ਸ਼ੇਅਰ ਮਾਰਕਿਟ : ਸੈਂਸੈਕਸ 368 ਅੰਕ ਤੇ ਨਿਫਟੀ 119 ਅੰਕ ਡਿੱਗ ਕੇ ਬੰਦ
Monday, Jan 28, 2019 - 04:13 PM (IST)
ਮੁੰਬਈ — ਕੰਪਨੀਆਂ ਦੇ ਖਰਾਬ ਤਿਮਾਹੀ ਨਤੀਜਿਆਂ ਕਾਰਨ ਸੋਮਵਾਰ ਨੂੰ ਬਜ਼ਾਰ 'ਚ ਭਾਰੀ ਵਿਕਰੀ ਨਾਲ ਬੰਬਈ ਸਟਾਕ ਐਕਸਚੇਂਜ ਦਾ ਬੀ.ਐੱਸ.ਈ. 368 ਅੰਕਾਂ ਦੀ ਭਾਰੀ ਗਿਰਾਵਟ ਨਾਲ 35656 ਅੰਕਾਂ 'ਤੇ ਬੰਦ ਹੋਇਆ। ਸਵੇਰੇ ਹਰੇ ਨਿਸ਼ਾਨ 'ਚ ਸ਼ੁਰੂਆਤ ਤੋਂ ਕੁਝ ਸਮੇਂ ਬਾਅਦ ਜਿਵੇਂ-ਜਿਵੇਂ ਕੰਪਨੀਆਂ ਦੇ ਤਿਮਾਹੀ ਨਤੀਜੇ ਆਉਣੇ ਸ਼ੁਰੂ ਹੋਏ, ਇਸ ਸਮੇਂ ਹੀ ਬੀ.ਐੱਸ.ਈ. 'ਚ ਗਿਰਾਵਟ ਦਾ ਦੌਰ ਸ਼ੁਰੂ ਹੋ ਗਿਆ। ਸ਼ੁਰੂਆਤ ਦੇ ਵਾਧੇ ਨੂੰ ਛੱਡ ਦਿੱਤਾ ਜਾਵੇ ਤਾਂ ਬਜ਼ਾਰ ਸੈਂਸੈਕਸ 'ਚ ਸਾਰਾ ਦਿਨ ਲਾਲ ਨਿਸ਼ਾਨ 'ਚ ਹੀ ਕਾਰੋਬਾਰ ਹੋਇਆ ਅਤੇ ਅੰਤ 1.02 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ। ਬੀ.ਐਸ.ਈ. ਮਿਡਕੈਪ 270 ਅਤੇ ਸਮਾਲਕੈਪ 278 ਅੰਕਾਂ ਦੀ ਗਿਰਾਵਟ ਨਾਲ ਲਾਲ ਨਿਸ਼ਾਨ 'ਚ ਬੰਦ ਹੋਏ। ਆਈ.ਟੀ. ਅਤੇ ਟੈੱਕ ਨੂੰ ਛੱਡ ਕੇ ਸਾਰੇ ਸੈਕਟੋਰਿਅਲ ਇੰਡੈਕਸ ਲਾਲ ਨਿਸ਼ਾਨ ਨਾਲ ਗਿਰਾਵਟ 'ਚ ਬੰਦ ਹੋਏ।
ਨਿਫਟੀ 'ਚ 119 ਅੰਕਾਂ ਦੀ ਗਿਰਾਵਟ
ਨੈਸ਼ਨਲ ਸਟਾਕ ਐਕਸਚੇਂਜ ਦਾ ਐਨ.ਐਸ.ਈ. ਵੀ ਭਾਰੀ ਵਿਕਰੀ ਕਾਰਨ ਲੁੜ੍ਹਕ ਗਿਆ ਅਤੇ 119 ਅੰਕਾਂ ਦੀ ਗਿਰਾਵਟ ਨਾਲ 10,700 ਅੰਕਾਂ ਦੇ ਪੱਧਰ ਤੋਂ ਡਿੱਗ ਕੇ 10,661 ਅੰਕ 'ਤੇ ਬੰਦ ਹੋਇਆ। 50 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕਾਂਕ ਨਿਫਟੀ ਵਿਚ 14 ਸ਼ੇਅਰ ਹਰੇ ਅਤੇ 36 ਸ਼ੇਅਰ ਲਾਲ ਨਿਸ਼ਾਨ 'ਚ ਬੰਦ ਹੋਏ। ਸੈਕਟੋਰਿਅਲ ਇੰਡੈਕਸ ਦੀ ਗੱਲ ਕਰੀਏ ਤਾਂ ਨਿਫਟੀ 'ਚ ਆਈ.ਟੀ. ਅਤੇ ਮੀਡੀਆ ਨੂੰ ਛੱਡ ਕੇ ਸਾਰੇ ਸੈਕਟਰ ਲਾਲ ਨਿਸ਼ਾਨ 'ਚ ਬੰਦ ਹੋਏ।
ਟਾਪ ਗੇਨਰਜ਼
ਜ਼ੀ ਐਂਟਰਟੇਨਮੈਂਟ, ਭਾਰਤੀ ਇੰਫਰਾਟੈੱਲ, ਟੀ.ਸੀ.ਐਸ., ਐਲ.ਐਂਡ.ਟੀ., ਕੋਲ ਇੰਡੀਆ
ਟਾਪ ਲੂਜ਼ਰਜ਼
ਅਡਾਣੀ ਪੋਰਟਸ, ਬਜਾਜ ਫਾਇਨਾਂਸ, ਇੰਡੀਆ ਬੁੱਲ ਫਾਇਨਾਂਸ, ਆਈ.ਸੀ.ਆਈ.ਸੀ.ਆਈ. ਬੈਂਕ, ਯੈੱਸ ਬੈਂਕ
