1 ਅਪ੍ਰੈਲ ਤੋਂ ਬਦਲਣਗੇ ਸੈਕਿੰਡ ਹੈਂਡ ਗੱਡੀ ਨੂੰ ਲੈ ਕੇ ਨਿਯਮ, ਟਰਾਂਸਪੋਰਟ ਮੰਤਰਾਲੇ ਨੇ ਕੀਤਾ ਐਲਾਨ

12/28/2022 5:28:03 PM

ਬਿਜ਼ਨੈੱਸ ਡੈਸਕ- ਸੈਕੰਡ ਹੈਂਡ ਗੱਡੀ ਖਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਲਈ ਚੰਗੀ ਖ਼ਬਰ ਆਈ ਹੈ। ਸੜਕ ਆਵਾਜਾਈ ਮੰਤਰਾਲੇ (MoRTH) ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ 'ਚ ਹੁਣ ਅਜਿਹਾ ਨਵਾਂ ਨਿਯਮ ਲਿਆਂਦਾ ਜਾ ਰਿਹਾ ਹੈ, ਜਿਸ ਦੀ ਮਦਦ ਨਾਲ ਡੀਲਰ ਅਤੇ ਗੱਡੀ ਦੀ ਪਛਾਣ ਆਸਾਨ ਹੋਵੇਗੀ ਅਤੇ ਨਾਲ ਹੀ ਇਹ ਫਰਜ਼ੀ ਤਰੀਕੇ ਨਾਲ ਚੋਰੀ ਹੋਏ ਵਾਹਨਾਂ ਦੀ ਖਰੀਦ/ਵੇਚ 'ਤੇ ਰੋਕ ਲਗਾਉਣ 'ਚ ਵੀ ਮਦਦ ਕਰੇਗਾ।
ਮੰਤਰਾਲਾ ਡੀਲਰ ਰਾਹੀਂ ਗੱਡੀਆਂ ਦੀ ਵਿਕਰੀ ਅਤੇ ਖਰੀਦ ਨੂੰ ਪਾਰਦਰਸ਼ੀ ਬਣਾਉਣ ਲਈ ਨਵੇਂ ਨਿਯਮ ਲਿਆ ਰਿਹਾ ਹੈ। ਇਸ ਦੇ ਲਈ ਕੇਂਦਰੀ ਮੋਟਰ ਵਾਹਨ ਰੂਲਜ਼, 1989 ਦੇ ਚੈਪਟਰ III ਵਿੱਚ ਬਦਲਾਅ ਕੀਤਾ ਗਿਆ ਹੈ। ਇਹ ਨਵਾਂ ਨਿਯਮ 1 ਅਪ੍ਰੈਲ 2023 ਤੋਂ ਲਾਗੂ ਹੋਵੇਗਾ। ਇਸ ਦੇ ਜ਼ਰੀਏ, ਪ੍ਰੀ-ਓਨਡ ਕਾਰ ਬਾਜ਼ਾਰ ਦੇ ਰੈਗੂਲੇਸ਼ਨ ਇਕੋਸਿਸਟਮ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਹੋ ਰਹੀ ਹੈ।
ਕੀ ਹੋਣਗੇ ਮੋਟਰ ਐਕਟ ਦੇ ਨਵੇਂ ਨਿਯਮ ਦੇ ਫ਼ਾਇਦੇ
ਸੈਕਿੰਡ ਹੈਂਡ ਗੱਡੀ ਦੀ ਖਰੀਦ/ਵੇਚ ਨਾਲ ਜੁੜੇ ਡੀਲਰ ਨੂੰ ਪੁਸ਼ਟੀ ਕਰਨ ਲਈ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਾਇਆ ਜਾ ਸਕੇ।
ਡੀਲਰਾਂ ਅਤੇ ਗੱਡੀ ਦੇ ਮਾਲਕ ਦੇ ਸਬੰਧਾਂ 'ਤੇ ਸਪੱਸ਼ਟਤਾ ਹੋਵੇਗੀ।
ਡੀਲਰ ਕੋਲ ਗੱਡੀ ਹੋਣ 'ਤੇ ਉਸ ਦੀ ਜ਼ਿੰਮੇਵਾਰੀ ਅਤੇ ਅਧਿਕਾਰ ਸਪੱਸ਼ਟ ਹੋਣਗੇ।
ਹੁਣ ਡੀਲਰ ਰਜਿਸਟ੍ਰੇਸ਼ਨ ਸਰਟੀਫਿਕੇਟ ਦੇ ਨਵੀਨੀਕਰਨ/ਫਿਟਨੈਸ ਸਰਟੀਫਿਕੇਟ ਦੇ ਨਵੀਨੀਕਰਨ, ਡੁਪਲੀਕੇਟ ਰਜਿਸਟ੍ਰੇਸ਼ਨ ਸਰਟੀਫਿਕੇਟ, ਐੱਨ.ਓ.ਸੀ, ਉਸ ਦੁਆਰਾ ਪ੍ਰਾਪਤ ਕੀਤੇ ਵਾਹਨ ਲਈ ਮਾਲਕੀ ਦੇ ਤਬਾਦਲੇ ਲਈ ਅਰਜ਼ੀ ਦੇ ਸਕਦਾ ਹੈ।
ਹੁਣ ਗੱਡੀ ਦਾ ਇਲੈਕਟ੍ਰਾਨਿਕ ਟ੍ਰਿਪ ਰਜਿਸਟਰ ਲਾਜ਼ਮੀ ਹੋਵੇਗਾ। ਇਸ ਨਾਲ ਵਾਹਨ ਦੀ ਮਾਈਲੇਜ, ਡਰਾਈਵ, ਵਰਤੋਂ ਨਾਲ ਸਬੰਧਤ ਸਾਰੀ ਡਿਟੇਲਸ ਜਾਂਚੀ ਜਾ ਸਕੇਗੀ।
ਗੱਡੀ ਸਬੰਧਤ ਕਿਸੇ ਵੀ ਤਰ੍ਹਾਂ ਦੇ ਡੈਮੇਜ ਜਾਂ ਦਸਤਾਵੇਜ਼ਾਂ ਖੋਹਣ ਦੀ ਸੂਚਨਾ ਸਬੰਧਤ ਅਥਾਰਟੀ ਨੂੰ ਦੇਣੀ ਹੋਵੇਗੀ।


Aarti dhillon

Content Editor

Related News