ਪਾਕਿਸਤਾਨ ਦੀ ਰੋਕ ਕਾਰਨ ਰੋਜ਼ਾਨਾ 350 ਉਡਾਣਾਂ ਦੀ ਵਧੀ ਲਾਗਤ, ਸਫਰ ਹੋਇਆ ਲੰਮਾ
Saturday, Apr 27, 2019 - 12:12 PM (IST)

ਨਵੀਂ ਦਿੱਲੀ — ਬਾਲਾਕੋਟ ਏਅਰਸਟ੍ਰਾਇਕ ਦੇ ਦੋ ਮਹੀਨੇ ਪੂਰੇ ਹੋ ਗਏ ਹਨ। ਇਸ ਹਮਲੇ ਦੇ ਬਾਅਦ ਪਾਕਿਸਤਾਨ ਨੇ ਆਪਣੇ ਹਵਾਈ ਖੇਤਰ 'ਚ ਫਲਾਈਟਸ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਸੀ। ਇਹ ਪਾਬੰਦੀ ਅਜੇ ਤੱਕ ਜਾਰੀ ਹੈ। ਇਸ ਕਾਰਨ ਅੰਤਰਰਾਸ਼ਟਰੀ ਏਅਰਲਾਈਂਸ ਪਾਕਿਸਤਾਨ ਦੀ ਹਵਾਈ ਸੀਮਾ ਦਾ ਇਸਤੇਮਾਲ ਨਹੀਂ ਕਰ ਪਾ ਰਹੀਆਂ। ਜਿਸ ਕਾਰਨ ਰੋਜ਼ਾਨਾ 350 ਤੋਂ ਜ਼ਿਆਦਾ ਫਲਾਈਟਸ ਪ੍ਰਭਾਵਿਤ ਹੋ ਰਹੀਆਂ ਹਨ। ਹਵਾਈ ਕੰਪਨੀਆਂ ਨੂੰ ਉੱਤਰ ਤੋਂ ਦੱਖਣ ਜਾਣ ਲਈ ਲੰਮੇ ਰਸਤੇ ਨੂੰ ਚੁਣਨਾ ਪੈ ਰਿਹਾ ਹੈ। ਹੁਣ ਜ਼ਿਆਦਾਤਰ ਉਡਾਣਾਂ ਓਮਾਨ ਦੇ ਹਵਾਈ ਖੇਤਰ ਤੋਂ ਹੋ ਕੇ ਜਾ ਰਹੀਆਂ ਹਨ। ਇਸ ਨਾਲ ਮਸਕਟ ਦੇ ਏਅਰ ਟ੍ਰੈਫਿਕ 'ਚ ਵਾਧਾ ਦੇਖਿਆ ਜਾ ਰਿਹਾ ਹੈ। ਇਸ ਕਾਰਨ ਤੇਲ ਦੀ ਵੀ ਬਰਬਾਦੀ ਹੋ ਰਹੀ ਹੈ ਅਤੇ ਫਲਾਈਟ ਦਾ ਸਮਾਂ ਵੀ ਇਕ ਘੰਟੇ ਤੋਂ ਤਿੰਨ ਘੰਟੇ ਵਧ ਗਿਆ ਹੈ। ਇਸ ਅਧਿਐਨ 'ਚ ਏਅਰ ਸਟ੍ਰਾਇਕ ਤੋਂ ਪਹਿਲੇ ਅਤੇ ਬਾਅਦ ਦਾ ਏਅਰ ਟ੍ਰੈਫਿਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਪਾਕਿਸਤਾਨ ਇਹ ਰੋਕ ਕਦੋਂ ਹਟਾਵੇਗਾ। ਸੀਨੀਅਰ ਸਿਵਲ ਐਵੀਏਸ਼ਨ ਅਧਿਕਾਰੀ ਨੇ ਕਿਹਾ ਕਿ ਇਹ ਰੂਟ ਭਾਰਤ ਦੀਆਂ ਚੋਣਾਂ ਹੋਣ ਤੱਕ ਬੰਦ ਰਹਿ ਸਕਦਾ ਹੈ।
ਇਨ੍ਹਾਂ ਫਲਾਈਟਾਂ 'ਤੇ ਪਿਆ ਜ਼ਿਆਦਾ ਅਸਰ
ਲੰਡਨ ਦੀ ਸਿੰਗਾਪੁਰ ਦੀ ਉਡਾਣ ਨੂੰ ਓਮਾਨ ਦੇ ਰਸਤੇ ਤੋਂ ਜਾਣ ਲਈ 451 ਕਿ.ਮੀ. ਅਤੇ ਪੈਰਿਸ ਤੋਂ ਬੈਂਕਾਕ ਵਾਲੀ ਫਲਾਈਟਸ ਨੂੰ ਇਸ ਰਸਤੇ ਤੋਂ ਜਾਣ ਲਈ 656 ਕਿ.ਮੀ. ਤੱਕ ਦੀ ਜ਼ਿਆਦਾ ਦੂਰੀ ਤੈਣ ਕਰਨੀ ਪੈ ਰਹੀ ਹੈ। ਕੇ.ਐਲ.ਐਮ. , ਲੁਫਥਾਂਸਾ ਅਤੇ ਥਾਈ ਏਅਰਵੇਜ਼ ਦੀਆਂ ਉਡਾਣਾਂ 27 ਫਰਵਰੀ ਤੋਂ ਪਹਿਲੇ ਦੀਆਂ ਉਡਾਣਾਂ ਦੀ ਤੁਲਨਾ ਵਿਚ ਹੁਣ ਘੱਟੋ-ਘੱਟ 2 ਘੰਟੇ ਦੀ ਦੇਰੀ ਨਾਲ ਚਲ ਰਹੀਆਂ ਹਨ। ਲੰਡਨ ਤੋਂ ਸਿੰਗਾਪੁਰ ਦੀ ਉਡਾਣ ਦਾ ਸਮਾਂ ਇਕ ਘੰਟੇ ਵਧਿਆ ਹੈ।
