ਮਹਾਮਾਰੀ ਦਰਮਿਆਨ ਭਾਰਤ 'ਚ 11 ਫ਼ੀਸਦੀ ਵਧੀ ਕਰੋੜਪਤੀਆਂ ਦੀ ਗਿਣਤੀ

Saturday, Feb 19, 2022 - 02:11 PM (IST)

ਮਹਾਮਾਰੀ ਦਰਮਿਆਨ ਭਾਰਤ 'ਚ 11 ਫ਼ੀਸਦੀ ਵਧੀ ਕਰੋੜਪਤੀਆਂ ਦੀ ਗਿਣਤੀ

ਮੁੰਬਈ (ਭਾਸ਼ਾ) – ਕੋਵਿਡ-19 ਮਹਾਮਾਰੀ ਤੋਂ ਪ੍ਰਭਾਵਿਤ ਸਾਲ 2021 ’ਚ ਭਾਰਤ ’ਚ ‘ਡਾਲਰ ਮਿਲੀਅਨਰੀ’ ਯਾਨੀ 7 ਕਰੋੜ ਤੋਂ ਵੱਧ ਦੀ ਨਿੱਜੀ ਜਾਇਦਾਦ ਵਾਲੇ ਵਿਅਕਤੀਆਂ ਦੀ ਗਿਣਤੀ 11 ਫੀਸਦੀ ਵਧ ਕੇ 4.58 ਲੱਖ ਹੋ ਗਈ। ਇਕ ਸਰਵੇਖਣ ’ਚ ਇਹ ਗੱਲ ਸਾਹਮਣੇ ਆਈ। ਹਾਲਾਂਕਿ ਇਸ ਸਰਵੇਖਣ ’ਚ ਅਜਿਹੇ 350 ਲੋਕਾਂ ਨਾਲ ਗੱਲਬਾਤ ਦੇ ਆਧਾਰ ’ਤੇ ਪਾਇਆ ਗਿਆ ਕਿ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ’ਚ ਖੁਦ ਨੂੰ ਖੁਸ਼ ਦੱਸਣ ਵਾਲੇ ਲੋਕਾਂ ਦੀ ਗਿਣਤੀ 2021 ’ਚ ਘਟ ਕੇ 66 ਫੀਸਦੀ ਰਹਿ ਗਈ, ਜੋ ਇਸ ਤੋਂ ਇਕ ਸਾਲ ਪਹਿਲਾਂ 72 ਫੀਸਦੀ ਸੀ।

ਹੁਰੂਨ ਰਿਪੋਰਟ ਦੇ ਇਹ ਨਤੀਜੇ ਅਜਿਹੇ ਸਮੇਂ ’ਚ ਆਏ ਹਨ ਜਦੋਂ ਭਾਰਤ ’ਚ ਅਮੀਰਾਂ ਅਤੇ ਗਰੀਬਾਂ ਦਰਮਿਆਨ ਵਧਦੀ ਅਸਮਾਨਤਾ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਹਾਲ ’ਚ ਆਈ ਆਕਸਫੈਮ ਦੀ ਰਿਪੋਰਟ ’ਚ ਵੀ ਇਸ ਅਸਮਾਨਤਾ ’ਤੇ ਚਿੰਤਾ ਪ੍ਰਗਟਾਈ ਗਈ ਸੀ। ਬੇਹੱਦ ਅਮੀਰ ਲੋਕਾਂ ’ਤੇ ਵਧੇਰੇ ਟੈਕਸ ਲਗਾਉਣ ਦੀ ਲਗਾਤਾਰ ਤੇਜ਼ ਹੁੰਦੀ ਮੰਗ ਦਰਮਿਆਨ ਇਸ ਸਰਵੇਖਣ ’ਚ ਸ਼ਾਮਲ ਇਕ-ਤਿਹਾਈ ਤੋਂ ਵੀ ਘੱਟ ਲੋਕਾਂ ਦਾ ਹੀ ਇਹ ਮੰਨਣਾ ਹੈ ਕਿ ਵਧੇਰੇ ਟੈਕਸ ਅਦਾ ਕਰਨਾ ਸਮਾਜਿਕ ਜ਼ਿੰਮੇਵਾਰੀ ਦਾ ਇਕ ਨਿਰਧਾਰਕ ਤੱਤ ਹੈ।

