ਦੇਸ਼ ''ਚ ਆਸਮਾਨ ਛੂਹ ਰਹੇ ਕਣਕ ਦੇ ਭਾਅ, ਪਿਛਲੇ ਸਾਲ ਦੀ ਤੁਲਨਾ ''ਚ 16 ਫ਼ੀਸਦੀ ਚੜ੍ਹੀ ਕੀਮਤ

Thursday, Jan 19, 2023 - 05:59 PM (IST)

ਦੇਸ਼ ''ਚ ਆਸਮਾਨ ਛੂਹ ਰਹੇ ਕਣਕ ਦੇ ਭਾਅ, ਪਿਛਲੇ ਸਾਲ ਦੀ ਤੁਲਨਾ ''ਚ 16 ਫ਼ੀਸਦੀ ਚੜ੍ਹੀ ਕੀਮਤ

ਬਿਜ਼ਨੈੱਸ ਡੈਸਕ- ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕਈ ਹਿੱਸਿਆਂ 'ਚ ਕਣਕ ਦੀਆਂ ਕੀਮਤਾਂ 3000 ਰੁਪਏ ਪ੍ਰਤੀ ਕੁਇੰਟਲ ਨੂੰ ਪਾਰ ਕਰ ਗਈਆਂ ਹਨ। ਇਸ ਦਾ ਕਾਰਨ ਪੂਰਬੀ ਭਾਰਤ 'ਚ ਅਨਾਜ ਦੀ ਕਮੀ ਹੈ। ਅਨਾਜ ਕਾਰੋਬਾਰ ਨਾਲ ਜੁੜੇ ਲੋਕਾਂ ਅਤੇ ਕਾਰੋਬਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮੰਡੀ ਮਾਹਿਰਾਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਨੇ ਅਜੇ ਤੱਕ ਓ.ਐੱਮ.ਐੱਸ.ਐੱਸ (ਓਪਨ ਮਾਰਕੀਟ ਸੇਲ ਸਕੀਮ) ਤਹਿਤ ਖੁੱਲ੍ਹੀ ਮੰਡੀ 'ਚ ਕਣਕ ਵੇਚਣ ਦੀ ਪਹਿਲਕਦਮੀ ਨਹੀਂ ਕੀਤੀ ਹੈ। ਇਸ ਕਾਰਨ ਕਣਕ ਦੇ ਭਾਅ ਨਿੱਤ ਨਵੀਆਂ ਉਚਾਈਆਂ ਨੂੰ ਛੂਹ ਰਹੇ ਹਨ। ਭਾਰਤੀ ਰੋਲਰ ਫਲਾਵਰ ਮਿੱਲਜ਼ ਫੈਡਰੇਸ਼ਨ (ਆਰ.ਐੱਫ.ਐੱਮ.ਐੱਫ.ਆਈ) ਦੇ ਪ੍ਰਧਾਨ ਪ੍ਰਮੋਦ ਕੁਮਾਰ ਦਾ ਮੰਨਣਾ ਹੈ ਕਿ ਖੁੱਲ੍ਹੀ ਮੰਡੀ 'ਚ ਕਣਕ ਨਹੀਂ ਹੈ। ਪੂਰਬੀ ਭਾਰਤ 'ਚ ਵੀ ਕਣਕ ਉਪਲਬਧ ਨਹੀਂ ਹੈ। ਜਦੋਂ ਤੋਂ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕਣਕ ਦੀ ਅਲਾਟਮੈਂਟ 'ਤੇ ਰੋਕ ਲਾਈ ਹੈ, ਖੁੱਲ੍ਹੇ ਬਾਜ਼ਾਰ 'ਚ ਇਸ ਦੀ ਮੰਗ ਵਧ ਗਈ ਹੈ।
ਉੱਤਰ ਪ੍ਰਦੇਸ਼ 'ਚ ਕਣਕ ਦੀਆਂ ਕੀਮਤਾਂ ਰੋਜ਼ ਨਵੀਆਂ ਉਚਾਈਆਂ ਨੂੰ ਛੂਹ ਰਹੀਆਂ ਹਨ। ਦੇਸ਼ ਦੇ ਉੱਤਰੀ ਸੂਬੇ ਨੂੰ ਕਣਕ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਖਣੀ ਭਾਰਤ ਦੇ ਇਕ ਵਪਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇਹ ਗੱਲਾਂ ਕਹੀਆਂ। ਦਿੱਲੀ ਦੇ ਇਕ ਵਪਾਰੀ ਮੁਤਾਬਕ ਕਣਕ ਦੇ ਸਭ ਤੋਂ ਵੱਡੇ ਉਤਪਾਦਕ ਯੂਪੀ ਨੂੰ ਇਹ ਗੁਜਰਾਤ ਤੋਂ ਖਰੀਦਣੀ ਪੈਂਦੀ ਹੈ। ਮੰਡੀ ਨਾਲ ਜੁੜੇ ਲੋਕਾਂ ਅਨੁਸਾਰ ਉੱਤਰ ਪ੍ਰਦੇਸ਼ 'ਚ ਕਣਕ ਦਾ ਭਾਅ 3050 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਰਾਜਸਥਾਨ 'ਚ ਇਹ ਅਨਾਜ 2800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਿਹਾ ਹੈ। ਡਾਕ ਭੇਜਣ ਵਾਲਿਆਂ ਨੂੰ ਆਵਾਜਾਈ ਦਾ ਖ਼ਰਚਾ ਵੱਖਰੇ ਤੌਰ 'ਤੇ ਝੱਲਣਾ ਪੈਂਦਾ ਹੈ।
ਖੇਤੀਬਾੜੀ ਮੰਤਰਾਲੇ ਦੀ ਇਕਾਈ ਐਗਮਾਰਕੀਟ ਦੇ ਅੰਕੜਿਆਂ ਅਨੁਸਾਰ 8 ਜਨਵਰੀ ਨੂੰ ਕਣਕ ਦੀ ਕੀਮਤ 2788 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਸੀ। ਇਹ ਪਿਛਲੇ ਸਾਲ ਨਾਲੋਂ ਕਰੀਬ 20 ਫੀਸਦੀ ਵੱਧ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪ੍ਰਚੂਨ ਬਾਜ਼ਾਰ 'ਚ ਕਣਕ ਦੀ ਕੀਮਤ ਕਰੀਬ 31.17 ਰੁਪਏ ਪ੍ਰਤੀ ਕਿਲੋ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 15.76 ਫ਼ੀਸਦੀ ਜ਼ਿਆਦਾ ਹੈ। ਜਦੋਂਕਿ ਕਣਕ ਦਾ ਆਟਾ 37.03 ਰੁਪਏ ਪ੍ਰਤੀ ਕਿਲੋ ਹੈ। ਇਸ 'ਚ ਪਿਛਲੇ ਸਾਲ ਦੇ ਮੁਕਾਬਲੇ 18.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਕਣਕ ਦੀਆਂ ਕੀਮਤਾਂ 2022 ਦੇ ਹਾੜੀ ਸੀਜ਼ਨ 'ਚ 2015 ਰੁਪਏ ਪ੍ਰਤੀ ਕੁਇੰਟਲ ਦੇ ਨਿਸ਼ਚਿਤ ਘੱਟੋ-ਘੱਟ ਸਮਰਥਨ ਮੁੱਲ ਦੇ ਮੁਕਾਬਲੇ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2023 ਦੇ ਸਾਉਣੀ ਸੀਜ਼ਨ ਲਈ, ਘੱਟੋ-ਘੱਟ ਸਮਰਥਨ ਮੁੱਲ ਵਧਾ ਕੇ 2125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ।
ਇੱਕ ਵਪਾਰ ਵਿਸ਼ਲੇਸ਼ਕ ਦੇ ਅਨੁਸਾਰ, ਅਨਾਜ, ਖਾਸ ਤੌਰ 'ਤੇ ਕਣਕ ਅਤੇ ਚੌਲਾਂ ਦੇ ਮਾਮਲੇ 'ਚ ਸਪਲਾਈ ਪੱਖ ਦੇ ਮੁੱਦੇ ਹਨ। ਇਹ ਸਥਿਤੀ ਉਤਪਾਦਨ ਦੇ ਅੰਕੜਿਆਂ 'ਤੇ ਵੀ ਸ਼ੱਕ ਪੈਦਾ ਕਰਦੀ ਹੈ। ਉਦਾਹਰਣ ਵਜੋਂ, ਪੱਛਮੀ ਬੰਗਾਲ ਹੁਣ ਤੱਕ ਸਪਲਾਈ ਦੀ ਘਾਟ ਕਾਰਨ 60 ਲੱਖ ਟਨ ਅਨਾਜ ਦੀ ਖਰੀਦ ਦੇ ਟੀਚੇ ਦੇ ਮੁਕਾਬਲੇ ਸਿਰਫ਼ 20 ਲੱਖ ਟਨ ਅਨਾਜ ਦੀ ਖਰੀਦ ਕਰ ਸਕਿਆ ਹੈ।


author

Aarti dhillon

Content Editor

Related News