ਟਰੱਕ ਟ੍ਰਾਂਸਪੋਰਟ ਸੈਕਟਰ ਨੂੰ ਰੋਜ਼ਾਨਾ ਹੋ ਰਿਹੈ 1600 ਕਰੋੜ ਰੁਪਏ ਦਾ ਘਾਟਾ
Friday, May 28, 2021 - 12:15 PM (IST)
ਨਵੀਂ ਦਿੱਲੀ (ਇੰਟ.) – ਕੋਰੋਨਾ ਦੀ ਦੂਜੀ ਲਹਿਰ ਦਰਮਿਆਨ ਲਗਭਗ ਪੂਰੇ ਦੇਸ਼ ’ਚ ਲਾਕਡਾਊਨ ਹੈ। ਅਜਿਹੇ ’ਚ ਰੋਜ਼ਾਨਾ ਦੀ ਵਰਤੋਂ ਵਾਲੇ ਸਾਮਾਨ ਤੋਂ ਲੈ ਕੇ ਹੋਰ ਸਾਮਾਨ ਦੀ ਮੰਗ ਘਟੀ ਹੈ। ਇਸੇ ਦੇ ਨਾਲ ਘਟੀ ਹੈ ਇਨ੍ਹਾਂ ਸਾਮਾਨਾਂ ਨੂੰ ਢੋਹਣ ਵਾਲੇ ਟਰੱਕਾਂ ਦੀ ਵੀ ਮੰਗ, ਇਸ ਲਈ ਟ੍ਰਾਂਸਪੋਰਟ ਸੈਕਟਰ ਨੂੰ ਕੰਮ ਨਹੀਂ ਮਿਲ ਰਿਹਾ ਹੈ। ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ (ਏ. ਆਈ. ਐੱਮ. ਟੀ. ਸੀ.) ਦਾ ਮੁਲਾਂਕਣ ਹੈ ਕਿ ਇਸ ਕਾਰਨ ਟਰੱਕ ਟ੍ਰਾਂਸਪੋਰਟ ਸੈਕਟਰ ਨੂੰ ਰੋਜ਼ਾਨਾ 1600 ਕਰੋੜ ਰੁਪਏ ਦਾ ਘਾਟਾ ਹੋ ਰਿਹਾ ਹੈ।
ਏ. ਆਈ. ਐੱਮ. ਟੀ. ਸੀ. ਦੇ ਜਨਰਲ ਸਕੱਤਰ ਨਵੀਨ ਗੁਪਤਾ ਦਾ ਕਹਿਣਾ ਹੈ ਕਿ ਅੱਜ ਦੇਸ਼ ਹੀ ਨਹੀਂ ਟ੍ਰਾਂਸਪੋਰਟ ਉਦਯੋਗ ਵੀ ਕੋਰੋਨਾ ਅਤੇ ਆਰਥਿਕ ਮਹਾਮਾਰੀ ਨਾਲ ਜੂਝ ਰਿਹਾ ਹੈ। ਪੂਰੇ ਦੇਸ਼ ’ਚ ਨਵੀਆਂ ਪਾਬੰਦੀਆਂ ਅਤੇ ਲਾਕਡਾਊਨ ਦੀ ਸਥਿਤੀ ਹੈ। ਅਜਿਹੇ ’ਚ ਮੋਟਰ ਵਾਹਨਾਂ ਦੀ ਮੰਗ ’ਚ ਲਗਭਗ 65 ਫੀਸਦੀ ਦੀ ਕਮੀ ਆਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੇ ਰੇਟ ਡਿੱਗ ਰਹੇ ਹਨ ਪਰ ਦੇਸ਼ ’ਚ ਡੀਜ਼ਲ ਦੇ ਰੇਟ ਵਧ ਰਹੇ ਹਨ। ਦੇਸ਼ ਦੀ ਤਰਸਯੋਗ ਸਥਿਤੀ ਅਤੇ ਟ੍ਰਾਂਸਪੋਰਟ ਟ੍ਰੇਡ ਨੂੰ ਰਾਹਤ ਲਈ ਟ੍ਰਾਂਸਪੋਰਟ ਦੀ ਮੰਗ ਹੈ ਕਿ ਡੀਜ਼ਲ ਦੇ ਰੇਟ ਘੱਟ ਕੀਤੇ ਜਾਣ।
ਇਹ ਵੀ ਪੜ੍ਹੋ : ਗਰਮੀਆਂ 'ਚ ਫਰਿੱਜ-ਵਾਸ਼ਿੰਗ ਮਸ਼ੀਨ ਦੇ ਭਾਅ ਵਧਾਉਣਗੇ 'ਪਾਰਾ', ਇੰਨੀਆਂ ਵਧ ਸਕਦੀਆਂ ਨੇ ਕੀਮਤਾਂ
ਪੈਟਰੋਲ-ਡੀਜ਼ਲ ਆਉਣ ਜੀ. ਐੱਸ. ਟੀ. ਦੇ ਘੇਰੇ ’ਚ
