜਾਏਗਾ।
ਮਈ 2022 ਤੋਂ ਕੀਮਤਾਂ ’ਚ ਨਹੀਂ ਹੋਇਆ ਹੈ ਕੋਈ ਬਦਲਾਅ
ਪਿਛਲੇ ਸਾਲ ਮਈ 2022 ਵਿਚ ਭਾਰਤ ਸਰਕਾਰ ਵਲੋਂ ਅੰਤਿਮ ਸੋਧ ਤੋਂ ਬਾਅਦ ਈਂਧਨ ਦੀਆਂ ਕੀਮਤਾਂ ’ਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ, ਉਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਪੈਟਰੋਲ ’ਤੇ 8 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ’ਤੇ 6 ਰੁਪਏ ਪ੍ਰਤੀ ਲਿਟਰ ਦੀ ਕਮੀ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਰੋਜ਼ਾਨਾ ਸਵੇਰੇ 6 ਵਜੇ ਇੰਡੀਅਨ ਆਇਲ, ਹਿੰਦੁਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ ਵਰਗੇ ਤੇਲ ਮਾਰਕੀਟਿੰਗ ਨਿਗਮ ਈਂਧਨ ਦੀਆਂ ਕੀਮਤਾਂ ਦੀ ਇਕ ਲਿਸਟ ਜਾਰੀ ਕਰਦਾ ਹੈ।
ਇਹ ਵੀ ਪੜ੍ਹੋ : M&M ਨੇ ਪੇਸ਼ ਕੀਤੀ ਟ੍ਰੈਕਟਰ ਦੀ ਨਵੀਂ ਰੇਂਜ, ਬਾਗਬਾਨੀ ਸੈਕਟਰ ਦੇ ਕਿਸਾਨਾਂ ਨੂੰ ਮਿਲੇਗੀ ਉੱਨਤ ਤਕਨੀਕ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।