ਨਰਾਤੇ ਖ਼ਤਮ ਹੁੰਦੇ ਹੀ ਪਿਆਜ਼ ਨੇ ਦਿਖਾਏ ‘ਤੇਵਰ’, ਦੁੱਗਣੇ ਤੋਂ ਵੀ ਜ਼ਿਆਦਾ ਵਧੇ ਭਾਅ
Thursday, Oct 26, 2023 - 11:31 AM (IST)
ਨਵੀਂ ਦਿੱਲੀ (ਇੰਟ.) – ਇਸ ਸਾਲ ਖਪਤਕਾਰਾਂ ਨੂੰ ਪਿਛਲੇ ਮਹੀਨੇ ਤੱਕ ਪਿਆਜ਼ ਦੀ ਮਹਿੰਗਾਈ ਤੋਂ ਰਾਹਤ ਮਿਲਦੀ ਰਹੀ ਪਰ ਹੁਣ ਇਸ ’ਤੇ ਮਹਿੰਗਾਈ ਦਾ ਰੰਗ ਚੜ੍ਹਨ ਲੱਗਾ ਹੈ। ਨਰਾਤੇ ਖਤਮ ਹੁੰਦੇ ਹੀ ਪਿਆਜ਼ ਨੇ ਆਪਣੇ ‘ਤੇਵਰ’ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਮਹੀਨੇ ਪਿਆਜ਼ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਮੁੱਖ ਉਤਪਾਦਕ ਸੂਬੇ ਮਹਾਰਾਸ਼ਟਰ ਦੀਆਂ ਮੰਡੀਆਂ ’ਚ ਸਭ ਤੋਂ ਚੰਗੀ ਗੁਣਵੱਤਾ ਦੇ ਥੋਕ ਭਾਅ 50 ਰੁਪਏ ਪ੍ਰਤੀ ਕਿਲੋ ਪਾਰ ਕਰ ਚੁੱਕੇ ਹਨ। ਮੰਡੀਆਂ ’ਚ ਪਿਆਜ਼ ਦੀਆਂ ਕੀਮਤਾਂ ਚੜ੍ਹਨ ਨਾਲ ਪ੍ਰਚੂਨ ਬਾਜ਼ਾਰ ’ਚ ਵੀ ਇਸ ਦੀਆਂ ਕੀਮਤਾਂ ’ਚ ਤੇਜ਼ੀ ਆਈ ਹੈ। ਮਹਾਰਾਸ਼ਟਰ ਪਿਆਜ਼ ਦਾ ਸਭ ਤੋਂ ਵੱਡਾ ਉਤਪਾਦਕ ਸੂਬਾ ਹੈ। ਇਸ ਸੂਬੇ ਦੀ ਅਹਿਮ ਮੰਡੀ ਪਿੰਪਲਗਾਂਵ ਵਿਚ ਅੱਜ ਪਿਆਜ਼ ਦੀਆਂ ਕੀਮਤਾਂ 2500 ਤੋਂ 5,014 ਰੁਪਏ ਦਰਜ ਕੀਤੀਆਂ ਗਈਆਂ ਜਦ ਕਿ ਇਸ ਮਹੀਨੇ ਦੀ ਤਿੰਨ ਤਰੀਕ ਨੂੰ ਇਹ ਭਾਅ 900 ਤੋਂ 2500 ਰੁਪਏ ਪ੍ਰਤੀ ਕੁਇੰਟਲ ਸਨ। ਜ਼ਾਹਿਰ ਹੈ ਕਿ ਮੰਡੀ ’ਚ ਇਸ ਮਹੀਨੇ ਭਾਅ ਦੁੱਗਣੇ ਵਧੇ ਹਨ ਅਤੇ ਵੱਧ ਤੋਂ ਵੱਧ ਕੀਮਤ 50 ਰੁਪਏ ਪ੍ਰਤੀ ਕਿਲੋ ਤੋਂ ਪਾਰ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਇਕ ਸਾਲ 'ਚ 19 ਫੀਸਦੀ ਰਿਟਰਨ ਦੇ ਸਕਦਾ ਹੈ ਸੋਨਾ, 10 ਦਿਨਾਂ 'ਚ ਹੋਇਆ 3,200 ਰੁਪਏ ਤੋਂ ਜ਼ਿਆਦਾ ਮਹਿੰਗਾ
ਹਾਲਾਂਕਿ ਪਿਆਜ਼ ਦੀ ਮਾਡਲ ਕੀਮਤ (ਜ਼ਿਆਦਾਤਰ ਵਿਕਰੀ ਇਸੇ ਭਾਅ ’ਤੇ ਹੁੰਦੀ ਹੈ) ਇਸ ਦੌਰਾਨ 22 ਰੁਪਏ ਤੋਂ ਵਧ ਕੇ 42.50 ਰੁਪਏ ਪ੍ਰਤੀ ਕਿਲੋ ਹੋਈ ਹੈ। ਦਿੱਲੀ ਦੀ ਆਜ਼ਾਦਪੁਰ ਮੰਡੀ ਦੇ ਪਿਆਜ਼ ਕਾਰੋਬਾਰੀ ਪੀ. ਐੱਮ. ਸ਼ਰਮਾ ਨੇ ਦੱਸਿਆ ਕਿ ਇਸ ਸਮੇਂ ਮੰਡੀ ’ਚ ਪਿਆਜ਼ ਦੇ ਭਾਅ 2000 ਤੋਂ 4000 ਰੁਪਏ ਪ੍ਰਤੀ ਕੁਇੰਟਲ ਹਨ।
ਬੀਤੇ ਦੋ ਹਫਤਿਆਂ ਤੋਂ ਪਿਆਜ਼ ਦੀ ਆਮਦ ਸੁਸਤ
ਬੀਤੇ ਕੁੱਝ ਦਿਨਾਂ ਤੋਂ ਮੰਡੀਆਂ ’ਚ ਪਿਆਜ਼ ਦੀ ਆਮਦ ’ਚ ਕਮੀ ਦੇਖੀ ਜਾ ਰਹੀ ਹੈ। ਜਿਣਸਾਂ ਦੇ ਅੰਕੜੇ ਰੱਖਣ ਵਾਲੀ ਸਰਕਾਰੀ ਏਜੰਸੀ ਐਮਮਾਰਕਨੈੱਟ ਦੇ ਪਿਛਲੇ 15 ਦਿਨਾਂ ਦੇ ਆਮਦ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਇਸ ਮਿਆਦ ’ਚ ਪਿਆਜ਼ ਦੀ ਆਮਦ ਘੱਟ ਹੋਈ ਹੈ।
ਇਸ ਸਾਲ ਮੰਡੀਆਂ ’ਚ 10 ਤੋਂ 25 ਅਕਤੂਬਰ ਦਰਮਿਆਨ 6.66 ਲੱਖ ਟਨ ਪਿਆਜ਼ ਦੀ ਆਮਦ ਹੋਈ ਜੋ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ 7.75 ਲੱਖ ਟਨ ਆਮਦ ਤੋਂ ਕਰੀਬ 14 ਫੀਸਦੀ ਘੱਟ ਹੈ। ਇਸ ਮਿਆਦ ਵਿਚ ਦਿੱਲੀ ’ਚ ਪਿਆਜ਼ ਦੀ ਆਮਦ ਵਿਚ ਕਰੀਬ 22 ਫੀਸਦੀ, ਮਹਾਰਾਸ਼ਟਰ ਵਿਚ 10 ਫੀਸਦੀ, ਮੱਧ ਪ੍ਰਦੇਸ਼ ਵਿਚ 37 ਫੀਸਦੀ, ਗੁਜਰਾਤ ਵਿਚ 25 ਅਤੇ ਰਾਜਸਥਾਨ ਵਿਚ ਕਰੀਬ 38 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਸ਼ਰਮਾ ਨੇ ਦੱਸਿਆ ਕਿ ਆਜ਼ਾਦਪੁਰ ਮੰਡੀ ’ਚ ਇਸ ਸਮੇਂ ਮਹਾਰਾਸ਼ਟਰ ਅਤੇ ਗੁਜਰਾਤ ਤੋਂ ਪਿਆਜ਼ ਦੀ ਆਮਦ ਹੋ ਰਹੀ ਹੈ। ਥੋੜੀ-ਬਹੁਤ ਸਾਉਣੀ ਸੀਜ਼ਨ ਦੇ ਨਵੇਂ ਪਿਆਜ਼ ਦੀ ਆਮਦ ਹੋਣ ਲੱਗੀ ਹੈ ਪਰ ਬੀਤੇ ਕੁੱਝ ਦਿਨਾਂ ਤੋਂ ਮੰਡੀ ਵਿਚ ਘੱਟ ਪਿਆਜ਼ ਆ ਰਿਹਾ ਹੈ। ਇਸ ਨਾਲ ਇਸ ਦੀਆਂ ਕੀਮਤਾਂ ਵਿਚ ਤੇਜ਼ੀ ਆਈ ਹੈ।
