ਗੁਰਦਾਸਪੁਰ ’ਚ ਸ਼ਾਂਤੀਪੂਰਵਕ ਸੰਪੰਨ ਹੋਇਆ ਵੋਟਾਂ ਪਵਾਉਣ ਦਾ ਕੰਮ, ਸਮੁੱਚੇ ਹਲਕੇ ’ਚ ਹੋਈ  65.18 ਫੀਸਦੀ ਪੋਲਿੰਗ

06/02/2024 11:49:23 AM

ਗੁਰਦਾਸਪੁਰ (ਹਰਮਨ)- ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਵੋਟਾਂ ਪਵਾਉਣ ਦਾ ਕੰਮ ਇੱਕਾਦੁੱਕਾ ਬਹਿਸਬਾਜ਼ੀ ਦੀਆਂ ਘਟਨਾਵਾਂ ਛੱਡ ਕੇ ਸ਼ਾਂਤੀਪੂਰਵਕ ਸੰਪੰਨ ਹੋਇਆ ਅਤੇ ਸਮੁੱਚੇ ਹਲਕੇ ਅੰਦਰ ਕੁੱਲ 65.18 ਫੀਸਦੀ ਪੋਲਿੰਗ ਹੋਈ ਹੈ। ਅੱਤ ਦੀ ਗਰਮੀ ਵਿਚ 44-45 ਡਿਗਰੀ ਤਾਪਮਾਨ ਦੇ ਬਾਵਜੂਦ ਪੂਰਾ ਦਿਨ ਪੋਲਿੰਗ ਬੂਥਾਂ 'ਤੇ ਰੌਣਕ ਰਹੀ ਅਤੇ ਬਾਅਦ ਦੁਪਹਿਰ ਕਈ ਬੂਥਾਂ 'ਤੇ ਜ਼ਿਆਦਾ ਭੀੜ ਦੇਖਣ ਨੂੰ ਨਹੀਂ ਮਿਲੀ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ, ਲੋਕ ਸਭਾ ਹਲਕਾ 01-ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਅੱਜ ਸਵੇਰੇ 7:00 ਵਜੇ ਵੋਟਾਂ ਪੈਣ ਦਾ ਅਮਲ ਸ਼ੁਰੂ ਹੋਇਆ ਸੀ ਅਤੇ 9:00 ਵਜੇ ਤੱਕ ਪੂਰੇ ਲੋਕ ਸਭਾ ਹਲਕੇ ਵਿੱਚ 10.01 ਫ਼ੀਸਦੀ ਪੋਲਿੰਗ ਹੋਈ ਸੀ। ਉਸ ਤੋਂ ਬਾਅਦ 11:00 ਵਜੇ ਤੱਕ 24.79 ਫ਼ੀਸਦੀ, ਦੁਪਹਿਰ 1:00 ਵਜੇ ਤੱਕ 39.13 ਫ਼ੀਸਦੀ, ਬਾਅਦ ਦੁਪਹਿਰ 3:00 ਵਜੇ ਤੱਕ 49.12 ਫ਼ੀਸਦੀ ਅਤੇ ਸ਼ਾਮ 5 ਵਜੇ ਤੱਕ 58.46 ਫ਼ੀਸਦੀ ਅਤੇ ਵੋਟਾਂ ਪੈਣ ਦੇ ਆਖ਼ਰੀ ਸਮੇਂ ਸ਼ਾਮ 6:00 ਵਜੇ ਤੱਕ 65.18 ਫ਼ੀਸਦੀ ਪੋਲਿੰਗ ਹੋਈ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਈ 50.33 ਫ਼ੀਸਦੀ ਵੋਟਿੰਗ ; ਪੰਜਾਬ ਦੇ 13 ਹਲਕਿਆਂ 'ਚੋਂ ਸਭ ਤੋਂ ਘੱਟ

