ਦਰਾਂ ਵਿਚ ਵਾਧਾ ਕਰੇਗਾ ਰਿਜ਼ਰਵ ਬੈਂਕ
Thursday, Sep 27, 2018 - 12:06 PM (IST)

ਮੁੰਬਈ — ਬਾਂਡ ਬਜ਼ਾਰ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਹੈ ਪਰ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਭਾਰਤੀ ਰਿਜ਼ਰਵ ਬੈਂਕ ਦਰਾਂ 'ਚ ਵਾਧੇ ਦੇ ਚੱਕਰ ਨੂੰ ਜਾਰੀ ਰੱਖਣਾ ਪਸੰਦ ਕਰੇਗਾ। ਅਰਥ-ਸ਼ਾਸਤਰੀਆਂ ਨੇ ਕਿਹਾ ਕਿ 4 ਅਕਤੂਬਰ ਦੀ ਨੀਤੀ ਸਮੀਖਿਆ ਵਿਚ ਘੱਟੋ-ਘੱਟ 25 ਆਧਾਰ ਅੰਕ ਦਰਾਂ ਵਧਾਈਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਇਸ ਵਾਰ ਰਵੱਈਏ ਵਿਚ ਤਬਦੀਲੀਆਂ ਵੀ ਆ ਸਕਦੀਆਂ ਹਨ। ਉਪਭੋਗਤਾ ਮੁੱਲ ਸੂਚਕ ਅੰਕ 'ਤੇ ਮੁਤਾਬਕ ਅਗਸਤ ਦੀ ਮਹਿੰਗਾਈ ਦਰ 3.69 ਫੀਸਦੀ ਰਹੀ, ਜੋ ਆਰ.ਬੀ.ਆਈ. ਦੇ 4 ਫੀਸਦੀ ਦੇ ਟੀਚੇ ਤੋਂ ਘੱਟ ਹੈ। ਹਾਲਾਂਕਿ ਡਾਲਰ ਦੇ ਮੁਕਾਬਲੇ ਰੁਪਿਆ 72.42 'ਤੇ ਖੁੱਲ੍ਹਿਆ ਹੈ ਅਤੇ 10 ਸਾਲ ਦੇ ਬਾਂਡ ਦਾ ਪ੍ਰਤੀਫਲ 8 ਫੀਸਦੀ ਦੇ ਪਾਰ ਨਿਕਲ ਗਿਆ ਹੈ।
ਰਿਜ਼ਰਵ ਬੈਂਕ ਦਾ ਟੀਚਾ ਮੌਜੂਦਾ ਸਥਿਤੀ 'ਚ ਲੋੜੀਂਦੀ ਨਕਦੀ(ਤਰਲਤਾ) ਕਾਇਮ ਰੱਖਣਾ ਹੈ ਤਾਂ ਜੋ ਔਸਤ ਕਾਲ ਦੀ ਦਰ ਨੀਤੀ ਰੈਪੋ ਦਰ ਦੇ ਆਲੇ-ਦੁਆਲੇ ਯਾਨੀ 6.5 ਫੀਸਦੀ ਦੇ ਆਸਪਾਸ ਰਹੇ। ਜੇਕਰ ਦਰਾਂ ਵਧਦੀਆਂ ਹਨ ਤਾਂ ਇਹ ਸਿਸਟਮ ਵਿਚ ਘਾਟ ਦਾ ਸੂਚਕ ਹੋਵੇਗਾ, ਜਿਸ 'ਤੇ ਰਿਜ਼ਰਵ ਬੈਂਕ ਸੈਕੰਡਰੀ ਬਜ਼ਾਰ ਵਿਚ ਬਾਂਡ ਖਰੀਦ ਦੇ ਜ਼ਰੀਏ ਬਜ਼ਾਰ ਵਿਚ ਨਕਦੀ ਪਾਉਂਦਾ ਹੈ। ਬਾਂਡ ਬਜ਼ਾਰ ਨਕਦੀ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇੰਡਸਇੰਡ ਬੈਂਕ ਦੇ ਮੁੱਖ ਅਰਥਸ਼ਾਸਤਰੀ ਗੌਰਵ ਕਪੂਰ ਮੁਤਾਬਕ ਜੇਕਰ ਬਾਂਡ ਬਜ਼ਾਰ 'ਚ ਜਾਰੀ ਪਰੇਸ਼ਾਨੀ ਆਰਥਿਕ ਫੰਡਾਮੈਂਟਲ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਇਸ ਦਾ ਅਸਰ ਰੁਪਏ 'ਤੇ ਦਿਖਾਈ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਰੁਪਏ ਦੇ ਕਾਰਨ ਕੈਰੀ ਟ੍ਰੇਡ ਦਾ ਫਾਇਦਾ ਖਤਮ ਹੋ ਗਿਆ ਹੈ। ਇਹ ਫਾਇਦਾ ਬਹਾਲ ਕਰਨਾ ਹੋਵੇਗਾ। ਇਸ ਤੋਂ ਇਲਾਵਾ ਮੌਨਟਰੀ ਨੀਤੀ ਮਹਿੰਗਾਈ ਅਤੇ ਮਹਿੰਗਾਈ ਦੇ ਅੰਦਾਜ਼ੇ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੀ।
ਐੱਨ.ਬੀ.ਐੱਫ.ਸੀ. 'ਚ ਸੰਕਟ ਤੋਂ ਪਹਿਲਾਂ ਮਨੀ ਮਾਰਕਿਟ ਦੀ ਦਰ ਸਖਤ ਹੋ ਗਈ ਹੈ, ਜਿਹੜੀ ਕਿ ਇਹ ਦਰਸਾਉਂਦੀ ਹੈ ਕਿ ਬਾਜ਼ਾਰ ਦਰਾਂ ਵਿਚ ਵਾਧੇ ਦੀ ਤਿਆਰੀ ਕਰ ਰਿਹਾ ਸੀ। ਤਿੰਨ ਮਹੀਨੇ ਦੀ ਏਏਏ ਰੇਟਿੰਗ ਵਾਲੀਆਂ ਯੂਨਿਟਾਂ ਦੀਆਂ ਪ੍ਰਤੀਭੂਤੀਆਂ ਅਤੇ ਰੈਪੋ ਦਰਾਂ ਵਿਚ ਫਰਕ 150 ਆਧਾਰ ਅੰਕ ਹੈ ਅਤੇ ਇਹ ਸੰਕੇਤ ਦਿੰਦੇ ਹਨ ਕਿ ਬਜ਼ਾਰ ਨੇ ਦਰਾਂ ਵਿਚ ਵਾਧੇ ਨੂੰ ਪੂਰੀ ਤਰ੍ਹਾਂ ਨਾਲ ਅਪਣਾ ਲਿਆ ਹੈ।