ਇਹ ਵੀ ਪੜ੍ਹੋ : IKEA ਨੂੰ ਗਾਹਕ ਕੋਲੋਂ ਇਹ ਚਾਰਜ ਵਸੂਲਣਾ ਪਿਆ ਭਾਰੀ, ਕੰਜਿਊਮਰ ਕੋਰਟ ਨੇ ਠੋਕਿਆ ਜੁਰਮਾਨਾ
ਪਿਆਜ਼ ਦੀ ਆਮਦ ’ਚ ਦੇਰੀ ਹੋਣ ਕਾਰਨ ਵਧੀਆਂ ਕੀਮਤਾਂ
ਅਖਿਲ ਭਾਰਤੀ ਸਬਜ਼ੀ ਉਤਪਾਦਕ ਸੰਘ ਦੇ ਮੁਖੀ ਸ਼੍ਰੀਰਾਮ ਗਾਢਵੇ ਨੇ ਕਿਹਾ ਕਿ ਸਾਉਣੀ ਸੀਜ਼ਨ ਦੇ ਪਿਆਜ਼ ਦੀ ਆਮਦ ਵਿਚ ਦੇਰੀ ਹੋਣ ਕਾਰਨ ਇਸ ਦੀਆਂ ਕੀਮਤਾਂ ਵਧੀਆਂ ਹਨ। ਇਸ ਸਮੇਂ ਘੱਟ ਮਾਤਰਾ ਵਿਚ ਨਵਾਂ ਪਿਆਜ਼ ਆ ਰਿਹਾ ਹੈ। ਹਾਲਾਂਕਿ ਪੁਰਾਣੇ ਪਿਆਜ਼ ਦੀ ਸਟੋਰੇਜ ਇਸ ਵਾਰ ਜ਼ਿਆਦਾ ਹੈ ਅਤੇ ਅਗੇ ਨਵੇਂ ਪਿਆਜ਼ ਦੀ ਆਮਦ ਜ਼ੋਰ ਫੜ੍ਹਨ ਲੱਗੇਗੀ। ਅਜਿਹੇ ’ਚ ਹੁਣ ਪਿਆਜ਼ ਦੀਆਂ ਕੀਮਤਾਂ ਵਿਚ ਜ਼ਿਆਦਾ ਤੇਜ਼ੀ ਦੀ ਸੰਭਾਵਨਾ ਨਹੀਂ ਦਿਖਾਈ ਦੇ ਰਹੀ ਹੈ।
ਪ੍ਰਚੂਨ ਬਾਜ਼ਾਰ ’ਚ ਵੀ ਵਧੀਆਂ ਕੀਮਤਾਂ
ਮੰਡੀਆਂ ’ਚ ਪਿਆਜ਼ ਦੀਆਂ ਕੀਮਤਾਂ ਵਧਣ ਦਾ ਅਸਰ ਪ੍ਰਚੂਨ ਬਾਜ਼ਾਰ ’ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰੀ ਖਪਤਕਾਰ ਮਾਮਲਿਆਂ ਦੇ ਵਿਭਾਗ ਮੁਤਾਬਕ ਇਸ ਸਮੇਂ ਦੇਸ਼ ਦੇ ਪ੍ਰਚੂਨ ਬਾਜ਼ਾਰਾਂ ’ਚ ਪਿਆਜ਼ ਦੀਆਂ ਕੀਮਤਾਂ 16 ਤੋਂ 70 ਰੁਪਏ ਪ੍ਰਤੀ ਕਿਲੋ ਹਨ। ਇਸ ਮਹੀਨੇ ਇਸ ਦੀ ਕੀਮਤ ਵਿਚ ਵੱਧ ਤੋਂ ਵੱਧ 10 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਇਸ ਮਹੀਨੇ ਦੇਸ਼ ਭਰ ਵਿਚ ਪਿਆਜ਼ ਦੀ ਔਸਤ ਪ੍ਰਚੂਨ ਕੀਮਤ 32.36 ਰੁਪਏ ਤੋਂ ਵਧ ਕੇ 39.01 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8