ਏ. ਆਈ. ਐੱਮ. ਟੀ. ਸੀ. ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੈਟਰੋਲ ਅਤੇ ਡੀਜ਼ਲ ਨੂੰ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੇ ਘੇਰੇ ’ਚ ਲਿਆਂਦਾ ਜਾਵੇ। ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਇਸ ’ਤੇ ਕੇਂਦਰ ਸਰਕਾਰ ਐਕਸਾਈਜ਼ ਡਿਊਟੀ ਘੱਟ ਕਰੇ। ਸੂਬਾ ਸਰਕਾਰਾਂ ਵੀ ਇਨ੍ਹਾਂ ਈਂਧਨਾਂ ’ਤੇ ਆਪਣਾ ਵੈਟ ਘੱਟ ਕਰ ਕੇ ਟ੍ਰਾਂਸਪੋਰਟ ਸੈਕਟਰ ਅਤੇ ਆਮ ਆਦਮੀ ਨੂੰ ਰਾਹਤ ਦੇਣ। ਇਸ ਦੇ ਨਾਲ ਹੀ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਪੂਰੇ ਦੇਸ਼ ’ਚ ਇਕੋ ਜਿਹੀਆਂ ਹੋਣ। ਇਸ ਦੀਆਂ ਕੀਮਤਾਂ ’ਚ ਸੋਧ ਤਿਮਾਹੀ ਜਾਂ ਫਿਰ ਮਹੀਨਾਵਾਰ ਆਧਾਰ ’ਤੇ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : Amazon 'ਚ ਆਪਣੇ ਅਹੁਦੇ ਨੂੰ ਲੈ ਕੇ ਜੈਫ ਬੇਜੋਸ ਦਾ ਵੱਡਾ ਐਲਾਨ, ਦੱਸਿਆ ਕੌਣ ਹੋਵੇਗਾ ਅਗਲਾ CEO
ਟ੍ਰਾਂਸਪੋਰਟਰਾਂ ਨੂੰ ਪੈਕੇਜ ਦੇਵੇ ਸਰਕਾਰ
ਟਰੱਕ ਟ੍ਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਇਸ ਖੇਤਰ ਨੂੰ ਵਿੱਤੀ ਸੰਕਟ ਤੋਂ ਬਚਾਉਣ ਲਈ ਸਰਕਾਰ ਇਨ੍ਹਾਂ ਲਈ ਇਕ ਆਰਥਿਕ ਪੈਕੇਜ ਲੈ ਕੇ ਆਵੇ। ਇਸ ਸਮੇਂ ਟ੍ਰਾਂਸਪੋਰਟਰਾਂ ਨੂੰ ਵੀ ਈ. ਐੱਮ. ਆਈ., ਮੋਰੇਟੋਰੀਅਮ, ਬੀਮਾ ਪ੍ਰੀਮੀਅਮ ਭਰਨ ਤੋਂ ਛੋਟ, ਮੋਟਰ ਵ੍ਹੀਕਲ ਐਕਟ ਦੇ ਡਾਕੂਮੈਂਟਸ ਅਤੇ ਈ.ਵੇਅ ਬਿੱਲ ਵੈਲੇਡਿਟੀ ਵਿਸਤਾਰ ’ਤੇ ਸਰਗਰਮ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਈ ਸੂਬਿਆਂ ਨੇ ਗੈਰ-ਜ਼ਰੂਰੀ ਸਾਮਾਨਾਂ ਦੀ ਆਵਾਜਾਈ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਇਸ ਦੀ ਆੜ ’ਚ ਜ਼ਮੀਨੀ ਪੱਧਰ ’ਤੇ ਪੁਲਸ ਅਤੇ ਆਰ. ਟੀ. ਓ. ਨਾਜਾਇਜ਼ ਵਸੂਲੀ ਕਰ ਰਹੇ ਹਨ। ਸਰਕਾਰ ਇਸ ’ਤੇ ਧਿਆਨ ਦੇਵੇ।
ਇਹ ਵੀ ਪੜ੍ਹੋ : 1 ਰੁਪਏ ਦਾ ਇਹ ਸਿੱਕਾ ਤੁਹਾਨੂੰ ਬਣਾ ਸਕਦੈ ਲੱਖਪਤੀ, ਜਾਣੋ ਕਿਵੇਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।