ਪੋਲਿੰਗ ਪ੍ਰਤੀਸ਼ਸਤਾ ਦੀ ਵਿਧਾਨ ਸਭਾ ਹਲਕਾ ਵਾਈਜ਼ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸੁਜਾਨਪੁਰ ਵਿੱਚ 72.57 ਫ਼ੀਸਦੀ, ਵਿਧਾਨ ਸਭਾ ਹਲਕਾ ਭੋਆ (ਰਿਜ਼ਰਵ) ਵਿੱਚ 69.82 ਫ਼ੀਸਦੀ, ਵਿਧਾਨ ਸਭਾ ਹਲਕਾ ਪਠਾਨਕੋਟ ਵਿੱਚ 70.15 ਫ਼ੀਸਦੀ, ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ 55 ਫ਼ੀਸਦੀ, ਵਿਧਾਨ ਸਭਾ ਹਲਕਾ ਦੀਨਾਨਗਰ (ਰਿਜ਼ਰਵ) ਵਿੱਚ 67.22 ਫ਼ੀਸਦੀ, ਵਿਧਾਨ ਸਭਾ ਹਲਕਾ ਕਾਦੀਆਂ ਵਿੱਚ 65.3 ਫ਼ੀਸਦੀ, ਵਿਧਾਨ ਸਭਾ ਹਲਕਾ ਬਟਾਲਾ ਵਿੱਚ 59.81 ਫ਼ੀਸਦੀ, ਵਿਧਾਨ ਸਭਾ ਹਲਕਾ ਫ਼ਤਿਹਗੜ੍ਹ ਚੂੜੀਆਂ ਵਿੱਚ 65.52 ਫ਼ੀਸਦੀ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ 61.3 ਫ਼ੀਸਦੀ ਪੋਲਿੰਗ ਹੋਈ ਹੈ।  

ਰਿਟਰਨਿੰਗ ਅਫ਼ਸਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਵੋਟਾਂ ਪੈਣ ਦਾ ਸਮੁੱਚਾ  ਅਮਲ ਬਹੁਤ ਹੀ ਸ਼ਾਂਤਮਈ, ਆਜ਼ਾਦਾਨਾ, ਨਿਰਪੱਖ ਅਤੇ ਤਰੁੱਟੀ ਰਹਿਤ ਮੁਕੰਮਲ ਹੋਇਆ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕੇ ਦੇ ਸਾਰੇ 1885 ਪੋਲਿੰਗ ਬੂਥਾਂ ਉੱਪਰ ਪੋਲਿੰਗ ਸਟਾਫ਼ ਅਤੇ ਵੋਟਰਾਂ ਦੀ ਸਹੂਲਤ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਅਤੇ ਵੋਟਰਾਂ ਨੇ ਬੜੇ ਉਤਸ਼ਾਹ ਨਾਲ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਵੋਟਰ ਬਣੇ ਨੌਜਵਾਨ ਵੋਟਰਾਂ ਵਿੱਚ ਵੀ ਵੋਟ ਪਾਉਣ ਦਾ ਵੱਡਾ ਉਤਸ਼ਾਹ ਦੇਖਿਆ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨ ਵੋਟਰਾਂ ਨੂੰ ਵੋਟ ਪਾਉਣ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ। ਇਸਦੇ ਨਾਲ ਹੀ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੋਟਰਾਂ ਅਤੇ ਪੀ.ਡਬਲਿਊ.ਡੀ. ਵੋਟਰਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਉੱਪਰ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਲਈ ਪੱਖਿਆਂ ਅਤੇ ਕੂਲਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਅਤੇ ਇਸਦੇ ਨਾਲ ਹੀ ਵੋਟਰਾਂ ਲਈ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ।

ਇਹ ਵੀ ਪੜ੍ਹੋ-  ਗੁਰਦਾਸਪੁਰ 'ਚ ਮੁਕੰਮਲ ਹੋਈ ਚੋਣ ਪ੍ਰਕਿਰਿਆ, ਹਲਕੇ 'ਚ 64.66 ਫ਼ੀਸਦੀ ਹੋਈ ਵੋਟਿੰਗ

