‘ਕਾਰੋਬਾਰੀ ਚੱਕਰ’ ਨਾਲ ਜੁੜੇ ਮਿਊਚੁਅਲ ਫੰਡ ਨੇ ਇਕ ਸਾਲ ’ਚ 56 ਫੀਸਦੀ ਤੱਕ ਦਾ ਦਿੱਤਾ ਰਿਟਰਨ
Monday, Oct 28, 2024 - 11:16 AM (IST)

ਨਵੀਂ ਦਿੱਲੀ (ਭਾਸ਼ਾ) - ਨਿਵੇਸ਼ ਦ੍ਰਿਸ਼ ’ਚ ਕਾਰੋਬਾਰੀ ਚੱਕਰ ਨਾਲ ਜੁੜੇ ਮਿਊਚੁਅਲ ਫੰਡ ਦਾ ਪ੍ਰਚੱਲਨ ਵੱਧ ਰਿਹਾ ਹੈ। ਪਿਛਲੇ ਸਾਲ ਇਸ ਮਿਊਚੁਅਲ ਫੰਡ ਨੇ 32-56 ਫੀਸਦੀ ਦਾ ਮਜ਼ਬੂਤ ਰਿਟਰਨ ਦਿੱਤਾ ਹੈ। ਇਸ ਦੌਰਾਨ ਐੱਚ. ਐੱਸ. ਬੀ. ਸੀ., ਮਹਿੰਦਰਾ ਮਨੁਲਾਈਫ ਅਤੇ ਕਵਾਂਟ ਦੀਆਂ ਯੋਜਨਾਵਾਂ ਨਾਲ ਨਿਵੇਸ਼ਕਾਂ ਤੋਂ 50 ਫੀਸਦੀ ਤੋਂ ਜ਼ਿਆਦਾ ਦਾ ਰਿਟਰਨ ਮਿਲਿਆ ਹੈ। ਕਾਰੋਬਾਰੀ ਚੱਕਰ ਫੰਡ ਮਿਊਚੁਅਲ ਫੰਡ ਦਾ ਹੀ ਇਕ ਰੂਪ ਹੈ, ਜੋ ਆਰਥਿਕ ਚੱਕਰ ਦੇ ਵੱਖ-ਵੱਖ ਪੜਾਵਾਂ ਦੌਰਾਨ ਅਜਿਹੇ ਸ਼ੇਅਰਾਂ ਅਤੇ ਖੇਤਰਾਂ ’ਚ ਨਿਵੇਸ਼ ਕਰਦੇ ਹਨ, ਜਿਨ੍ਹਾਂ ਦੇ ਉਸ ਸਮੇਂ ਦੇ ਹਾਲਾਤ ਦੇ ਆਧਾਰ ’ਤੇ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਹੁੰਦੀ ਹੈ।
ਹੁਣ ਨਿਵੇਸ਼ ਲਈ ਉਮੜ ਰਹੇ ਲੋਕ
ਇੰਡਸਟਰੀ ਦੇ ਅੰਕੜਿਆਂ ਅਨੁਸਾਰ, ਇਸ ਟਾਪ 3 ਫੰਡ ਨੇ ਨਿਫਟੀ 500 ਟੀ. ਆਰ. ਆਈ. ਸੂਚਕ ਅੰਕ ਨਾਲ ਕਾਫੀ ਬਿਹਤਰ ਪ੍ਰਦਰਸ਼ਨ ਕੀਤਾ ਹੈ, ਜਿਸ ਨੇ ਇਸ ਮਿਆਦ ’ਚ 35.11 ਫੀਸਦੀ ਰਿਟਰਨ ਦਿੱਤਾ। ਆਨੰਦ ਰਾਠੀ ਵੈਲਥ ਦੇ ਡਿਪਟੀ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਫਿਰੋਜ਼ ਅਜੀਜ ਨੇ ਕਿਹਾ ਕਿ ਇਹ ਸ਼ਾਨਦਾਰ ਵਾਧਾ ਇਨ੍ਹਾਂ ਫੰਡਸ ’ਚ ਨਿਵੇਸ਼ਕਾਂ ਦੀ ਵਧਦੀ ਦਿਲਚਸਪੀ ਨੂੰ ਦਰਸਾਉਂਦਾ ਹੈ। ਮੌਜੂਦਾ ਸਮੇਂ ’ਚ, ਬਾਜ਼ਾਰ ’ਚ ਸਿਰਫ 16 ਕਾਰੋਬਾਰੀ ਚੱਕਰ ਨਾਲ ਸਬੰਧਤ ਫੰਡਜ਼ ਹਨ, ਜਿਨ੍ਹਾਂ ’ਚੋਂ ਸਿਰਫ 3 ਨੇ 3 ਸਾਲਾਂ ਦਾ ਕਾਰਜਕਾਲ ਪੂਰਾ ਕੀਤਾ ਹੈ। ਇਸ ਸ਼੍ਰੇਣੀ ਦੇ ਪ੍ਰਬੰਧਨ ਤਹਿਤ ਜਾਇਦਾਦਾਂ (ਏ. ਯੂ. ਐੱਮ.) ਸਤੰਬਰ, 2021 ਦੇ 17,238 ਕਰੋੜ ਰੁਪਏ ਤੋਂ ਦੁੱਗਣਾ ਤੋਂ ਜ਼ਿਆਦਾ ਹੋ ਕੇ 37,487 ਕਰੋੜ ਰੁਪਏ ਹੋ ਗਈਆਂ ਹਨ। ਅਜਿਹੇ ਫੰਡਜ਼ ਆਰਥਿਕ ਚੱਕਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਫਿਰ ਉਨ੍ਹਾਂ ਖੇਤਰਾਂ ਤੋਂ ਸ਼ੇਅਰ ਚੁਣਦੇ ਹਨ, ਜੋ ਸਬੰਧਤ ਬਾਜ਼ਾਰ ਹਾਲਾਤ ’ਚ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ।
42 ਫੀਸਦੀ ਔਸਤਨ ਦਾ ਦਿੱਤਾ ਰਿਟਰਨ
ਇਹ ਫੰਡਸ ਅਰਥਵਿਵਸਥਾ ਦੇ ਮੰਦੀ ਜਾਂ ਸ਼ੁਰੂਆਤੀ ਸੁਧਾਰ ਵਰਗੇ ਵੱਖ-ਵੱਖ ਹਾਲਾਤ ਦੇ ਆਧਾਰ ’ਤੇ ਵੱਖ-ਵੱਖ ਖੇਤਰਾਂ ’ਚ ਆਪਣੇ ਨਿਵੇਸ਼ ਨੂੰ ਲਾਉਂਦੇ-ਕੱਢਦੇ ਹਨ। ਉਦਾਹਰਣ ਲਈ, ਮੰਦੀ ਦੇ ਦੌਰ ’ਚ, ਉਪਯੋਗਿਤਾ ਅਤੇ ਫਾਰਮਾਸਿਊਟੀਕਲਸ ਵਰਗੇ ਰੱਖਿਆਤਮਕ ਖੇਤਰ ਚੰਗਾ ਪ੍ਰਦਰਸ਼ਨ ਕਰਦੇ ਹਨ। ਇਸ ਦੇ ਉਲਟ, ਵਾਹਨ, ਵਿੱਤੀ ਅਤੇ ਬੁਨਿਆਦੀ ਢਾਂਚਾ ਵਰਗੇ ਖੇਤਰਾਂ ’ਚ ਸ਼ੁਰੂਆਤੀ ਸੁਧਾਰ ਪੜਾਅ ’ਚ ਲਾਭ ਦੇਖਣ ਨੂੰ ਮਿਲਦਾ ਹੈ। ਮੌਜੂਦਾ ਸਮੇਂ ’ਚ ਉਪਲੱਬਧ 16 ਅਜਿਹੇ ਫੰਡਜ਼ ’ਚੋਂ 10 ਮਿਊਚੁਅਲ ਫੰਡ ਦਾ ਰਿਕਾਰਡ ਇਕ ਸਾਲ ਤੋਂ ਜ਼ਿਆਦਾ ਦਾ ਹੈ ਅਤੇ ਇਕ ਨੂੰ ਛੱਡ ਕੇ ਸਾਰਿਆਂ ਨੇ ਪਿਛਲੇ 12 ਮਹੀਨਿਆਂ ’ਚ ਨਿਫਟੀ 500 ਟੀ. ਆਰ. ਆਈ. ਨਾਲ ਬਿਹਤਰ ਪ੍ਰਦਰਸ਼ਨ ਕੀਤਾ ਹੈ। ਇੰਡਸਟਰੀ ਦੇ ਅੰਕੜਿਆਂ ਅਨੁਸਾਰ, ਇਨ੍ਹਾਂ 10 ਫੰਡਜ਼ ਨੇ ਔਸਤਨ 42 ਫੀਸਦੀ ਦਾ ਰਿਟਰਨ ਦਿੱਤਾ ਹੈ।