ਵਿਸਤਾਰਾ ਦੀ ਅੰਤਰਰਾਸ਼ਟਰੀ ਹਵਾਈ ਉਡਾਣ ਦੀ ਯੋਜਨਾ ਨੂੰ ਲੱਗ ਸਕਦੈ ਝਟਕਾ
Monday, Oct 22, 2018 - 03:08 PM (IST)
ਨਵੀਂ ਦਿੱਲੀ — ਵਿਸਤਾਰਾ ਏਅਰਲਾਈਂਸ ਦੇ ਯਾਤਰੀਆਂ ਲਈ ਵੱਡੀ ਖਬਰ ਹੈ। ਅੰਤਰ-ਰਾਸ਼ਟਰੀ ਫਲਾਈਟ ਦੀ ਤਿਆਰੀ ਕਰ ਰਹੀ ਵਿਸਤਾਰਾ ਦੀ ਯੋਜਨਾ ਕੁਝ ਹੋਰ ਸਮੇਂ ਲਈ ਅਟਕ ਸਕਦੀ ਹੈ।
ਟਾਟਾ ਸੰਨਜ਼ ਲਿਮਟਿਡ ਅਤੇ ਸਿੰਗਾਪੁਰ ਏਅਰਲਾਈਂਸ ਦੇ ਸਾਂਝੇ ਉੱਦਮ ਵਿਸਤਾਰਾ ਨੇ ਕੁਝ ਸਮਾਂ ਪਹਿਲਾਂ ਆਪਣੀ ਅੰਤਰਰਾਸ਼ਟਰੀ ਫਲਾਈਟ ਦੀ ਯੋਜਨਾ ਦਾ ਐਲਾਨ ਕੀਤਾ ਸੀ ਪਰ ਹੁਣ ਟਾਟਾ ਸੰਨਜ਼ ਦੀ ਹੀ 49 ਫੀਸਦੀ ਹਿੱਸੇਦਾਰੀ ਵਾਲੀ ਏਅਰਲਾਈਂਸ ਏਅਰ ਏਸ਼ੀਆ ਇੰਡੀਆ ਦੇ ਖਿਲਾਫ ਸੀ.ਬੀ.ਆਈ. ਜਾਂਚ ਜਾਰੀ ਹੋਣ ਕਾਰਨ ਇਹ ਯੋਜਨਾ ਅਟਕ ਸਕਦੀ ਹੈ। ਇਸ ਮਾਮਲੇ ਨਾਲ ਜੁੜੇ ਦੋ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਓਪਰੇਟਿੰਗ ਮਾਮਲੇ ਦੀ ਚਲ ਰਹੀ ਹੈ ਜਾਂਚ
ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਏਅਰ ਏਸ਼ੀਆ ਇੰਡੀਆ ਦੇ ਓਪਰੇਟਿੰਗ ਮਾਮਲੇ 'ਚ ਚਲ ਰਹੀ ਸੀ.ਬੀ.ਆਈ. ਦੀ ਜਾਂਚ ਨੂੰ ਦੇਖਦੇ ਹੋਏ ਵਿਸਤਾਰਾ ਦੀ ਅੰਤਰਰਾਸ਼ਟਰੀ ਯੋਜਨਾ ਨੂੰ ਆਗਿਆ ਦੇਣ ਦੇ ਫੈਸਲੇ ਨੂੰ ਫਿਲਹਾਲ ਟਾਲ ਸਕਦੀ ਹੈ।
ਏਅਰ ਏਸ਼ੀਆ 'ਤੇ ਦੋਸ਼ ਹੈ ਕਿ ਉਹ ਵਿਦੇਸ਼ੀ ਉਡਾਣ ਦੀ ਆਗਿਆ ਲਈ ਆਪਣੇ ਪੱਖ ਵਿਚ ਕੁਝ ਚੀਜਾਂ ਨੂੰ ਕਰਨ ਦੀ ਕੋਸ਼ਿਸ਼ ਕਰਨ 'ਚ ਲੱਗੀ ਹੋਈ ਹੈ ਅਤੇ ਨਿਯਮਾਂ ਦਾ ਉਲੰਘਣ ਕਰ ਰਹੀ ਹੈ ਜਿਹੜੇ ਕਿ ਵਿਦੇਸ਼ੀ ਏਅਰਲਾਈਂਸ ਨੂੰ ਕਿਸੇ ਭਾਰਤੀ ਏਅਰਲਾਈਂਸ ਕੰਪਨੀ 'ਤੇ ਕੰਟਰੋਲ ਕਰਨ ਤੋਂ ਰੋਕਦੀ ਹੈ।
ਜੂਨ ਵਿਚ ਵਿਸਤਾਰਾ ਨੇ ਦਿੱਤੀ ਸੀ ਅਰਜ਼ੀ
ਵਿਸਤਾਰਾ ਨੇ ਬੀਤੀ ਜੂਨ 'ਚ ਆਪਣੇ 20ਵੇਂ ਜਹਾਜ਼ ਦੀ ਡਿਲਵਰੀ ਤੋਂ ਬਾਅਦ ਹੀ ਅੰਤਰਰਾਸ਼ਟਰੀ ਉਡਾਣ ਲਈ ਅਰਜ਼ੀ ਦੇ ਦਿੱਤੀ ਸੀ ਜਿਸ ਤੋਂ ਬਾਅਦ ਉਸਨੂੰ ਉਮੀਦ ਸੀ ਕਿ ਅਕਤੂਬਰ ਵਿਚ ਫਲਾਈਟ ਸ਼ੁਰੂ ਹੋ ਜਾਵੇਗੀ। ਹਾਲਾਂਕਿ ਇਹ ਸਮਾਂ ਸੀਮਾ ਹੁਣ ਦਸੰਬਰ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਅਤੇ ਏਅਰ ਏਸ਼ੀਆ ਦੇ ਖਿਲਾਫ ਜਾਂਚ ਨੂੰ ਲੈ ਕੇ ਵਿਸਤਾਰਾ ਨੂੰ ਅਜੇ ਹਰੀ ਝੰਡੀ ਨਹੀਂ ਮਿਲ ਸਕੇਗੀ।