ਰਿਟਰਨਿੰਗ ਅਫ਼ਸਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਵੋਟਾਂ ਵਿੱਚ ਉਤਸ਼ਾਹ ਦਿਖਾਉਣ ਅਤੇ ਪੋਲਿੰਗ ਸਟਾਫ਼ ਦਾ ਸਹਿਯੋਗ ਕਰਨ ਲਈ ਹਲਕੇ ਦੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਵੋਟਰਾਂ ਦੀ ਇੱਕ-ਇੱਕ ਵੋਟ ਲੋਕਤੰਤਰ ਦੀ ਮਜ਼ਬੂਤੀ ਵਿੱਚ ਆਪਣਾ ਅਹਿਮ ਰੋਲ ਅਦਾ ਕਰੇਗੀ। ਇਸ ਤੋਂ ਇਲਾਵਾ ਉਨ੍ਹਾਂ ਪੋਲਿੰਗ ਸਟਾਫ਼ ਅਤੇ ਚੋਣਾਂ ਦੇ ਕੰਮ ਵਿੱਚ ਲੱਗੇ ਸਮੂਹ ਚੋਣ ਅਮਲੇ ਨੂੰ ਵੋਟਾਂ ਦਾ ਅਮਲ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸ਼ਾਬਾਸ਼ੀ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ਼ ਅਤੇ ਹੋਰ ਚੋਣ ਅਮਲੇ ਵੱਲੋਂ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਪੁਲਸ ਅਤੇ ਕੇਂਦਰੀ ਸੁਰੱਖਿਆ ਬਲਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਚੋਣਾਂ ਦੌਰਾਨ ਸੁਰੱਖਿਆ ਦੇ ਪੱਖ ਤੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਸੁਰੱਖਿਆ ਜਵਾਨਾਂ ਨੇ ਆਪਣੀ ਪੇਸ਼ੇਵਾਰਾਨਾ ਪਹੁੰਚ ਨਾਲ ਸੇਵਾ ਨਿਭਾ ਕੇ ਆਪਣੀ ਰਿਵਾਇਤ ਨੂੰ ਕਾਇਮ ਰੱਖਿਆ ਹੈ।

ਰਿਟਰਨਿੰਗ ਅਫ਼ਸਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਲੋਕ ਸਭਾ ਹਲਕਾ 01-ਗੁਰਦਾਸਪੁਰ  ਅਧੀਨ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕੇ ਦੀਨਾਨਗਰ, ਗੁਰਦਾਸਪੁਰ, ਕਾਦੀਆਂ, ਬਟਾਲਾ, ਫ਼ਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਦੀਆਂ ਵੋਟਿੰਗ ਮਸ਼ੀਨਾਂ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ, ਗੁਰਦਾਸਪੁਰ ਵਿਖੇ ਸਟਰਾਂਗ ਰੂਮ ਵਿੱਚ ਜਮਾਂ ਕਰ ਲਈਆਂ ਗਈਆਂ ਹਨ ਜਿੱਥੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ ਪਠਾਨਕੋਟ, ਭੋਆ ਅਤੇ ਸੁਜਾਨਪੁਰ ਦੀਆਂ ਈ.ਵੀ.ਐੱਮ. ਮਸ਼ੀਨਾਂ ਨੂੰ ਐੱਸ.ਐੱਮ.ਡੀ.ਆਰ.ਐੱਸ.ਡੀ. ਕਾਲਜ ਪਠਾਨਕੋਟ ਵਿਖੇ ਸਥਾਪਤ ਕੀਤੇ ਗਏ ਸਟਰਾਂਗ ਰੂਮ ਵਿੱਚ ਜਮਾਂ ਕਰਵਾਇਆ ਗਿਆ ਹੈ।  ਉਨ੍ਹਾਂ ਕਿਹਾ ਕਿ 4 ਜੂਨ ਨੂੰ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ 6 ਵਿਧਾਨ ਸਭਾ ਹਲਕਿਆਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ, ਗੁਰਦਾਸਪੁਰ ਵਿਖੇ ਹੋਵੇਗੀ ਜਦਕਿ ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਐੱਸ.ਐੱਮ.ਡੀ.ਆਰ.ਐੱਸ.ਡੀ. ਕਾਲਜ ਪਠਾਨਕੋਟ ਵਿਖੇ ਹੋਵੇਗੀ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਦੇਰ ਨਾਲ ਵੋਟਿੰਗ ਹੋਈ ਸ਼ੁਰੂ, EVM ਮਸ਼ੀਨ 'ਚ ਆਈ ਸੀ ਤਕਨੀਕੀ ਖ਼ਰਾਬ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News