ਸਿਰਫ 5 ਫ਼ੀਸਦੀ ਪੂਰਾ ਹੋਇਆ ਸਮਾਰਟ ਸਿਟੀ ਦਾ ਕੰਮ

07/17/2018 3:06:54 AM

ਮੁੰਬਈ-ਸਰਕਾਰ ਦੇ ਉਤਸ਼ਾਹੀ ਸਮਾਰਟ ਸਿਟੀ ਪ੍ਰਾਜੈਕਟ 'ਚ ਹੁਣ ਤੱਕ ਕੋਈ ਖਾਸ ਤਰੱਕੀ ਨਹੀਂ ਹੋ ਸਕੀ ਹੈ। ਐਨਾਰਾਕ ਪ੍ਰਾਪਰਟੀ ਕੰਸਲਟੈਂਟਸ ਦਾ ਕਹਿਣਾ ਹੈ ਕਿ ਹੁਣ ਤੱਕ ਸਿਰਫ 5 ਫ਼ੀਸਦੀ ਪ੍ਰਾਜੈਕਟ ਹੀ ਪੂਰੇ ਕੀਤੇ ਜਾ ਸਕੇ ਹਨ। ਜਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਕੱਛੂਕੁਮੇ ਦੀ ਚਾਲ ਚੱਲ ਰਹੇ ਹਨ।
ਸਮਾਰਟ ਸਿਟੀ ਮਿਸ਼ਨ ਦੀ ਸ਼ੁਰੂਆਤ 2015 'ਚ ਹੋਈ ਸੀ। ਇਸ ਪ੍ਰਾਜੈਕਟ ਦਾ ਮਕਸਦ ਸ਼ਹਿਰੀ ਖੇਤਰਾਂ 'ਚ ਟ੍ਰਾਂਸਪੋਰਟ, ਬਿਜਲੀ ਸਪਲਾਈ, ਕਾਰੋਬਾਰ ਦੇ ਸੰਚਾਲਨ, ਮੁੱਢਲੀਆਂ ਸ਼ਹਿਰੀ ਢਾਂਚਾਗਤ ਸੇਵਾਵਾਂ ਦੀ ਵਧਦੀ ਸਮੱਸਿਆ ਨਾਲ ਨਜਿੱਠਣਾ ਹੈ। ਐਨਾਰਾਕ ਪ੍ਰਾਪਰਟੀ ਕੰਸਲਟੈਂਟਸ ਦੇ ਵਾਈਸ ਚੇਅਰਮੈਨ ਸੰਤੋਸ਼ ਕੁਮਾਰ ਨੇ ਕਿਹਾ, ''ਹਾਲਾਂਕਿ ਇਸ ਮਿਸ਼ਨ ਤਹਿਤ ਇਨ੍ਹਾਂ 'ਚੋਂ ਕੁਝ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੁਝ ਹੱਦ ਤੱਕ ਹੋਈ ਹੈ ਪਰ ਟਿਅਰ 1 ਸ਼ਹਿਰਾਂ ਨੂੰ ਸਮਾਰਟ ਸ਼ਹਿਰ 'ਚ ਬਦਲਣਾ ਇਕ ਵੱਡੀ ਚੁਣੌਤੀ ਹੈ ਕਿਉਂਕਿ ਇਨ੍ਹਾਂ 'ਚੋਂ ਕਾਫ਼ੀ ਸ਼ਹਿਰ ਆਪਣੇ 'ਸਿਖਰ' 'ਤੇ ਪਹੁੰਚ ਚੁੱਕੇ ਹਨ।''  
ਐਨਾਰਾਕ ਅਨੁਸਾਰ ਸਮਾਰਟ ਸਿਟੀ ਮਿਸ਼ਨ ਤਹਿਤ ਕੁਲ ਜਾਰੀ 9,943 ਕਰੋੜ ਰੁਪਏ ਦੀ ਰਾਸ਼ੀ 'ਚੋਂ ਸਿਰਫ 2 ਫ਼ੀਸਦੀ ਦੀ ਵਰਤੋਂ ਹੋਈ ਹੈ ਤੇ ਸਿਰਫ 5 ਫ਼ੀਸਦੀ ਪ੍ਰਾਜੈਕਟ ਪੂਰੇ ਹੋਏ ਹਨ। ਕੁਮਾਰ ਨੇ ਦੱਸਿਆ ਕਿ ਵੱਡੇ ਸ਼ਹਿਰਾਂ ਦੇ ਮੁਕਾਬਲੇ ਛੋਟੇ ਸ਼ਹਿਰਾਂ ਦਾ ਪ੍ਰਦਰਸ਼ਨ ਬਿਹਤਰ ਰਿਹਾ ਹੈ। ਸ਼ਹਿਰੀ ਵਿਕਾਸ ਮੰਤਰਾਲਾ ਦੀ ਤਾਜ਼ਾ ਸਮਾਰਟ ਸਿਟੀ ਰੈਂਕਿੰਗ ਅਨੁਸਾਰ ਦੂਜੀ ਸ਼੍ਰੇਣੀ ਦੇ ਸ਼ਹਿਰ ਨਾਗਪੁਰ, ਵਡੋਦਰਾ ਅਤੇ ਅਹਿਮਦਾਬਾਦ ਸਿਖਰ 'ਤੇ ਰਹੇ ਹਨ। ਉੱਥੇ ਹੀ ਪੁਣੇ, ਚੇਨਈ ਅਤੇ ਕਈ ਹੋਰ ਪਹਿਲੀ ਸ਼੍ਰੇਣੀ ਦੇ ਸ਼ਹਿਰ ਪੱਛੜ ਗਏ ਹਨ।


Related News