311 ਫਲਾਈਟਸ ਪਾਕਿਸਤਾਨੀ ਹਵਾਈ ਖੇਤਰ ਤੋਂ ਬਚ ਰਹੀਆਂ
ਯੂਰਪ ਅਤੇ ਦੱਖਣੀ-ਪੂਰਬੀ ਏਸ਼ੀਆ ਵਿਚਕਾਰ ਦੇ ਰੂਟ ਵਾਲੀਆਂ ਫਲਾਈਟ ਹੁਣ ਤੱਕ ਦਿੱਕਤ ਦਾ ਸਾਹਮਣਾ ਕਰ ਰਹੀਆਂ ਹਨ। ਰਾਇਟਰ ਅਤੇ ਫਲਾਈਟਰਡਾਰ 24 ਨੇ 311 ਫਲਾਈਟਸ ਦਾ ਵਿਸ਼ਲੇਸ਼ਣ ਕਰਕੇ ਦੇਖਿਆ ਕਿ ਇਹ ਸਭ ਪਾਕਿਸਤਾਨ ਦੇ ਹਵਾਈ ਖੇਤਰ 'ਚ ਜਾਣ ਤੋਂ ਬਚ ਰਹੀਆਂ ਹਨ। ਹਾਲਾਂਕਿ ਇਸ ਰੋਕ ਕਾਰਨ ਏਅਰਲਾਈਂਸ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਨਹੀਂ ਦੇਖਿਆ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਤੇਲ ਦੀ ਲਾਗਤ ਵਧਣ ਅਤੇ ਰੀਰੂਟਿੰਗ ਕਾਰਨ ਕੰਪਨੀਆਂ ਦੀ ਆਮਦਨ ਘਟੀ ਹੈ।
ਪਾਕਿਸਤਾਨ ਵਲੋਂ ਆਪਣੇ ਹਵਾਈ ਖੇਤਰ 'ਤੇ ਰੋਕ ਲਗਾਉਣ ਦਾ ਅਸਰ ਭਾਰਤੀ ਏਅਰਲਾਈਂਸ 'ਤੇ ਵੀ ਪਿਆ ਹੈ। ਪਹਿਲਾਂ ਦਿੱਲੀ ਤੋਂ ਯੂਰਪ ਜਾਣ ਵਾਲੀਆਂ ਉਡਾਣਾਂ ਪਾਕਿਸਤਾਨ ਦੇ ਹਵਾਈ ਖੇਤਰ ਵਿਚੋਂ ਹੋ ਕੇ ਗੁਜ਼ਰਦੀਆਂ ਸਨ। ਏਅਰ ਇੰਡੀਆ ਨੇ ਦੱਸਿਆ ਕਿ ਇਸ ਰੋਕ ਕਾਰਨ ਰੋਜ਼ਾਨਾ 21 ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਇਨ੍ਹਾਂ ਵਿਚ ਮਿਡਲ ਈਸਟ, ਯੂਰਪ ਅਤੇ ਅਮਰੀਕੀ ਉਡਾਣਾਂ ਵੀ ਸ਼ਾਮਲ ਹਨ। ਰਸਤਾ ਬਦਲਣ ਕਾਰਨ ਯੂਰਪ ਤੋਂ ਅਮਰੀਕਾ ਜਾਣ ਦਾ ਸਮਾਂ 1 ਤੋਂ 3 ਘੰਟੇ ਤੱਕ ਵਧਿਆ ਹੈ। ਇਸ ਵਿਚ ਤੇਲ ਭਰਵਾਉਣ ਅਤੇ ਕਰੂ ਬਦਲਣ 'ਚ ਲੱਗਣ ਵਾਲਾ ਸਮਾਂ ਵੀ ਸ਼ਾਮਲ ਹੈ। ਭਾਰ ਘੱਟ ਕਰਨ ਲਈ ਯਾਤਰੀਆਂ ਨੂੰ ਵਾਧੂ ਸਮਾਨ ਲੈ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ।