ਸਮਾਰਟ ਫੋਨ, ਲੈਪਟਾਪ ਤੇ ਟੀ. ਵੀ. ਦੀ ਸਪਲਾਈ 'ਚ ਹੋ ਸਕਦੀ ਹੈ ਭਾਰੀ ਕਮੀ
Friday, Jul 09, 2021 - 11:46 AM (IST)
ਨਵੀਂ ਦਿੱਲੀ- ਜਲਦ ਹੀ ਦੇਸ਼ ਵਿਚ ਸਮਾਰਟ ਫੋਨ, ਲੈਪਟਾਪ ਅਤੇ ਸਮਾਰਟ ਟੀ. ਵੀ. ਦੀ ਸਪਲਾਈ ਵਿਚ ਵੱਡੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਇਸ ਦਾ ਕਾਰਨ ਹੈ ਕਿ ਗਲੋਬਲ ਪੱਧਰ 'ਤੇ ਸੈਮੀਕੰਡਕਟਰ ਚਿਪਸ ਅਤੇ ਕਲਪੁਰਜ਼ਿਆਂ ਦੀ ਸਪਲਾਈ ਵਿਚ ਭਾਰੀ ਕਮੀ ਹੋ ਗਈ ਹੈ। ਕਈ ਰਿਟੇਲਰਾਂ ਦਾ ਕਹਿਣਾ ਹੈ ਕਿ ਐਪਲ, ਐੱਚ. ਪੀ. ਲੇਨੋਵੋ, ਡੈਲ, ਸ਼ਓਮੀ, ਵਨਪਲਸ ਤੇ ਰੀਅਲਮੀ ਵਰਗੇ ਬ੍ਰਾਂਡਜ਼ ਦੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਪਿਛਲੇ ਸਾਲ ਵੀ ਇੰਡਸਟਰੀ ਨੂੰ ਇਸ ਹਾਲਾਤ ਵਿਚੋਂ ਲੰਘਣਾ ਪਿਆ ਸੀ। ਕਾਰ ਨਿਰਮਾਤਾ ਵੀ ਇਸ ਤੋਂ ਪ੍ਰਭਾਵਿਤ ਹੋਏ ਹਨ। ਸੈਮੀਕੰਡਕਟਰ ਚਿਪਸ ਅਤੇ ਕਲਪੁਰਜ਼ਿਆਂ ਦੀ ਘਾਟ ਕਾਰਨ ਕੰਪਨੀਆਂ ਨੂੰ 10 ਤੋਂ 15 ਫ਼ੀਸਦੀ ਉਤਪਾਦਨ ਦਾ ਨੁਕਸਾਨ ਹੋ ਰਿਹਾ ਹੈ। ਉਦਯੋਗ ਮਾਹਰ ਕਹਿੰਦੇ ਹਨ ਕਿ ਇਹ ਸਥਿਤੀ ਅਗਲੇ ਦੋ ਤਿਮਾਹੀਆਂ ਤੱਕ ਜਾਰੀ ਰਹਿ ਸਕਦੀ ਹੈ। ਰਿਟੇਲਰਾਂ ਦਾ ਕਹਿਣਾ ਹੈ ਕਿ ਕਈ ਲੈਪਟਾਪ ਤੇ ਟੈਬਲੇਟ ਬ੍ਰਾਂਡਜ਼ ਦਾ ਸਟਾਕ ਖ਼ਤਮ ਹੋ ਚੁੱਕਾ ਹੈ।
ਤਾਇਵਾਨ ਅਤੇ ਵੀਅਤਨਾਮ ਵਿਚ ਕੋਵੀਡ-19 ਦੇ ਮਾਮਲਿਆਂ ਵਿਚ ਹਾਲ ਹੀ ਵਿਚ ਆਈ ਤੇਜ਼ੀ ਕਾਰਨ ਚਿਪਸ ਤੇ ਕੰਪੋਨੈਂਟਸ ਦੀ ਕਿੱਲਤ ਵਧੀ ਹੈ। ਵਿਸ਼ਵ ਦਾ ਅੱਧੇ ਤੋਂ ਵੱਧ ਉਤਪਾਦਨ ਇਨ੍ਹਾਂ ਦੇਸ਼ਾਂ ਵਿਚ ਹੁੰਦਾ ਹੈ। ਤਾਇਵਾਨ ਵਿਚ ਸੋਕੇ ਕਾਰਨ ਵੀ ਸਥਿਤੀ ਖ਼ਰਾਬ ਹੋਈ ਹੈ। ਚਿਪਸ ਤੇ ਕੰਪੋਨੈਂਟਸ ਬਣਾਉਣ ਵਿਚ ਕਾਫ਼ੀ ਮਾਤਰਾ ਵਿਚ ਪਾਣੀ ਦਾ ਇਸਤੇਮਾਲ ਹੁੰਦਾ ਹੈ। ਸੈਮੀਕੰਡਕਟਰ ਤੇ ਕਲਪੁਰਜ਼ਿਆਂ ਦੀ ਕਮੀ ਅਜਿਹੇ ਸਮੇਂ ਹੋਈ ਹੈ ਜਦੋਂ ਰਿਟੇਲਰ ਤੇ ਕੰਪਨੀਆਂ ਦੀ ਵਿਕਰੀ ਤਾਲਾਬੰਦੀ ਪਿੱਛੋਂ ਪਟਰੀ 'ਤੇ ਵਾਪਸ ਆ ਰਹੀ ਹੈ।