ਇਹ ਵੀ ਪੜ੍ਹੋ : Zomato, Paytm ਨੇ ਡੋਬੇ 77,000 ਕਰੋੜ, ਹੁਣ IPO ਲਿਆਉਣ ਤੋਂ ਡਰ ਰਹੀਆਂ ਹਨ ਇਹ ਕੰਪਨੀਆਂ

2026 ਤੱਕ 30 ਫੀਸਦੀ ਵਧ ਕੇ 6 ਲੱਖ ’ਤੇ ਪਹੁੰਚੇਗੀ ਗਿਣਤੀ

ਹੁਰੂਨ ਰਿਪੋਰਟ ਮੁਤਾਬਕ ਸਾਲ 2026 ਤੱਕ ਭਾਰਤ ’ਚ ‘ਡਾਲਰ ਮਿਲੀਅਨਰੀ’ ਦੀ ਗਿਣਤੀ 30 ਫੀਸਦੀ ਵਧ ਕੇ 6 ਲੱਖ ਤੱਕ ਪਹੁੰਚ ਜਾਵੇਗੀ। ਰਿਪੋਰਟ ਕਹਿੰਦੀ ਹੈ ਕਿ ਮੁੰਬਈ ’ਚ ਸਭ ਤੋਂ ਵੱਧ 20,300 ‘ਡਾਲਰ ਮਿਲੀਅਨਰੀ’ ਹਨ। ਇਸ ਤੋਂ ਬਾਅਦ ਦਿੱਲੀ ’ਚ 17,400 ਅਤੇ ਕੋਲਕਾਤਾ ’ਚ 10,500 ‘ਡਾਲਰ ਮਿਲੀਅਨਰੀ’ ਪਰਿਵਾਰ ਹਨ। ਇਸ ਸਰਵੇਖਣ ’ਚ ਸ਼ਾਮਲ ਦੋ-ਤਿਹਾਈ ਤੋਂ ਵੱਧ ਡਾਲਰ ਮਿਲੀਅਨਰੀਨੇ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਲਈ ਵਿਦੇਸ਼ ਭੇਜਣਾ ਪਸੰਦ ਕਰਨਗੇ, ਜਿਸ ’ਚ ਅਮਰੀਕਾ ਉਨ੍ਹਾਂ ਦੀ ਪਹਿਲੀ ਪਸੰਦ ਹੈ। ਸਰਵੇਖਣ ਮੁਤਾਬਕ ਇਕ ਚੌਥਾਈ ‘ਡਾਲਰ ਮਿਲੀਅਨਰੀ’ ਦੀ ਪਸੰਦੀਦਾ ਕਾਰ ਮਰਸਿਡੀਜ਼ ਬੇਂਜ ਹੈ ਅਤੇ ਉਹ ਹਰ ਤਿੰਨ ਸਾਲ ’ਚ ਆਪਣੀਆਂ ਕਾਰਾਂ ਨੂੰ ਬਦਲਦੇ ਹਨ। ਇੰਡੀਅਨ ਹੋਟਲਸ ਦਾ ਹੋਟਲ ਤਾਜ ਸਭ ਤੋਂ ਪਸੰਦੀਦਾ ਪ੍ਰਾਹੁਣਚਾਰੀ ਬ੍ਰਾਂਡ ਵਜੋਂ ਉਭਰਿਆ ਜਦ ਕਿ ਤਨਿਸ਼ਕ ਪਸੰਦੀਦਾ ਜਿਊਲਰੀ ਬ੍ਰਾਂਡ ਹੈ।

ਹੁਰੂਨ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਖੋਜਕਾਰ ਅਨਸ ਰਹਿਮਾਨ ਜੁਨੈਦ ਨੇ ਕਿਹਾ ਕਿ ਅਗਲੇ ਦਹਾਕਾ ਲਗਜ਼ਰੀ ਬ੍ਰਾਂਡਾਂ ਅਤੇ ਸੇਵਾ ਪ੍ਰੋਵਾਈਡਰਸ ਲਈ ਭਾਰਤ ’ਚ ਐਂਟਰੀ ਕਰਨ ਲਈ ਬਿਹਤਰੀਨ ਮੌਕਾ ਹੈ।

ਇਹ ਵੀ ਪੜ੍ਹੋ : ਬੱਚਿਆਂ ਲਈ ਦੋਪਹੀਆ ਵਾਹਨਾਂ 'ਤੇ ਹੈਲਮੇਟ ਪਹਿਣਨਾ ਹੋਵੇਗਾ ਲਾਜ਼ਮੀ, ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News