ਸਰਕਾਰ ਨੇ ਭਾਰਤ-22 ETF ਤੋਂ 14,500 ਕਰੋੜ ਰੁਪਏ ਜੁਟਾਏ

11/21/2017 10:32:36 AM

ਨਵੀਂ ਦਿੱਲੀ—ਸਰਕਾਰ ਨੇ ਭਾਰਤ-22 ਐਕਸਚੇਂਜ ਟ੍ਰੇਡੇਡ ਫੰਡ (ਈ.ਟੀ.ਐੱਫ.) ਦੇ ਤਹਿਤ ਪਹਿਲੇ ਦੌਰ 'ਚ 14,500 ਕਰੋੜ ਰੁਪਏ ਜੁਟਾਏ ਹਨ। ਇਸ ਫੰਡ 'ਚ 22 ਕੰਪਨੀਆਂ ਦੇ ਸ਼ੇਅਰ ਸ਼ਾਮਲ ਹਨ। ਨਿਵੇਸ਼ ਅਤੇ ਲੋਕ ਸੰਪਤੀ ਪ੍ਰਬੰਧਨ (ਦੀਪਮ) ਵਿਭਾਗ ਦੇ ਸਕੱਤਰ ਨੀਰਜ ਗੁਪਤਾ ਨੇ ਕਿਹਾ ਕਿ ਅਸੀਂ ਭਾਰਤ-22 ਈ.ਟੀ.ਐੱਫ. 'ਚ ਆਏ ਕੁਲ ਅਭਿਦਾਨ 'ਚੋਂ 14,500 ਕਰੋੜ ਰੁਪਏ ਨੂੰ ਰੱਖਣ ਦਾ ਫੈਸਲਾ ਕੀਤਾ ਹੈ। ਇਸ ਈ.ਟੀ.ਐੱਫ. ਲਈ ਕਰੀਬ 32,000 ਕਰੋੜ ਰੁਪਏ ਦੀਆਂ ਬੋਲੀਆਂ ਆਈਆਂ। ਇਸ 'ਚੋਂ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਕਰੀਬ ਇਕ-ਤਿਹਾਈ ਬੋਲੀਆਂ ਲਗਾਈਆਂ। ਖੁਦਰਾ ਨਿਵੇਸ਼ਕਾਂ ਲਈ ਰਿਜ਼ਰਵਡ ਭਾਗ ਨੂੰ 1.45 ਗੁਣਾ, ਰਿਟਾਇਰ ਫੰਡ ਨੂੰ 1.50 ਗੁਣਾ ਅਤੇ ਐੱਨ.ਆਈ.ਆਈ. ਅਤੇ ਕਿਊ.ਆਈ.ਬੀ. ਨੂੰ ਸੱਤ ਗੁਣਾ ਯੋਗਦਾਨ ਮਿਲਿਆ। 
ਇਸ ਤਰ੍ਹਾਂ ਸਰਕਾਰ ਚਾਲੂ ਵਿੱਤੀ ਸਾਲ 'ਚ ਅਜੇ ਤੱਕ ਵਿਨਿਵੇਸ਼ ਤੋਂ 52,500 ਕਰੋੜ ਰੁਪਏ ਜੁਟਾ ਚੁੱਕੀ ਹੈ ਜਦਕਿ ਟੀਚਾ 72,500 ਕਰੋੜ ਰੁਪਏ ਦਾ ਹੈ। ਇਸ 'ਚ ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ ਦੇ ਆਈ.ਪੀ.ਓ. 'ਚ ਮਿਲਿਆ ਧਨ ਵੀ ਸ਼ਾਮਲ ਹੈ। ਭਾਰਤ 22 ਈ.ਟੀ.ਐੱਫ. 'ਚ ਪਿਛਲੇ ਹਫਤੇ ਅੰਕਰ ਨਿਵੇਸ਼ਕਾਂ ਲਈ ਰਿਜ਼ਰਵਡ ਹਿੱਸੇ 'ਤੇ ਛੇ ਗੁਣਾ ਯੋਗਦਾਨ ਮਿਲਿਆ ਸੀ।


Related News