ਜਲਦ ‘ਉਡਾਣ’ ਭਰੇਗੀ ਆਕਾਸਾ, ਭਰਤੀ ਪ੍ਰਕਿਰਿਆ ਹੋਈ ਸ਼ੁਰੂ

Thursday, Jan 27, 2022 - 10:47 AM (IST)

ਨਵੀਂ ਦਿੱਲੀ (ਭਾਸ਼ਾ) - ਹਵਾਬਾਜ਼ੀ ਕੰਪਨੀ ਆਕਾਸਾ ਨੇ ਕਿਹਾ ਕਿ ਉਹ ਬੋਇੰਗ 737 ਮੈਕਸ ਜਹਾਜ਼ ਮਿਲਣ ਦੇ ਨਾਲ ਹੀ ਮਈ ਦੇ ਅਖੀਰ ’ਚ ਜਾਂ ਜੂਨ ਦੀ ਸ਼ੁਰੂਆਤ ’ਚ ਉਡਾਣ ਭਰਨ ਲਈ ਤਿਆਰ ਹੈ। ਕੰਪਨੀ ਨੇ ਕਿਹਾ ਕਿ ਉਹ ਦੇਸ਼ ’ਚ ਭਰੋਸੇਮੰਦ ਅਤੇ ਰਿਆਇਤੀ ਸੇਵਾਵਾਂ ਦੇ ਨਾਲ ਹਵਾਈ ਯਾਤਰਾ ਨੂੰ ਹੋਰ ਵਧੇਰੇ ਲੋਕਤੰਤਰਿਕ ਬਣਾਉਣ ਲਈ ਕੰਮ ਕਰੇਗੀ। ਮਸ਼ਹੂਰ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਸਮਰਥਿਤ ਹਵਾਬਾਜ਼ੀ ਕੰਪਨੀ ਮਾਰਚ, 2023 ਦੇ ਅਖੀਰ ਤੱਕ ਆਪਣੇ ਬੇੜੇ ’ਚ 18 ਜਹਾਜ਼ਾਂ ਨੂੰ ਜੋੜਨ ਦੀ ਤਿਆਰੀ ਕਰ ਰਹੀ ਹੈ।

ਹਵਾਬਾਜ਼ੀ ਕੰਪਨੀਆਂ ’ਤੇ ਕੋਵਿਡ ਮਹਾਮਾਰੀ ਕਾਰਨ ਸੰਕਟ ਦੇ ਬੱਦਲ ਛਾਏ ਰਹਿਣ ਦੇ ਬਾਵਜੂਦ ਆਕਾਸਾ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਿਨੇ ਦੁਬੇ ਕਾਫੀ ਆਸਵੰਦ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਤੁਸੀਂ ਭਾਰਤ ’ਚ ਕਮਰਸ਼ੀਅਲ ਹਵਾਬਾਜ਼ੀ ਦੇ ਲੰਮੇ ਸਮੇਂ ਦੇ ਭਵਿੱਖ ਨੂੰ ਦੇਖੋ ਤਾਂ ਇਹ ਦੁਨੀਆ ’ਚ ਕਿਸੇ ਵੀ ਦੂਜੀ ਥਾਂ ਵਾਂਗ ਹੀ ਰੋਮਾਂਚਕ ਹੈ।

ਇਹ ਵੀ ਪੜ੍ਹੋ : ਸਰਕਾਰ ਨੇ ਮਨੁੱਖੀ ਵਾਲਾਂ ਦੀ ਬਰਾਮਦ 'ਤੇ ਲਗਾਈ ਰੋਕ , ਜਾਣੋ ਵਜ੍ਹਾ

ਦੁਬੇ ਨੇ ਕਿਹਾ ਕਿ ਕੰਪਨੀ ਨੇ ਭਰਤੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਹੋਰ ਪ੍ਰਕਿਰਿਆਵਾਂ ਨੂੰ ਅੰਤਿਮ ਰੂਪ ਦੇ ਰਹੀ ਹੈ। ਇਸ ਸਮੇਂ ਹਵਾਬਾਜ਼ੀ ਕੰਪਨੀ ਕੋਲ 50 ਤੋਂ ਵੱਧ ਕਰਮਚਾਰੀ ਹਨ। ਦੁਬੇ ਨੇ ਕਿਹਾ ਕਿ ਹਵਾਬਾਜ਼ੀ ਖੇਤਰ ਨੂੰ ਲੈ ਕੇ ਅਸੀਂ ਉਤਸ਼ਾਹਿਤ ਹਾਂ। ਇਸ ਦਾ ਇਕ ਕਾਰਨ ਇਹ ਹੈ ਕਿ ਜ਼ਿਆਦਾਤਰ ਪੱਛਮੀ ਅਰਥਵਿਵਸਥਾਵਾਂ ਦੀ ਤੁਲਨਾ ’ਚ ਭਾਰਤ ’ਚ ਕੁੱਝ ਲੋਕਾਂ ਨੇ ਹੀ ਉਡਾਣ ਭਰੀ ਹੈ। ਆਉਣ ਵਾਲੇ ਸਾਲਾਂ ’ਚ ਇਹ ਸਭ ਬਦਲਣ ਵਾਲਾ ਹੈ ਅਤੇ ਅਸੀਂ ਉਸ ਬਦਲਾਅ ਦਾ ਹਿੱਸਾ ਬਣਨਾ ਚਾਹੁੰਦੇ ਹਾਂ। ਅਸੀਂ ਇਸ ਬਦਲਾਅ ਅਤੇ ਹਵਾਈ ਯਾਤਰਾ ਦੇ ਲੋਕਤੰਤਰੀਕਰਨ ’ਚ ਯੋਗਦਾਨ ਕਰਨਾ ਚਾਹੁੰਦੇ ਹਾਂ। ਦੁਬੇ ਨੇ ਕਿਹਾ ਕਿ ਹਵਾਬਾਜ਼ੀ ਕੰਪਨੀ ਦਾ ਟੀਚਾ ਸਾਲ 2023 ਦੀ ਦੂਜੀ ਛਿਮਾਹੀ ’ਚ ਵਿਦੇਸ਼ੀ ਉਡਾਣਾਂ ਸ਼ੁਰੂ ਕਰਨ ਦਾ ਹੈ।

ਇਹ ਵੀ ਪੜ੍ਹੋ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਬਜਟ ਟੀਮ 'ਚ ਸ਼ਾਮਲ ਹਨ ਇਹ ਚਿਹਰੇ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News